ਭਾਰਤ ਦੀ ਸਤਾਰਵੀ ਰਾਸ਼ਟਰੀ ਚੋਣ ਦਾ ਐਲਾਨ ਭਾਰਤ ਦੇ ਕੇਂਦਰੀ ਚੋਣ ਕਮਿਸ਼ਨ ਨੇ ਗੱਜ ਵੱਜ ਕੇ ਕਰ ਦਿੱਤਾ ਹੈ। ਰਾਸ਼ਟਰੀ ਚੋਣਾਂ ਸੱਤ ਪੜਾਵਾਂ ਵਿੱਚ 11 ਅਪਰੈਲ ਤੋਂ ਲੈ ਕੇ 19 ਮਈ ਤੱਕ ਚੱਲਣਗੀਆਂ ਅਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ ਇਹ ਚੋਣਾਂ ਸਭ ਤੋਂ ਬਾਅਦ ਆਖਰੀ ਪੜਾਅ ਵਿੱਚ 19 ਮਈ ਨੂੰ ਪੈਣਗੀਆਂ। ਭਾਰਤ ਦੇ ਵੱਡੇ ਸੂਬਿਆਂ ਯੂ.ਪੀ. ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਇਹ ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ। ਚੋਣ ਜ਼ਾਬਤਾ ਪਹਿਲੇ ਪੜਾਅ ਲਈ 18 ਮਾਰਚ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਸਰਕਾਰਾਂ ਨੇ ਲੋਕਾਂ ਨੂੰ ਲੁਭਾਉਣ ਲਈ ਸਰਕਾਰੀ ਸਕੀਮਾਂ ਦੀ ਲੜੀ ਲਾ ਦਿਤੀ ਹੈ। ਕੇਂਦਰੀ ਸਰਕਾਰ ਨੇ ਤਾਂ ਅਨੇਕਾਂ ਹੀ ਆਰਡੀਨੈਸਾਂ ਦੀ ਲੜੀ ਲਾ ਕੇ ਨਵੀਆਂ ਸਕੀਮਾਂ ਦਾ ਅਗਾਜ਼ ਕਰ ਦਿੱਤਾ ਹੈ। ਕੁਝ ਅਬਾਦੀ ਵਿਚੋਂ ਨੱਬੇ ਕਰੋੜ ਲੋਕ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਡੇਢ ਕਰੋੜ ਲੋਕਾਂ ਦੀ ਉਮਰ 18 ਤੋਂ 19 ਸਾਲ ਵਿਚਕਾਰ ਹੋਵੇਗੀ। ਇੰਨਾਂ ਚੋਣਾਂ ਲਈ ਦੇਸ਼ ਭਰ ਵਿੱਚ 10 ਲੱਖ ਚੋਣ ਕੇਂਦਰ ਬਣਾਏ ਗਏ ਹਨ। ਜੋ ਕਿ ਪਿਛਲੀਆਂ ਚੋਣਾਂ ਨਾਲੋਂ 10ਫੀਸਦੀ ਵਧੇਰੇ ਹੈ। ਇਸ ਵਾਰ ਚੋਣ ਕਮਿਸ਼ਨ ਨੇ ਇਹ ਹਦਾਇਤ ਕੀਤੀ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਫੌਜੀ ਅਤੇ ਸੁਰੱਖਿਆ ਬਲਾਂ ਦੀਆਂ ਤਸਵੀਰਾਂ ਨੂੰ ਚੋਣ ਪ੍ਰਚਾਰ ਲਈ ਨਾ ਵਰਤਿਆ ਜਾਵੇ। ਇੰਨਾਂ ਚੋਣਾਂ ਦੋਰਾਨ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦਾ ਅਧਿਐਨ ਹੋਣਾਂ ਹੈ। ਇੰਨਾਂ ਪੰਜਾਂ ਸਾਲਾਂ ਦੌਰਾਨ ਸਰਕਾਰ ਨੇ ਕਈ ਅਹਿਮ ਮੁੱਦੇ ਸਰਕਾਰ ਅੱਗੇ ਲਿਆਂਦੇ ਜਿਵੇਂ ਕਿ ਨੋਟਬੰਦੀ ਤੇ ਜੀ.ਐਸ.ਟੀ. ਮੁੱਖ ਰੂਪ ਵਿੱਚ ਹਨ। ਜਿਨਾਂ ਕਾਰਨ ਅਨੇਕਾਂ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਕਿਸਾਨਾਂ, ਛੋਟੇ ਕਾਰੋਬਰੀਆਂ, ਸਨਅਤਾਂ ਉਪਰ ਇਸਦਾ ਗੰਭੀਰ ਅਸਰ ਰਿਹਾ ਹੈ। ਪਰ ਇਹ ਚੋਣਾਂ ਕਿਉਂਕਿ ਕਸ਼ਮੀਰ ਵਿੱਚ ਹੋਏ ਪਲਵਾਮਾਂ ਦੇ ਫੌਜੀ ਹਮਲੇ ਤੋਂ ਬਾਅਦ ਹੋ ਰਹੀਆਂ ਹਨ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਭਾਰਤ ਸਰਕਾਰ ਨੇ ਵੀ ਪਾਕਿਸਤਾਨੀ ਇਲਾਕੇ ਬਾਲਾ ਕੋਟ ਵਰਗੀਆਂ ਥਾਵਾਂ ਤੇ ਹਵਾਈ ਹਮਲੇ ਕੀਤੇ ਹਨ। ਜਿਸ ਕਰਕੇ ਇਹ ਵਿਸ਼ਾ ਮੁੱਖ ਰੂਪ ਵਿੱਚ ਭਾਰਤੀ ਅਵਾਮ ਤੇ ਰਾਜਨੀਤੀ ਤੇ ਅੱਜ ਦੇ ਦਿਨ ਵਿੱਚ ਪੂਰੀ ਤਰਾਂ ਗਰਮਾਇਆ ਹੋਇਆ ਹੈ। ਬਾਕੀ ਨੋਟਬੰਦੀ ਵਰਗੇ ਮੁੱਦੇ ਇੱਕ ਤਰਾਂ ਨਾਲ ਅਲੋਪ ਹੀ ਹੋ ਗਏ ਹਨ। ਸੱਤਾਧਾਰੀ ਕੇਂਦਰੀ ਪਾਰਟੀ ਵੱਲੋਂ ਪੁਲਵਾਮਾ ਹਮਲੇ ਤੇ ਇਸ ਤੋਂ ਬਾਅਦ ਵਾਲੇ ਹਮਲੇ ਨੂੰ ਆਪਣੀ ਚੋਣ ਪ੍ਰਕਿਰਿਆ ਦਾ ਮੁੱਖ ਮੁੱਦਾ ਬਣਾਇਆ ਹੋਇਆ ਹੈ। ਜਿਸਦੇ ਪ੍ਰਚਾਰ ਲਈ ਪੂਰੀ ਰਾਜਨੀਤਿਕ ਸੱਤਾ ਝੋਕ ਦਿਤੀ ਹੈ। ਪੰਜਾਬ ਸੂਬੇ ਵਿੱਚ ਵੀ ਇਸ ਮੁਦੇ ਦਾ ਰਾਜਨੀਤਿਕ ਅਸਰ ਹੈ। ਇਸਦੇ ਨਾਲ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਸ਼ਾ ਬਹਿਬਲ ਕਲਾਂ ਕਾਂਡ ਅਤੇ ਬਰਗਾੜੀ ਜਿਹੇ ਮੁੱਦੇ ਵੀ ਅੱਡ ਅੱਡ ਵਿਸ਼ੇ ਹਨ। ਕੇਂਦਰੀ ਪੱਧਰ ਤੇ ਵੀ ਸੱਤਾਧਾਰੀ ਪਾਰਟੀ ਨੂੰ ਮੁੱਖ ਰੂਪ ਵਿੱਚ ਮੁਕਾਬਲਾ ਭਾਵੇਂ ਕਾਂਗਰਸ ਪਾਰਟੀ ਵੱਲੋਂ ਹੈ ਪਰ ਦੂਸਰੇ ਗੱਠ ਜੋੜ ਵੀ ਨਵੀਂ ਵਿਊਤਬੰਦੀ ਨਾਲ ਆਪਣੀ ਜ਼ੋਰ ਅਜ਼ਮਾਈ ਕਰਨ ਲਈ ਤਿਆਰ ਹਨ। ਪਰ ਸਿੱਧੀ ਟੱਕਰ ਲਈ ਅੱਜ ਦੇ ਦਿਨ ਵਿੱਚ ਇੱਕ ਰਾਸ਼ਟਰੀ ਵਿਰੋਧੀ ਮੰਚ ਨਹੀਂ ਬਣ ਸਕਿਆ। ਇਸੇ ਤਰਾਂ ਪੰਜਾਬ ਵਿੱਚ ਮੁੱਖ ਕੇਂਦਰ ਬਿੰਦੂ ਸੱਤਾਧਾਰੀ ਕਾਂਗਰਸ ਹੈ ਜਿਸਦੇ ਮੁਕਾਬਲੇ ਲਈ ਮੁੱਖ ਰੂਪ ਵਿੱਚ ਅਕਾਲੀ ਬਾਜਪਾ ਦਾ ਗੱਠਜੋੜ ਹੈ। ਪਰ ਇਸਦੇ ਨਾਲ ਹੀ ਕਈ ਛੋਟੇ ਫਰੰਟ ਅਤੇ ਨਵੀਆਂ ਬਣੀਆਂ ਪਾਰਟੀਆਂ ਵੀ ਹਨ। ਜੋ ਕਿ ਆਪਸ ਵਿੱਚ ਕੋਈ ਸਾਂਝਾ ਤਾਲ-ਮੇਲ ਬਣਾਉਣ ਵਿੱਚ ਅਸਫਲ ਰਹੀਆਂ ਹਨ। ਪੰਜਾਬ ਵਿੱਚ ਇਹ ਵੀ ਤਹਿ ਹੋਵੇਗਾ ਕਿ ਸਿੱਖ ਕੌਮ ਦੀ ਅੱਜ ਵੀ ਨੁੰਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਾਂ ਨਵੇਂ ਹੋਂਦ ਵਿੱਚ ਆਏ ਪੰਥਕ ਫਰੰਟ ਹਨ। ਬਰਗਾੜੀ ਮੋਰਚੇ ਦਾ ਇੰਨਾ ਚੋਣਾਂ ਤੇ ਹਰ ਇੱਕ ਤ੍ਹਰਾਂ ਨਾਲ ਪ੍ਰਭਾਵ ਅਲੋਪ ਹੋ ਚੁੱਕਾ ਹੈ। ਇਹ ਚੋਣਾਂ ਭਾਵੇਂ ਰਾਸ਼ਟਰੀ ਮੰਚ ਲਈ ਨਵੀਂ ਰੂਪ ਰੇਖਾ ਲੈ ਕੇ ਆਉਣਗੀਆਂ ਪਰ ਪੰਜਾਬ ਤੇ ਸਿੱਖ ਕੌਮ ਲਈ ਵੀ ਇੰਨਾਂ ਚੋਣਾਂ ਦੇ ਨਤੀਜੇ ਅਹਿਮ ਸਿੱਧ ਹੋਣਗੇ।