ਸੰਤ ਰਾਮ ਉਦਾਸੀ ੨੦ ਅਪ੍ਰੈਲ ੧੯੩੯ ਨੂੰ ਪਿੰਡ ਰਾਇਸਰ ਜਿਲ੍ਹਾ ਬਰਨਾਲਾ ਵਿੱਚ ਜਨਮ ਲੈ ਕੇ, ਇੱਕ ਦਲਿਤ ਪਰਿਵਾਰ ਦਾ ਵਸਨੀਕ ਹੋ ਕੇ, ਕ੍ਰਿਤੀ ਤੇ ਇਨਕਲਾਬੀ ਉਸਾਰੂ ਸੋਚ ਦੀ ਅਵਾਜ਼ ਬਣਿਆ। ਸੱਤਵੇਂ ਦਹਾਕੇ ਵਿੱਚ ਪੰਜਾਬ ਅੰਦਰ ਚੱਲੀ ਨਕਸਲਵਾੜੀ ਲਹਿਰ ਦੌਰਾਨ ਉਹ ਇਸਦਾ ਹਿੱਸਾ ਬਣਿਆ। ਉਸ ਸਮੇਂ ਦੇ ਹਥਿਆਰਬੰਦ ਸੰਘਰਸ਼ ਦਾ ਮੱਦਦਗਾਰ ਹੋ ਨਿਬੜਿਆ। ਜਿਸਦੀ ਅਵਾਜ਼ ਬਾਅਦ ਵਿੱਚ ਚੱਲੇ ਸਿੱਖ ਸੰਘਰਸ਼ ਦੌਰਾਨ ਵੀ ਜਬਰ ਤੇ ਜੁਲਮ ਦੇ ਖਿਲਾਫ ਗੂੰਜ਼ਦੀ ਰਹੀ। ਜਿਹੜੇ ਨੌਜਵਾਨ ਸੱਤਵੇਂ ਦਹਾਕੇ ਦੇ ਸੰਘਰਸ਼ ਵੇਲੇ ਉਠੇ ਤੇ ਜਿੰਨਾ ਨੇ ਆਪਣੇ ਮਨਾਂ ਵਿੱਚ ਇਨਕਲਾਬੀ ਤਬਦੀਲੀ ਦੀ ਕਾਮਨਾ ਕੀਤੀ ਸੀ, ਸੰਤ ਰਾਮ ਉਦਾਸੀ ਉਨਾਂ ਦੀ ਸੋਚ ਦਾ ਕਵੀ ਤੇ ਉਨਾਂ ਦੇ ਸੰਘਰਸ਼ ਲਈ ਚੇਤਨਾ ਬਣਿਆ। ਇਸਨੇ ਆਪਣਾ ਸੰਘਰਸ਼ਮਈ ਜੀਵਨ ਜ਼ਮੀਨੀ ਹੱਕਾਂ ਦੀ ਰਾਖੀ ਲਈ ਕਿਲਾ ਹਕੀਮਾਂ, ਜਿਲ੍ਹਾ ਸੰਗਰੂਰ ਤੋਂ ਅਰੰਭਿਆ ਤੇ ਆਪਣੇ ਯੋਗਦਾਨ ਰਾਹੀਂ ਕਿਰਤੀਆਂ ਦੀ ਅਵਾਜ਼ ਦੇ ਨਾਲ ਨਾਲ ਇਨਕਲਾਬੀ ਤਬਦੀਲੀ ਦਾ ਵੀ ਮੋਹਰਾ ਬਣਿਆ। ਜਿਸ ਕਰਕੇ ਇਹ ਦਿੱਲੀ ਦੀ ਸੋਚ ਵਿੱਚ ਆਪਣੀਆਂ ਲਿਖਤਾਂ ਤੇ ਬੇਵਾਕ ਗਾਇਕੀ ਕਰਕੇ ਰੜਕਦਾ ਰਿਹਾ। ਸੱਤਵੇਂ ਦਹਾਕੇ ਦੇ ਸੰਘਰਸ਼ ਦੌਰਾਨ ਲੱਡਾ ਕੋਠੀ ਤੇ ਹੋਰ ਵੱਖ ਵੱਖ ਤਸੀਹਾ ਕੇਂਦਰਾਂ ਦਾ ਕਹਿਰ ਆਪਣੇ ਸਰੀਰ ਤੇ ਹੰਡਾਉਂਦਾ ਰਿਹਾ। ਆਪਣੀ ਸੋਚ ਅਤੇ ਕਵਿਤਾ ਰਾਹੀਂ ਜਬਰ ਤੇ ਜ਼ੁਲਮ ਦੀ ਤਸਵੀਰ ਬਾਰੇ ਬੁਲੰਦ ਤੇ ਨਿਧੜਕ ਹੋ ਕੇ ਆਪਣੀ ਕਵਿਤਾ ਤੇ ਗਾਇਕੀ ਰਾਹੀਂ ਸਮਾਜ ਨੂੰ ਸਮਰਪਿਤ ਰਿਹਾ। ਇਸੇ ਸਦਕਾ ਇਸਨੇ ਪੰਜਾਬ ਅੰਦਰ ਚਾਰ ਵਾਰੀ ਵਾਰੀ ਵੱਖ-ਵੱਖ ਜੇਲਾਂ ਦਾ ਵੀ ਕਹਿਰ ਹੰਢਾਇਆ। ਖੱਬੇ ਪੱਖੀ ਨੌਜਵਾਨ ਲਹਿਰ ਦੀ ਜਦੋਂ ਉਸਾਰੀ ਹੋਈ ਉਸ ਦੇ ਨਾਲ ਹੀ ਸੰਤ ਰਾਮ ਉਦਾਸੀ ਆਪਣੀ ਕਵਿਤਾ ਨਾਲ ਉਭਰਿਆ ਅਤੇ ਉਸ ਸਮੇਂ ਦੇ ਨਾਮੀਂ ਕਵੀਆਂ ਵਿੱਚ ਆਪਣੀ ਸ਼ਾਮੂਲੀਅਤ ਦਰਜ ਕਰਾਈ। ਇਸਦੀ ਕਵਿਤਾ ਵਿੱਚ ਸਾਹਿਤ, ਸਮਾਜ, ਸਿਆਸਤ ਤੇ ਇਤਿਹਾਸਕ ਪੱਖਾਂ ਨਾਲ ਜੁੜੇ ਸਵਾਲਾਂ ਦਾ ਜਵਾਬ ਸੀ ਜਿਸਨੂੰ ਇਸਨੇ ਆਪਣੇ ਬੁਲੰਦ ਅਵਾਜ਼ ਰਾਹੀਂ ਲੋਕ ਅਰਪਣ ਕੀਤਾ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਨੇ ਬ੍ਰਿਹਾ ਦੀ ਤਸਵੀਰ ਦੁਨੀਆਂ ਸਾਹਮਣੇ ਰੱਖੀ, ਉਸ ਤਰਾਂ ਸੰਤ ਰਾਮ ਉਦਾਸੀ ਨੇ ਆਪਣੀ ਕਵਿਤਾ ਰਾਹੀਂ ਕ੍ਰਿਤੀ ਸਮਾਜ ਦੀ ਤਸਵੀਰ ਉਜਾਗਰ ਕੀਤੀ। ਇਸਦੀ ਕਵਿਤਾ ਵਿੱਚ ਕਿਸਾਨੀ ਹਾਲੀਆ ਦਾ ਪ੍ਰਛਾਵਾਂ ਸੀ ਅਤੇ ਨਾਲ ਨਾਲ ਦਲਿਤ ਤੇ ਔਰਤਾਂ ਦੇ ਮਸਲਿਆਂ ਬਾਰੇ ਸੰਬੋਧਨ ਸੀ। ਇਸਨੇ ਆਪਣੀ ਕਵਿਤਾਂ ਸਮੇਂ ਦੇ ਜਬਰ-ਜ਼ੁਲਮ ਖਿਲਾਫ ਤਿੱਖੀ ਤਲਵਾਰ ਵਾਂਗ ਚਲਾਈ। ਉਹ ਆਪਣੇ ਜੀਵਨ ਸਫਰ ਦੌਰਾਨ ਇਨਕਲਾਬੀ ਸੋਚ ਨਾਲ ਖੜਾ ਰਿਹਾ। ਇਸੇ ਕਰਕੇ ਸੰਤ ਰਾਮ ਉਦਾਸੀ ਪੰਜਾਬੀ ਸਾਹਿਤ ਦਾ ਇੱਕ ਕੇਂਦਰ ਬਿੰਦੂ ਬਣਿਆ। ਜਿਸ ਵਿੱਚ ਸਪਸ਼ਟਤਾ, ਨਿਡਰਤਾ ਅਤੇ ਬੁਲੰਦੀ ਸੀ। ਉਸਨੇ ਹਮੇਸ਼ਾਂ ਹੀ ਆਪਣੀ ਕਵਿਤਾ ਰਾਹੀਂ ਵਕਤ ਦੀਆਂ ਸਰਕਾਰਾਂ ਨੂੰ ਵੰਗਾਰਿਆ। ਜਾਤੀਵਾਦ, ਧਾਰਮਿਕ ਕੱਟੜਤਾ ਅਤੇ ਸਮਾਜਿਕ ਵੰਡੀਆਂ ਦਾ ਵਿਰੋਧ ਕਰਦਿਆ ਹਮੇਸ਼ਾਂ ਦੁਨੀਆਂ ਦੇ ਕਾਮਿਆਂ ਨੂੰ ਸੰਬੋਧਿਤ ਕੀਤਾ । ਇਸਨੇ ਹਮੇਸ਼ਾ ਮਾਨਵਤਾ ਦੀ ਮੁਕਤੀ ਤੇ ਬੇਗਮਪੁਰਾ ਜਿਹਾ ਸ਼ਹਿਰ ਉਸਾਰਨ ਦੀ ਕਾਮਨਾ ਰੱਖੀ। ਸੰਤ ਰਾਮ ਉਦਾਸੀ ਨੇ ਆਪਣੇ ਜੀਵਨ ਕਾਲ ਦੌਰਾਨ ਭਾਵੇਂ ਅੰਤਾਂ ਦੀ ਗਰੀਬੀ ਨੂੰ ਹੰਢਾਇਆ ਤੇ ਕੱਚੇ ਕੋਠਿਆਂ ਨੂੰ ਲਿੱਪਿਆ। ਪਰ ਹਮੇਸ਼ਾ ਹੀ ਆਪਣੀਆਂ ਲਿਖਤਾਂ ਨੂੰ ਕਾਮਿਆਂ ਤੇ ਮਜਦੂਰਾਂ ਨੂੰ ਸਮਰਪਿਤ ਰੱਖਿਆ। ਜੂਨ ਚੁਰਾਸੀ ਦੇ ਸਾਕੇ ਤੇ ਉਸਤੋਂ ਬਾਅਦ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖੀ ਦਾ ਜੋ ਕਤਲ ਹੋਇਆ ਉਸ ਪ੍ਰਤੀ ਵੀ ਸੰਤ ਰਾਮ ਉਦਾਸੀ ਨੇ ਵਿਰੋਧ ਵਜੋਂ ਆਪਣੀ ਸਪਸ਼ਟਤਾ ਬਣਾਈ ਰੱਖੀ। ਇਥੋਂ ਤੱਕ ਕੇ ਉਸ ਸਮੇਂ ਹੁੰਦੇ ਝੂਠੇ ਪੁਲਿਸ ਮੁਕਾਬਲਿਆਂ ਪ੍ਰਤੀ ਆਪਣੀਆਂ ਕਵਿਤਾਵਾਂ ਰਾਹੀਂ ਵਿਰੋਧ ਜਿਤਾਉਂਦਾ ਰਿਹਾ। ਜਿਸ ਕਰਕੇ ਬਲਦੇ ਸੂਰਜ ਵਾਂਗ ਇਹ ਸਿੱਖ ਸੰਘਰਸ਼ ਪ੍ਰਤੀ ਵੀ ਸਮਰਪਿਤ ਰਿਹਾ। ਆਪਣੇ ਜੀਵਨ ਦੇ ਆਖਰੀ ਦਿਨਾਂ ੧੯੮੬ ਵਿੱਚ ਗੁਰਗੱਦੀ ਸਮਾਗਮ ਦੌਰਾਨ ਕਵੀ ਦਰਬਾਰ ਵਿੱਚ ਵੀ ਸ਼ਾਮਿਲ ਹੋਇਆ ਤੇ ਵਾਪਸੀ ਦੌਰਾਨ ਮਹਾਰਾਸ਼ਟਰਾ ਦੇ ਇੱਕ ਰੇਲਵੇ ਸ਼ਟੇਸ਼ਨ ਤੇ ਆਪਣਾ ਜੀਵਨ ਸਫਰ ਖਤਮ ਕਰ ਗਿਆ। ਪਰ ਇਸਦੀ ਅਵਾਜ ਸਦਾ ਕ੍ਰਿਤੀਆਂ ਦੇ ਵਿਹੜੇ ਤਾਂ ਗੂੰਜੇਗੀ ਹੀ ਤੇ ਅੱਜ ਦੇ ਸੰਦਰਭ ਵਿੱਚ ਭਾਰਤ ਅੰਦਰ ਸਿਆਸਤ ਤੇ ਰਾਸ਼ਟਰਵਾਦ ਦੇ ਮੁੱਦੇ ਰਾਹੀਂ ਜੋ ਵੰਡੀਆਂ ਦਰਸਾਈਆਂ ਜਾ ਰਹੀਆਂ ਹਨ ਉਹਨਾਂ ਖਿਲਾਫ ਵੀ ਇਹ ਅਵਾਜ਼ ਡੱਟ ਕੇ ਖੜੀ ਰਹੇਗੀ।