ਪੰਜਾਬ ਦਾ ਸਿਆਸੀ ਦ੍ਰਿਸ਼ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈੈ। ਇਹ ਆਸ ਤੋਂ ਵੱਧ ਗਤੀ ਨਾਲ ਅੱਗੇ ਵਧਣ ਲੱਗ ਪਿਆ ਹੈੈ। ਭਾਵੇਂ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ 2 ਸਾਲ ਪਏ ਹਨ ਪਰ ਜਿਸ ਕਿਸਮ ਨਾਲ ਸਿਆਸੀ ਸਫਬੰਦੀ ਪੰਜਾਬ ਵਿੱਚ ਹੁਣ ਤੋਂ ਹੀ ਹੋਣ ਲੱਗੀ ਹੈ ਉਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਉਕਤ ਚੋਣਾਂ ਕਈਆਂ ਦੇ ਸਿਆਸੀ ਜੀਵਨ ਲਈ-ਕਰੋ ਜਾਂ ਮਰੋ ਵਾਲੀ ਸਥਿਤੀ ਵਾਲੀਆਂ ਹੋਣਗੀਆਂ।
ਦੇਸ਼ ਤੇ ਰਾਜ ਕਰਨ ਦੇ ਸੁਪਨੇ ਦੇਖ ਰਹੀ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਨੇ ਪਿਛਲੇ ਦਿਨੀ ਪੰਜਾਬ ਵਿੱਚ ਹਿੰਦੂ ਸਰਕਾਰ ਬਣਾਉਣ ਦੇ ਨਾਅਰੇ ਅਤੇ ਦਗਮਜੇ ਮਾਰਨੇ ਅਰੰਭ ਕਰ ਦਿੱਤੇ ਸਨ। ਪੰਜਾਬ ਦੇ ਦੋ ਸਾਬਕਾ ਵਿਧਾਇਕਾਂ ਨੇ ਬਹੁਤ ਹੀ ਵਿਸ਼ਵਾਸ਼ ਨਾਲ ਇਹ ਦਾਅਵਾ ਕਰਨਾ ਅਰੰਭ ਕਰ ਦਿੱਤਾ ਸੀ ਕਿਹ ਹੁਣ ਅਕਾਲੀ ਦਲ ਨੂੰ ਜਾਂ ਤਾਂ 59 ਸੀਟਾਂ ਭਾਜਪਾ ਲਈ ਛੱਡਣੀਆਂ ਪੈਣਗੀਆਂ ਜਾਂ ਫਿਰ ਅਸੀਂ ਸਾਰੀਆਂ ਸੀਟਾਂ ਤੇ ਹੀ ਚੋਣ ਲੜਾਂਗੇ ਅਤੇ ਹਿੰਦੂ ਗਰਵ ਦੇ ਝੰਡੇ ਪੰਜਾਬ ਦੀ ਹਿੱਕ ਤੇ ਝੁਲਾਵਾਂਗੇ। ਪਿਛਲੇ ਦਿਨੀ ਮਦਨ ਮੋਹਨ ਮਿੱਤਲ ਨੇ ਵੀ ਇਸੇ ਕਿਸਮ ਦੇ ਵਿਚਾਰ ਪਰਗਟ ਕੀਤੇ ਸਨ।
ਹਰਿਆਣਾਂ, ਹਿਮਾਚਲ ਅਤੇ ਹੋਰ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਦੀ ਉਦਾਹਰਨ ਦੇਕੇ ਹਿੰਦੂ ਲੀਡਰ ਪੰਜਾਬ ਨੂੰ ਵੀ ਆਪਣੇ ਸਿਆਸੀ ਕਬਜੇ ਹੇਠ ਕਰਨ ਦੀ ਰੀਝ ਪਾਲਨ ਲੱਗ ਪਏ ਸਨ। ਹਰ ਹਾਕਮ ਦੇ ਮਨ ਵਿੱਚ ਇਹ ਰੀਝ ਪਈ ਹੁੰਦੀ ਹੈ ਕਿ ਉਹ ਭਾਵੇਂ ਪੂਰੇ ਮੁਲਕ ਵਿੱਚ ਰਾਜ ਕਰ ਲਵੇ ਪਰ ਜੇ ਪੰਜਾਬ ਉਸਦੇ ਅਧੀਨ ਨਹੀ ਹੈ ਤਾਂ ਉਸਦਾ ਰਾਜ ਅਧੂਰਾ ਹੈੈ। ਹਿੰਦੂ ਲੀਡਰਸ਼ਿੱਪ ਦੇ ਮਨ ਵਿੱਚ ਵੀ ਇਹੋ ਹੀ ਚੱਲ ਰਿਹਾ ਹੈੈ।
ਇਸ ਗੱਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦੇ ਹਨ। ਆਪਣੇ ਪਿਤਾ ਦੀ ਰਾਜਨੀਤੀ ਤੋਂ ਉਲਟ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਕਾਂਗਰਸ ਮੁਕਤ ਅਤੇ ਭਾਜਪਾ ਮੁਕਤ ਬਣਾਉਣ ਦੀ ਇੱਛਾ ਰੱਖਦੇ ਹਨ। ਇਸੇ ਲਈ ਭਾਜਪਾ ਲੀਡਰਸ਼ਿੱਪ ਦੇ ਬੇਇੱਜ਼ਤੀ ਕਰਨ ਵਾਲੇ ਬਿਆਨਾ ਦੇ ਸਨਮੁੱਖ ਉਨ੍ਹਾਂ, ਪੰਜਾਬ ਵਿੱਚ ਭਾਜਪਾ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਦੇ ਯਤਨ ਅਰੰਭ ਦਿੱਤੇ ਹਨ। ਹਾਲੇ ਇਨ੍ਹਾਂ ਸਰਗਰਮੀਆਂ ਦੀ ਖਬਰ ਹੀ ਛਪੀ ਸੀ ਕਿ ਵੱਡੇ ਵੱਡੇ ਦਗਮਜੇ ਮਾਰਨ ਵਾਲੇ ਇੱਕ ਦਮ ਬਹਿ ਗਏ ਅਤੇ ਭਾਜਪਾ ਦੇ ਕੌਮੀ ਪਰਧਾਨ ਇੱਕ ਦਮ ਦਿੱਲੀ ਤੋਂ ਭੱਜੇ ਆਏ ਅਤੇ ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਗਏ।
ਹਿੰਦੂ ਲੀਡਰਸ਼ਿੱਪ ਕਦੇ ਵੀ ਨਹੀ ਚਾਹੇਗੀ ਕਿ ਅਕਾਲੀ ਦਲ ਭਾਜਪਾ ਦਾ ਸਾਥ ਛੱਡਕੇ ਬਹੁਜਨ ਸਮਾਜ ਪਾਰਟੀ ਨਾਲ ਜਾਵੇ। ਕਿਉਂਕਿ ਪੰਜਾਬ ਦਾ ਪ੍ਰਜੈਕਟ ਉਨ੍ਹਾਂ ਲਈ ਕੇਵਲ ਸਿਆਸੀ ਨਹੀ ਹੈ ਬਲਕਿ ਵਿਚਾਰਧਾਰਕ ਹੈੈੈ। ਉਹ ਅਕਾਲੀ ਦਲ ਦਾ ਸਹਾਰਾ ਲੈਕੇ ਅਸਲ ਵਿੱਚ ਸਿੱਖ ਧਰਮ ਦੇ ਖਿਲਾਫ ਆਪਣੀ ਮੁਹਿੰਮ ਤੇਜ ਕਰਨੀ ਚਾਹੁੰਦੇ ਹਨ। ਅਕਾਲੀ ਲੀਡਰਸ਼ਿੱਪ ਨੂੰ ਸਿਆਸੀ ਬੁਰਕੀਆਂ ਤੇ ਪਰਚਾ ਕੇ ਹਿੰਦੂ ਲੀਡਰਸ਼ਿੱਪ ਸਿੱਖਾਂ ਨੂੰ ਧਾਰਮਕ ਅਤੇ ਕੌਮੀ ਤੌਰ ਤੇ ਨਿਤਾਣਾਂ ਕਰਨ ਦੇ ਯਤਨਾ ਵਿੱਚ ਹੈੈੈ।
ਇਸਦੀ ਕਿਤੇ ਨਾ ਕਿਤੇ ਸੋਝੀ ਸੁਖਬੀਰ ਸਿੰਘ ਬਾਦਲ ਨੂੰ ਵੀ ਹੈੈ। ਉਹ ਆਪਣੇ ਪਿਤਾ ਤੋਂ ਉਲਟ ਹਿੰਦੂ ਲੀਡਰਸ਼ਿੱਪ ਦੀ ਧੌਂਸ ਮੰਨਣ ਵਾਲਾ ਵਿਅਕਤੀ ਨਹੀ ਹੈੈੈ। ਉਹ ਹਿੰਦੂ ਲੀਡਰਸ਼ਿੱਪ ਦੇ ਅੱਗੇ ਵਿਛਣ ਵਾਲਾ ਨਹੀ ਹੈੈ। ਬਲਕਿ ਅੱਖੜ ਅਕਾਲੀ ਹੈੈ। ਇਸੇ ਲਈ ਉਹ ਬਹੁਤ ਲੰਬੇ ਸਮੇਂ ਤੋਂ ਪੰਜਾਬ ਵਿੱਚੋਂ ਕਾਂਗਰਸ ਅਤੇ ਭਾਜਪਾ ਦਾ ਬਿਸਤਰਾ ਗੋਲ ਕਰਨ ਦੇ ਯਤਨ ਕਰ ਰਿਹਾ ਹੈੈੈ। ਪਰ ਵੱਡੇ ਬਾਦਲ ਦੀਆਂ ਪੁਰਾਣੀਆਂ ਯਾਰੀਆਂ ਉਸਦੇ ਰਾਹ ਵਿੱਚ ਅੜਿੱਕੇ ਪਾਈ ਜਾ ਰਹੀਆਂ ਹਨ।
ਅਸੀਂ ਸਮਝਦੇ ਹਾਂ ਕਿ ਪੰਜਾਬ ਨੂੰ ਹਿੰਦੂ ਲੀਡਰਸ਼ਿੱਪ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਪਹਿਲਾ ਕਦਮ ਭਾਜਪਾ ਦਾ ਸਾਥ ਛੱਡਕੇ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਦਾ ਗੱਠਜੋੜ ਹੋਣਾਂ ਚਾਹੀਦਾ ਹੈੈੈ। ਸਿੱਖਾਂ ਦਾ ਸਿਧਾਂਤਕ ਗੱਠਜੋੜ ਬਸਪਾ ਨਾਲ ਹੀ ਬਣਦਾ ਹੈੈ। ਇਸ ਨਾਲ ਜਿੱਥੇ ਹਿੰਦੂ ਲੀਡਰਸ਼ਿੱਪ ਨੂੰ ਉਸਦੀ ਔਕਾਤ ਦਰਸਾਈ ਜਾ ਸਕਦੀ ਹੈ ਇਸਦੇ ਨਾਲ ਹੀ, ਸੰਘ ਪਰਿਵਾਰ ਦੀਆਂ ਸਿੱਖ ਧਰਮ ਦੀ ਵਿਆਖਿਆ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲੀਆਂ ਸਰਗਰਮੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕੀਤਾ ਜਾ ਸਕਦਾ ਹੈੈ।
ਅਕਾਲੀ ਲੀਡਰਸ਼ਿੱਪ ਦੀ ਕਮਜੋਰੀ ਕਰਕੇ ਹੀ ਸੰਘ ਪਰਿਵਾਰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਬੇਲੋੜਾ ਦਖਲ ਹੀ ਨਹੀ ਦੇ ਰਿਹਾ ਬਲਕਿ ਇੱਕ ਵੱਡੇ ਪ੍ਰਜੈਕਟ ਤਹਿਤ ਸਿੱਖਾਂ ਦੇ ਨਿਆਰੇਪਣ ਨੂੰ ਖੋਰਾ ਲਾਉਣ ਦੇ ਯਤਨ ਕਰ ਰਿਹਾ ਹੈੈ।
ਜੇ ਅਕਾਲੀ ਦਲ ਹਿੰਦੂ ਲੀਡਰਸ਼ਿੱਪ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਲੈਂਦਾ ਹੈ ਤਾਂ ਸੰਘ ਪਰਿਵਾਰ ਦੀਆਂ ਧਾਰਮਕ ਮਾਮਲਿਆਂ ਵਿੱਚ ਕੀਤੀਆਂ ਜਾਂਦੀਆਂ ਦਖਲਅੰਦਾਜ਼ੀਆਂ ਨੂੰ ਖਤਮ ਕੀਤਾ ਜਾ ਸਕਦਾ ਹੈੈੈ। ਇਹ ਧਾਰਮਕ ਤੌਰ ਤੇ ਸਿੱਖਾਂ ਦੀ ਕੌਮੀ ਸੋਝੀ ਨੂੰ ਮਜਬੂਤ ਕਰਨ ਵੱਲ ਵੱਡਾ ਕਦਮ ਹੋਵੇਗਾ। ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਦਾ ਫੈਸਲਾ ਜਲਦ ਤੋਂ ਜਲਦ ਲੈ ਲੈਣਾ ਚਾਹੀਦਾ ਹੈੈ।