ਪੰਜਾਬ ਵਿੱਚ ੧੯੮੪ ਦੇ ਦੌਰ ਦੌਰਾਨ ਅਨੇਕਾਂ ਸਿੱਖ ਨੌਜਵਾਨ ਨਾਇਕ ਦੇ ਰੂਪ ਵਿੱਚ ਆਪਣੀ ਭੂਮਿਕਾ ਨਾਲ ਉੱਭਰੇ। ਜਿਨਾਂ ਦੀ ਇੱਕ ਵੱਖਰੀ ਪਛਾਣ ਸੀ। ਉਸ ਵਕਤ ਦਾ ਸਿੱਖ ਨੌਜਵਾਨ ਉਨਾਂ ਨੂੰ ਆਪਣੇ ਨਾਇਕ ਵਜੋਂ ਮਾਨਤਾ ਦਿੰਦਾ ਸੀ। ਇਸੇ ਤਰਾਂ ਪੱਛਮੀ ਮੁਲਕਾਂ ਵਿੱਚ ਵੀ ਸਿੱਖ ਸੰਘਰਸ਼ ਲਈ ਅਨੇਕਾਂ ਸਿੱਖ ਨੌਜਵਾਨ ਚੇਹਰੇ ਮੰਚ ਤੇ ਆਏ। ਸਮੇਂ ਨਾਲ ਸਿੱਖ ਸੰਘਰਸ਼ ਦੇ ਮੱਧਮ ਪੈਣ ਨਾਲ ਸਿੱਖ ਨੌਜਵਾਨੀ ਦਾ ਚਿਹਰਾ ਵੀ ਸਮੇਂ ਨਾਲ ਇੱਕ ਤਰਾਂ ਅਲੋਪ ਹੋ ਗਿਆ। ਜਿਸ ਦੀ ਘਾਟ ਅਜੇ ਵੀ ਪੰਜਾਬ ਦੇ ਰਾਜਨੀਤਿਕ ਮੰਚ ਤੇ ਮਹਿਸੂਸ ਹੋ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੰਥਕ ਧਿਰਾਂ ਵਿਚੋਂ ਵੀ ਕੋਈ ਰਾਜਨੀਤਿਕ ਨੌਜਵਾਨ ਮੰਚ ਤੇ ਨਹੀਂ ਆਇਆ। ਜਦ ਕਿ ੨੦੧੪ ਤੋਂ ਬਾਅਦ ਭਾਰਤ ਦੇ ਨੌਜਵਾਨ ਮੰਚ ਵੱਲ ਦੇਖਿਆ ਜਾਵੇ ਤਾਂ ਕਈ ਨੌਜਵਾਨ ਚਿਹਰੇ ਯੂਨੀਵਰਸਿਟੀ ਕਾਲਜਾਂ ਵਿਚੋਂ ਉੱਭਰ ਕੇ ਭਾਰਤੀ ਰਾਜਨੀਤਿਕ ਮੰਚ ਤੇ ਲੋਕਾਂ ਸਾਹਮਣੇ ਆਏ ਹਨ। ਮੁੱਖ ਰੂਪ ਵਿੱਚ ਗੁਜਰਾਤ ਤੋਂ ਪਟੇਲ ਪੱਟੀਧਾਰ ਅੰਦੋਲਨ ਵਿਚੋਂ ਇੱਕ ਅਸਰਦਾਰ ਨੌਜਵਾਨ ਚਿਹਰਾ ਹਾਰਦਿਕ ਪਟੇਲ ਰਾਜਨੀਤਿਕ ਮੰਚ ਤੇ ਆਇਆ। ਜਿਸਦੀ ਉਥੋਂ ਦੇ ਲੋਕਾਂ ਨੇ ਭਰਪੂਰ ਹਮਾਇਤ ਕੀਤੀ। ਉਸ ਵੱਲੋਂ ਅਰੰਭੇ ਅੰਦੋਲਨ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਉਥੋਂ ਦੇ ਲੋਕਾਂ ਨੇ ਸ਼ਾਮੂਲੀਅਤ ਕੀਤੀ ਤੇ ਉਹ ਰਾਸ਼ਟਰੀ ਮੰਚ ਤੇ ਮੋਦੀ ਸਰਕਾਰ ਖਿਲਾਫ ਇੱਕ ਧਿਰ ਵੀ ਬਣਿਆ। ਉਸਨੇ ਉੱਥੇ ਹੋਈਆਂ ਚੋਣਾਂ ਦੌਰਾਨ ਵੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਕਰੜਾ ਮੁਕਾਬਲਾ ਦਿੱਤਾ। ਅੱਜ ਵੀ ਉਸਦਾ ਅਸਰ ਮੌਜੂਦ ਹੈ। ਹੁਣ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਦੌਰਾਨ ਵੀ ਉਸਨੇ ਗੁਜ਼ਰਾਤ ਤੋਂ ਚੋਣਾਂ ਲੜਨ ਦਾ ਮਨ ਬਣਾਇਆ ਸੀ ਪਰ ਉਸ ਵੱਲੋਂ ਕੀਤੇ ਸਰਕਾਰ ਖਿਲਾਫ ਅੰਦੋਲਨਾਂ ਦੌਰਾਨ ਜੋ ਭੂਮਿਕਾ ਨਿਭਾਈ ਸੀ ਉਸ ਕਾਰਨ ਉਸ ਤੇ ਉਥੋਂ ਦੀ ਸਰਕਾਰ ਨੇ ਰਾਜਨੀਤਿਕ ਮਨਸ਼ਾ ਨਾਲ ਉਸਨੂੰ ਮੁਕੱਦਮਿਆਂ ਵਿੱਚ ਉਲਝਾ ਲਿਆ। ਇਸੇ ਵਜਾਹ ਕਾਰਨ ਉਹ ਕਾਫੀ ਸਮਾਂ ਜੇਲ ਵਿੱਚ ਵੀ ਰਿਹਾ ਤੇ ਇੰਨਾ ਮੁਕੱਦਮਿਆਂ ਕਾਰਨ ਉਸ ਨੂੰ ਹੁਣ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੇ ਚੋਣ ਲੜਨ ਤੋਂ ਰੋਕ ਦਿੱਤਾ ਹੈ। ਇਸ ਖਿਲਾਫ ਉਸਨੇ ਭਾਰਤੀ ਕੋਰਟਾਂ ਦਾ ਸਹਾਰਾ ਵੀ ਲਿਆ, ਪਰ ਕਾਮਯਾਬੀ ਨਹੀਂ ਮਿਲੀ। ਇਸ ਕਰਕੇ ਹੁਣ ਉਹ ਭਾਵੇਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਪਰ ਉਸਨੂੰ ਚੋਣ ਲੜਨ ਤੋਂ ਮਨਾਹੀ ਹੈ। ਇਸੇ ਤਰਾਂ ਗੁਜਰਾਤ ਦੇ ਦਲਿਤ ਸਮਾਜ ਵਿਚੋਂ ਇੱਕ ਹੋਰ ਨੌਜਵਾਨ ਚਿਹਰਾ ਜਗਦੇਸ਼ ਮੇਵਾਨੀ ਉਭਰਿਆ ਅਤੇ ਅੱਜ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਭਾਰਤ ਅੰਦਰ ਦਲਿਤ ਸਮਾਜ ਦੀ ਨੌਜਵਾਨ ਅਵਾਜ਼ ਹੈ। ਉਹ ਗੁਜਰਾਤ ਅਸੰਬਲੀ ਵਿੱਚ ਵੀ ਦਲਿਤ ਸਮਾਜ ਵੱਲੋਂ ਚੁਣਿਆ ਹੋਇਆ ਐਮ.ਐਲ.ਏ ਹੈ ਤੇ ਸਮੂਹ ਭਾਰਤ ਅੰਦਰ ਉਸਦਾ ਨੌਜਵਾਨ ਚਿਹਰਾ ਅਸਰਦਾਰ ਤਰੀਕੇ ਨਾਲ ਰਾਜਨੀਤਿਕ ਮੰਚ ਤੇ ਮੌਜੂਦ ਹੈ। ਇਸੇ ਤਰਾਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚੋਂ ਪ੍ਰਧਾਨਗੀ ਪਦ ਤੋਂ ਉਭਰਿਆ ਬਿਹਾਰ ਦਾ ਵਸਨੀਕ ਇੱਕ ਨੌਜਵਾਨ ਘਨਈਆ ਕੁਮਾਰ ਵੀ ਯੂਨੀਵਰਸਿਟੀ ਤੋਂ ਬਾਅਦ ਭਾਰਤ ਅੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਨੌਜਵਾਨ ਚਿਹਰਾ ਬਣ ਕੇ ਸਾਹਮਣੇ ਆਇਆ ਹੈ। ਉਸਨੂੰ ਵੀ ਉਸਦੀਆਂ ਸਿਆਸੀ ਗਤੀਵਿਧੀਆਂ ਕਰਕੇ ਮੋਦੀ ਸਰਕਾਰ ਨੇ ਮੁਕੱਦਮਿਆਂ ਵਿੱਚ ਉਲਝਾਇਆ ਹੋਇਆ ਹੈ। ਇਸਦੇ ਬਾਵਜੂਦ ਵੀ ਉਹ ਅੱਜ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਲਈ ਖੱਬੇ ਪਾਰਟੀ ਵੱਲੋਂ ਬਿਹਾਰ ਤੋਂ ਚੋਣ ਮੈਦਾਨ ਵਿੱਚ ਨਿਤਰਿਆ ਹੈ। ਇਸਦੇ ਨਾਲ ਹੀ ਇੱਕ ਹੋਰ ਨਹਿਰੂ ਯੂਨੀਵਰਸਿਟੀ ਦਿੱਲੀ ਵਿਚੋਂ ਮੁਸਲਵਾਨ ਨੌਜਵਾਨ ਚਿਹਰਾ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕਰਦਾ ਹੈ ਰਾਜਨੀਤਿਕ ਮੰਚ ਤੇ ਆਇਆ ਹੈ। ਜਿਸਦਾ ਨਾਮ ਉਮਰ ਖਾਲਿਦ ਹੈ ਤੇ ਇਹ ਕਸ਼ਮੀਰ ਦਾ ਵਸਨੀਕ ਹੈ। ਇਸੇ ਤਰਾਂ ਹੁਣੇ ਹੁਣੇ ਕਸ਼ਮੀਰ ਵਾਦੀ ਵਿੱਚ ਵੀ ਨੌਜਵਾਨ ਚਿਹਰਾ ਸ਼ਾਹ ਫੈਸਲ ਜਿਸਨੇ ਕਿ ਉੱਚ ਅਹੁਦੇ ਨੂੰ ਤਿਆਗ ਕੇ ਕਸ਼ਮੀਰੀ ਨੌਜਵਾਨਾ ਖਾਤਿਰ ਤੇ ਉਨਾਂ ਦੀ ਅਵਾਜ਼ ਬਣਨ ਲਈ ਇੱਕ ਸਿਆਸੀ ਪਾਰਟੀ ਦਾ ਅਗਾਜ਼ ਕੀਤਾ ਹੈ ਤੇ ਉਹ ਕਸ਼ਮੀਰੀ ਲੋਕਾਂ ਦੀ ਅਵਾਜ਼ ਬਣ ਰਿਹਾ ਹੈ। ਪੰਜਾਬ ਵਿੱਚ ਵੀ ਪੰਜਾਬ ਯੂਨੀਵਰਸਿਟੀ ਦੀਆਂ ਕੁਝ ਸਮਾਂ ਪਹਿਲਾਂ ਹੋਈਆਂ ਵਿਦਿਆਰਥੀ ਚੋਣਾਂ ਦੌਰਾਨ ਇੱਕ ਨੌਜਵਾਨ ਕੁੜੀ ਮੰਚ ਤੇ ਆਈ ਹੈ। ਇਸਦਾ ਨਾਮ ਕੰਨੂ ਪ੍ਰਿਯਾ ਹੈ। ਉਸਨੇ ਵਿਦਿਆਰਥੀ ਚੋਣਾਂ ਦੌਰਾਨ ਆਪਣੀ ਧਿਰ ਵੱਲੋਂ ਜਿੱਤ ਕੇ ਪ੍ਰਧਾਨਗੀ ਅਹੁਦਾ ਹਾਸਿਲ ਕੀਤਾ ਹੈ। ਇੰਨਾ ਸਾਰੇ ਨੌਜਵਾਨਾਂ ਦਾ ਭਾਵੇਂ ਵਿਦਿਆਰਥੀ ਪਿਛੋਕੜ ਹੋ ਤੇ  ਅੱਜ ਇਹ ਭਾਰਤੀ ਰਾਜਨੀਤੀ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ। ਪਰ ਜੇ ਸਿੱਖ ਅਵਾਮ ਵੱਲ ਦੇਖਿਆ ਜਾਵੇ ਤਾਂ ਸਿੱਖ ਸੰਗਰਸ਼ ਤੋਂ ਬਾਅਦ ਕਿਸੇ ਵੀ ਰੂਪ ਵਿੱਚ ਕੋਈ ਵੀ ਨੌਜਵਾਨ ਚਿਹਰਾ ਰਾਜਨੀਤਿਕ ਮੰਚ ਤੇ ਨਹੀਂ ਉਭਰ ਸਕਿਆ ਹੈ ਜਿਸ ਬਾਰੇ ਸਿੱਖਾਂ ਅੰਦਰ ਵਿਚਾਰ ਦੀ ਲੋੜ ਹੈ ਤਾਂ ਜੋ ਸਿੱਖ ਨੌਜਵਾਨੀ ਇੰਨਾਂ ਦੂਸਰੇ ਉਭਰੇ ਨੋਜਵਾਨਾਂ ਵਾਂਗ ਰਾਜਨੀਤਿਕ ਮੰਚ ਤੇ ਉੱਭਰ ਕੇ ਅੱਗੇ ਆ ਸਕੇ। ਮੈਂ ਨਹੀਂ ਸੋਚਦਾ ਕਿ ਇਸੇ ਤਰਾਂ ਬਾਹਰਲੇ ਮੁਲਕਾਂ ਵਿੱਚ ਵੀ ਕੋਈ ਅਸਰਦਾਰ ਸਿੱਖ ਨੌਜਵਾਨਾਂ ਵਿੱਚ ਅੱਜ ਰਾਜਨੀਤੀ ਵਿੱਚ ਇੱਕ ਨਾਇਕ ਵਜੋਂ ਸਾਹਮਣੇ ਆਇਆ ਹੈ। ਇਹ ਅੱਜ ਵਿਚਾਰਨ ਦਾ ਵਿਸ਼ਾ ਹੈ।