ਭਾਰਤੀ ਜਨਤਾ ਪਾਰਟੀ ਦੀ ਦੋ ਵਾਰ ਲਗਾਤਾਰ ਭਾਰਤ ਦੀਆਂ ਰਾਸ਼ਟਰੀ ਚੋਣਾਂ ਵਿੱਚ ਜਿੱਤ ਅਤੇ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਨੇ ਕਾਂਗਰਸ ਪਾਰਟੀ ਵਿੱਚ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਉਸਨੂੰ ਆਪਣੀ ਹੋਂਦ ਡਗਮਗਾਉਂਦੀ ਦਿਖਾਈ ਦੇ ਰਹੀ ਹੈ। ਕਾਂਗਰਸ ਪਾਰਟੀ ਨੂੰ ਭਾਰਤ ਦੇ ਅਠਾਰਾਂ ਪ੍ਰਾਂਤਾਂ ਵਿਚੋਂ ਇੱਕ ਵੀ ਸੀਟ ਹਾਸਿਲ ਨਹੀਂ ਹੋਈ ਹੈ। ਉਸਦੇ ਭਾਰਤ ਦੀ ਪਾਰਲੀਮੈਂਟ ਅੰਦਰ 52 ਲੋਕ ਸਭਾ ਮੈਂਬਰ ਰਹਿ ਗਏ ਹਨ। ਇਸ ਸਥਿਤੀ ਵਿੱਚ ਕਾਂਗਰਸ ਪਾਰਟੀ ਜੋ ਭਾਰਤ ਦੇ ਪੰਜ ਸੂਬਿਆਂ ਵਿੱਚ ਰਾਜਸੱਤਾ ਤੇ ਕਾਬਜ਼ ਹੈ, ਉਸਦੀਆਂ ਉੱਚ ਸਰਕਾਰਾਂ ਜਿਵੇਂ ਕਿ ਕਰਨਾਟਕਾ ਤੇ ਮੱਧਿਆ ਪ੍ਰਦੇਸ਼ ਹਿੱਲ ਰਹੀਆਂ ਹਨ। ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਇਸ ਸੱਚ ਨੂੰ ਸਵੀਕਾਰ ਨਹੀਂ ਕਰ ਸਕੀ ਕਿ ਉਹ ਗਾਂਧੀ ਪਰਿਵਾਰ ਤੋਂ ਬਗੈਰ ਆਪਣੀ ਹੋਂਦ ਨੂੰ ਕਿਵੇਂ ਬਚਾਏਗੀ। ਇੱਕ ਚੰਗੀ ਜ਼ਮਹੂਰੀਅਤ ਲਈ ਤਾਕਤਵਰ ਵਿਰੋਧੀ ਧਿਰ ਦਾ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ। ਕਾਂਗਰਸ ਪਾਰਟੀ ਜੋ ਭਾਰਤ ਦੇ ਅਜ਼ਾਦੀ ਸੰਘਰਸ਼ ਦੌਰਾਨ ਸਥਾਪਤ ਹੋਈ ਸੀ ਤੇ ਉਸਨੇ ਅਜ਼ਾਦੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਸਮੇਂ ਕਾਂਗਰਸ ਪਾਰਟੀ ਵਿੱਚ ਅਨੇਕਾਂ ਕੱਦਾਵਰ ਲੀਡਰ ਸਨ ਤੇ ਉਸ ਕੋਲ ਪ੍ਰਧਾਨ ਤੋਂ ਇਲਾਵਾ ਵੀ ਕਈ ਪ੍ਰਭਾਵਸ਼ਾਲੀ ਲੀਡਰ ਮੌਜੂਦ ਸਨ। ਜਵਾਹਰ ਲਾਲ ਨਹਿਰੂ ਦੇ ਰਾਜਭਾਗ ਦੌਰਾਨ ਤੇ ਉਸ ਤੋਂ ਪਹਿਲਾਂ ਵੀ ਉਸਦੀ ਬੇਟੀ ਇੰਦਰਾ ਗਾਂਧੀ ਰਾਜਨੀਤੀ ਵਿੱਚ ਸਾਮੂਲੀਅਤ ਕਰ ਚੁੱਕੀ ਸੀ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਦੀ ਬਾਗਡੋਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਇੰਦਰਾ ਗਾਂਧੀ ਕੋਲ ਆਇਆ। ਉਸਨੇ ਆਪਣੀ ਸਿਆਣਪ ਨਾਲ ਇੰਨਾ ਦੋਵਾਂ ਰੁਤਬਿਆਂ ਨੂੰ ਬਾਖੂਬੀ ਨਿਭਾ ਕੇ ਹੋਰ ਮਜ਼ਬੂਤ ਕੀਤਾ ਤੇ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੀ ਸਰਪ੍ਰਸਤੀ ਹੇਠ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਗਾਂਧੀ ਪਰਿਵਾਰ ਕੋਲ ਦੁਬਾਰਾ ਰਾਹੁਲ ਗਾਂਧੀ ਦੀ ਸਖਸ਼ੀਅਤ ਵਿੱਚ ਲੀਡਰਸ਼ਿਪ ਸਾਹਮਣੇ ਆਈ ਪਰ ਸਮੇਂ ਨਾਲ ਪ੍ਰਸਥਿਤੀਆਂ ਨੂੰ ਦੇਖਦਿਆਂ ਹੋਇਆਂ ਦੋ ਵਾਰ ਗੈਰਗਾਂਧੀ, ਕਾਂਗਰਸ ਦੀ ਬਾਗਡੋਰ ਸੰਭਾਲਦੇ ਰਹੇ ਪਰ ਉਨਾਂ ਦੀ ਲੀਡਰਸ਼ਿਪ ਦੌਰਾਨ ਕਾਂਗਰਸ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗੀ ਤੇ ਪਾਰਟੀ ਨੇ ਆਪਣੀ ਬਾਗਡੋਰ ਫਿਰ ਤੋਂ ਸੋਨੀਆਂ ਗਾਂਧੀ ਨੂੰ ਸੰਭਾਲ ਦਿੱਤੀ। ਸੋਨੀਆਂ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਹੀ ਦੋ ਵਾਰ ਕਾਂਗਰਸ ਪਾਰਟੀ ਨੂੰ ਸੱਤਾ ਹਾਸਿਲ ਕਰਵਾਈ ਅਤੇ ਭਾਰਤ ਨੂੰ ਇੱਕ ਮਜ਼ਬੂਤ ਸਰਕਾਰ ਦਿੱਤੀ। ਉਸਨੇ ਆਪਣੇ ਕਾਰਜਕਾਲ ਦੌਰਾਨ ਹੀ ਕਾਂਗਰਸ ਪਾਰਟੀ ਦੀ ਕਮਾਂਡ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ ਪਰ ਉਸਦੇ ਕਾਰਜਕਾਲ ਦੌਰਾਨ ਦੋ ਵਾਰ ਲਗਾਤਾਰ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਹੋਂਦ ਤੇ ਸਵਾਲੀਆ ਚਿੰਨ ਲਵਾ ਲਿਆ। ਹੁਣ ਜਦੋਂ ਸਮੇਂ ਨਾਲ ਕਾਂਗਰਸ ਪਾਰਟੀ ਦੀ ਕੋਈ ਵੀ ਸਮੂਹਿਕ ਲੀਡਰਸ਼ਿਪ ਨਹੀਂ ਉਭਰ ਸਕੀ ਅਤੇ ਨਾ ਹੀ ਪਾਰਟੀ ਅੰਦਰ ਅੰਦਰੂਨੀ ਜ਼ਮਹੂਰੀਅਤ ਹੈ ਜਿਸ ਕਰਕੇ ਗਾਂਧੀ ਪਰਿਵਾਰ ਤੋਂ ਇਲਾਵਾ ਕਾਂਗਰਸ ਪਾਰਟੀ ਵਿੱਚ ਕੋਈ ਰਾਸ਼ਟਰੀ ਪੱਧਰ ਦਾ ਕਾਬਲ ਲੀਡਰ ਨਹੀਂ ਹੈ ਜੋ ਗਾਂਧੀ ਪਰਿਵਾਰ ਦੀ ਥਾਂ ਤੇ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕੇ ਤੇ ਪਾਰਟੀ ਨੂੰ ਮੁੜ ਲੀਹਾਂ ਤੇ ਲਿਆ ਸਕੇ। ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਸਨੇ ਸਿੱਖ ਕੌਮ ਨੂੰ ਦਰਬਾਰ ਸਾਹਿਬ ਦਾ ਸਾਕਾ ਦਿੱਤਾ ਤੇ ਉਸਤੋਂ ਬਾਅਦ ਇਹ ਰਾਜਨੀਤਿਕ ਕਿਆਸਕਾਰੀ ਸੀ ਕਿ ਇਸ ਵੱਡੀ ਭੁੱਲ ਨਾਲ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਆਪਣੀ ਹੋਂਦ ਗੁਆ ਦੇਵੇਗੀ। ਅੱਜ ਕਾਂਗਰਸ ਪਾਰਟੀ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਭਾਵੇਂ ਆਸ ਗਾਂਧੀ ਪਰਿਵਾਰ ਤੇ ਹੀ ਹੈ ਪਰ ਕੋਈ ਸਮੂਹਿਕ ਲੀਡਰਸ਼ਿਪ ਤੋਂ ਬਿਨਾਂ ਇਹ ਸੰਭਵ ਨਹੀਂ ਜਾਪਦਾ।