ਸਿੱਖਾਂ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਪਰਸਾਰਤ ਹੁੰਦੇ ਗੁਰਬਾਣੀ ਦੇ ਪਰਵਾਹ ਨੂੰ ਲੈ ਕੇ ਅੱਜਕੱਲ੍ਹ ਕਾਫੀ ਚਰਚਾ ਹੈੈ। ਕੁਝ ਲੋਕ ਜਿਨ੍ਹਾਂ ਨੂੰ ਸਿੱਖ ਸੰਗਤ ਨੇ, ਕਿਸੇ ਸੰਸਥਾ ਦਾ ਹਿਸਾਬ ਕਿਤਾਬ ਰੱਖਣ ਲਈ ਮੁਨਸ਼ੀ ਦੇ ਤੌਰ ਤੇ ਨਿਯੁਕਤ ਕੀਤਾ ਸੀ, ਆਪਣੀ ਦੌਲਤ ਦੇ ਹੰਕਾਰ ਵਿੱਚ, ਤਹਿਸੀਲਦਾਰ ਬਣਨ ਦਾ ਭਰਮ ਪਾਲਣ ਲੱਗ ਪਏ ਹਨ। ਜਿਨ੍ਹਾਂ ਨੂੰ ਸਿੱਖ ਸੰਗਤ ਨੇ ਕੌਮ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਸੀ ਉਹ ਲੋਕ ਕੌਮ ਦੀ ਦਰਿਆਦਿਲੀ ਨੂੰ ਕਮਜ਼ੋਰੀ ਸਮਝ ਕੇ ਕੌਮ ਦੇ ਮਾਲਕ ਬਣਨ ਦੇ ਦਾਅਵੇ ਕਰਨ ਲੱਗ ਪਏ ਹਨ। ਕਿਸੇ ਵੈਲੀਵਿਜ਼ਨ ਚੈਨਲ ਤੇ ਕੰਮ ਕਰਨ ਵਾਲੇ ਕਲਰਕਨੁਮਾ ਲੋਕ, ਮਹਾਨ ਗੁਰੂਆਂ ਅਤੇ ਸ਼ਹੀਦਾਂ ਦੀ ਵਾਰਸ ਕੌਮ ਨੂੰ ਇਹ ਸਮਝਾਉਣ ਲੱਗ ਪਏ ਹਨ ਕਿ, ਧੁਰ ਕੀ ਬਾਣੀ, ਜਿਹੜੀ ਕੁਲ ਕਾਇਨਾਤ ਲਈ ਹੈ ਉਸ ਤੇ ਸਾਡੇ ਮਾਲਕਾਨਾ ਹੱਕ ਸਥਾਪਤ ਹੋ ਗਏ ਹਨ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਰਸਾਰਤ ਹੁੰਦੇ ਕੀਰਤਨ ਨੂੰ ਕੁਝ ਕੈਮਰੇ ਲਾਕੇ ਪਰਸਾਰਤ ਕਰਨ ਵਾਲੇ ਇੱਕ ਨਿੱਜੀ ਟੀ.ਵੀ. ਚੈਨਲ ਨੇ ਪਿਛਲੇ ਦਿਨੀ ਇਹ ਦਾਅਵਾ ਕਰ ਮਾਰਿਆ ਕਿ ਗੁਰੂ ਸਾਹਿਬ ਦੀ ਬਾਣੀ ਉਨ੍ਹਾਂ ਦੀ ਜਾਗੀਰ ਹੈ ਅਤੇ ਉਨ੍ਹਾਂ ਤੋਂ ਬਿਨਾ ਕੋਈ ਵੀ ਸੰਸਥਾ ਅਤੇ ਵਿਅਕਤੀ ਵਿਸ਼ੇਸ਼ ਗੁਰਬਾਣੀ ਦਾ ਪਰਚਾਰ, ਪਸਾਰ ਨਹੀ ਕਰ ਸਕਦਾ। ਕੁਝ ਕਲਰਕਨੁਮਾ ਵਿਅਕਤੀਆਂ ਨੇ ਅਜੋਕੀ ਤਕਨੀਕ ਦੇ ਕੁਝ, ਕਨੂੰਨੀ ਪਹਿਲੂਆਂ ਦੀ ਗਲਤ ਵਿਆਖਿਆ ਕਰਕੇ ਇਹ ਦਾਅਵੇ ਕਰਨ ਦੀ ਹਿਮਾਕਤ ਕਰ ਮਾਰੀ ਕਿ ਧਰ ਕੀ ਬਾਣੀ ਤੇ ਸਿਰਫ ਉਨ੍ਹਾਂ ਦਾ ਹੀ ਹੱਕ ਹੈੈ।
ਸਿੱਖ ਸੰਗਤ ਜਾਣਦੀ ਹੈ ਕਿ ਜਿਹੜਾ ਨਿੱਜੀ ਚੈਨਲ ਪੰਜਾਬ ਵਿੱਚ ਚੱਲ ਰਿਹਾ ਹੈ ਉਸਦੇ ਮਾਲਕ ਕੌਣ ਹਨ। ਜਿਨ੍ਹਾਂ ਲੋਕਾਂ ਨੇ ਭਾਰਤ ਸਰਕਾਰ ਨਾਲ ਮਿਲਕੇ ਖਾਲਸਾ ਜੀ ਦੀਆਂ ਰਵਾਇਤਾਂ ਨੂੰ ਤਾਰ ਤਾਰ ਕਰਨ ਦਾ ਕੋਈ ਇੱਕ ਵੀ ਮੌਕਾ ਹੱਥੋਂ ਨਹੀ ਜਾਣ ਦਿੱਤਾ ਅਤੇ ਜਿਹੜੇ ਭਾਰਤ ਸਰਕਾਰ ਦੀ ਸੁਰੱਖਿਆ ਛਤਰੀ ਹੇਠ ਪੰਜਾਬ ਦੀ ਪਵਿੱਤਰ ਧਰਤੀ ਨੂੰ ਰੌਂਦਦੇ ਫਿਰ ਰਹੇ ਹਨ ਉਨ੍ਹਾਂ ਦੀ ਹਿੰਮਤ ਹੁਣ ਐਨੀ ਵਧ ਗਈ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਤੇ ਵੀ ਆਪਣਾਂ ਹੱਕ ਜਮਾਉਣ ਲੱਗ ਪਏ ਹਨ।
ਸਿੱਖਾਂ ਦੀ ਸਿਆਸੀ ਜਮਾਤ, ਅਕਾਲੀ ਦਲ ਤੇ ਭਾਰਤ ਸਰਕਾੜ ਦੀ ਮਦਦ ਨਾਲ ਕਬਜਾ ਕਰਕੇ ਅਤੇ ਮੁੜ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਧੌਣ ਤੇ ਗੋਡਾ ਰੱਖਕੇ ਜਿਹੜੇ ਕਾਗਜਾਂ ਤੇ ਦਸਤਖਤ ਕਰਵਾਏ ਗਏ ਉਸ ਨਾਲ ਇਨ੍ਹਾਂ ਸਿਆਸੀ ਨੇਤਾਵਾਂ ਨੇ ਕੌਮੀ ਜਮੀਰ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਬਹੁਤ ਲੰਬੇ ਸਮੇਂ ਤੋਂ ਭਾਰਤ ਸਰਕਾਰ ਦੀ ਸਹਾਇਤਾ ਨਾਲ ਸਥਾਪਤ ਹੁੰਦੇ ਆ ਰਹੇ ਇਨ੍ਹਾਂ ਭੱਦਰ-ਪੁਰਸ਼ਾਂ ਨੂੰ ਇਹ ਭੁਲੇਖਾ ਲੱਗਣ ਲੱਗ ਪਿਆ ਕਿ, ਇੰਦਰਾ ਐਂਡ ਇੰਡੀਆ ਵਾਂਗ ਸ਼ਾਇਦ ਇਨ੍ਹਾਂ ਦਾ ਟੱਬਰ ਹੀ ਪੰਜਾਬ ਅਤੇ ਪੰਥ ਬਣ ਗਿਆ ਹੈੈ।
ਖਾਲਸਾਈ ਰਵਾਇਤਾਂ ਨੂੰ ਤਾਰ ਤਾਰ ਕਰਨ ਦੀ ਜੋ ਰਵਾਇਤ ਇਨ੍ਹਾਂ ਸੱਜਣਾਂ ਨੇ 1995 ਵਿੱਚ ਸ਼ੁਰੂ ਕੀਤੀ ਸੀ, ਹੁਣ 2020 ਵਿੱਚ ਆਕੇ ਉਸ ਘਿਨਾਉਣੀ ਰਾਜਨੀਤੀ ਨੇ ਆਪਣਾਂ ਚੱਕਰ ਪੂਰਾ ਕਰ ਲਿਆ ਹੈੈ। ਹੁਣ ਜਦੋਂ ਪੰਜਾਬ ਦੇ ਸਾਰੇ ਕੁਦਰਤੀ ਸਾਧਨਾ ਨੂੰ ਲੁੱਟਣ ਤੋਂ ਬਾਅਦ ਕੁਝ ਨਹੀ ਸੀ ਬਚਿਆ ਉਨ੍ਹਾਂ ਆਖਰੀ ਪੱਤਾ ਖੇਡਦਿਆਂ, ਧੁਰ ਕੀ ਬਾਣੀ ਨੂੰ ਵੀ ਆਪਣੇ ਵਪਾਰ ਦਾ ਸਾਧਨ ਬਣਾਉਣ ਦਾ ਯਤਨ ਕੀਤਾ।
ਇਥੇ ਅਸੀਂ ਸਿੱਖ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੇਲੇ ਸਿਰ ਜਾਗਕੇ, ਭਰਿਸ਼ਟ ਰਾਜਸੀ ਨੇਤਾਵਾਂ ਦੀਆਂ ਘਟੀਆ ਚਾਲਾਂ ਨੂੰ ਹਰਾ ਦਿੱਤਾ ਹੈੈ। ਅਸੀਂ ਉਮੀਦ ਕਰਦੇ ਹਾਂ ਕਿ, ਹਜਾਰਾਂ ਧੜਿਆਂ ਵਿੱਚ ਵੰਡੀ ਹੋਈ ਸਿੱਖ ਕੌਮ, ਆਪਣੇ ਗੁਰੂ, ਇਤਿਹਾਸ ਅਤੇ ਗੁਰਧਾਮਾਂ ਤੇ ਹੋਣ ਵਾਲੇ ਕਿਸੇ ਵੀ ਹਮਲੇ ਦਾ ਇਸੇ ਤਰ੍ਹਾਂ ਵਿਰੋਧ ਕਰੇਗੀ।
ਇਸ ਮੌਕੇ ਤੇ ਅਸੀਂ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗੇ ਕਿ, ਇਨ੍ਹਾਂ ਗੁਰਬਾਣੀ ਦੇ ਵਪਾਰੀਆਂ ਦਾ ਭਾਂਡਾ ਟੀਂਡਾ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਬਾਹਰ ਵਗਾਹ ਕੇ ਮਾਰੇ ਅਤੇ, ਗੁਰਬਾਣੀ ਪਰਸਾਰਨ ਲਈ ਆਪਣਾਂ ਟੀਵੀ ਚੈਨਲ ਸਥਾਪਤ ਕਰੇ।
ਸਾਨੂੰ ਇਹ ਵੀ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਉਤੇ ਉਨ੍ਹਾਂ ਵਪਾਰੀਆਂ ਦਾ ਹੀ ਕਬਜਾ ਹੈ ਜਿਹੜੇ ਹਰ ਸਿੱਖ ਨੂੰ ਵਿਕਾਉੂ ਸਮਝਦੇ ਹਨ। ਪਰ ਕੁਝ ਯਤਨ ਕਰਨ ਨਾਲ ਅਤੇ ਇਸ ਦਿਸ਼ਾ ਵਿੱਚ ਅਵਾਜ਼ ਬੁਲੰਦ ਕਰਨ ਨਾਲ, ਗੁਰਬਾਣੀ ਦੇ ਵਪਾਰੀਕਰਨ ਨੂੰ ਠੱਲ੍ਹ ਪੈ ਸਕਦੀ ਹੈੈ।