ਦੂਜੀ ਸੰਸਾਰਿਕ ਜੰਗ ਤੋਂ ਬਾਅਦ ਦੁਨੀਆਂ ਦੇ ਮੁਲਕਾਂ ਨੇ ਰਲ-ਮਿਲ ਕੇ ਸੋਚ ਕੇ ਇੱਕ ਸਾਂਝਾ ਸੰਯੁਕਤ ਰਾਸ਼ਟਰ ਸੰਘ ਬਣਾਇਆ। ਇਸਦੀ ਹੋਂਦ ਤੋਂ ਬਾਅਦ ਦੁਨੀਆਂ ਨੇ ਦੂਜਾ ਵੱਡਾ ਕਦਮ ਸੰਯੁਕਤ ਰਾਸ਼ਟਰ ਰਾਹੀਂ ਚੁੱਕਿਆ। ਇਹ ਉਹ ਸੀ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਮਨੁੱਖੀ ਅਧਿਕਾਰ ਸੰਸਥਾ ਬਣਾਈ ਗਈ। ਇਸ ਦੀ ਹੋਂਦ ੧੦ ਦਸੰਬਰ ੧੯੪੮ ਵਿੱਚ ਹੋਈ। ਮਨੁੱਖੀ ਅਧਿਕਾਰ ਸੰਸਥਾ ਨੇ ਇੱਕ ਸਰਬ-ਵਿਆਪੀ ਐਲਾਨਨਾਮਾ ਜਾਰੀ ਕੀਤਾ ਜਿਸ ਮੁਤਾਬਕ ਕਿਸੇ ਨਾਲ ਵੀ ਧਰਮ, ਜਾਤ, ਬੋਲੀ, ਭਾਸ਼ਾ, ਲਿੰਗ, ਇਲਾਕਾ, ਰੰਗ, ਨਸਲ ਅਤੇ ਸਭ ਇਨਸਾਨਾਂ ਨੂੰ ਆਪਣਾ ਜੀਵਨ ਪੂਰਨ ਅਜ਼ਾਦੀ ਨਾਲ ਜਿਉਣ ਦਾ ਹੱਕ ਦਿੱਤਾ। ਅੱਜ ਸੱਤਰ ਸਾਲ ਤੋਂ ਉਪਰ ਇਸ ਸੰਸਥਾ ਨੂੰ ਬਣੇ ਹੋਏ ਹੋ ਚੱਲੇ ਹਨ। ਦੁਨੀਆਂ ਹਰ ਸਾਲ ਦਸ ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਂਦੀ ਹੈ। ਇਸ ਦਿਵਸ ਨੂੰ ਦੁਨੀਆਂ ਦੇ ਅੱਡ-ਅੱਡ ਹਿੱਸਿਆਂ ਵਿੱਚ ਵੱਖ-ਵੱਕ ਦੇਸ਼ਾਂ ਦੇ ਲੋਕ ਇਕੱਤਰਤਾ, ਲੋਕ ਸਭਾਵਾਂ ਅਤੇ ਸੈਮੀਨਾਰਾਂ ਰਾਹੀਂ ਇਸਨੂੰ ਮਨਾਉਂਦੇ ਹਨ। ਭਾਰਤ ਵਰਗੀ ਜਮਹੂਰੀਅਤ ਵੀ ਭਾਵੇਂ ਇਸ ਸੰਸਥਾ ਨਾਲ ਜੁੜੀ ਹੋਈ ਹੈ ਪਰ ਅੱਜ ਵੀ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦਾ ਰੋਜ ਦਿਹਾੜੀ ਘਾਣ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਦੁਨੀਆਂ ਦੇ ਵੱਖ-ਵੱਖ ਦੇਸ਼ਾ ਅੰਦਰ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਜਾਰੀ ਹੈ। ਮਨੁੱਖੀ ਅਧਿਕਾਰਾਂ ਦਾ ਇੱਕ ਹੋਰ ਮੁੱਖ ਉਦੇਸ਼ ਜੋ ਮਨੁੱਖ ਦੀ ਅਜ਼ਾਦੀ ਨਾਲ ਜੁੜਿਆ ਹੋਇਆ ਹੈ ਉਹ ਹੈ ਸਵੈ ਨਿਰਣੈ ਦਾ ਅਧਿਕਾਰ । ਇਸ ਅਧਿਕਾਰ ਨੂੰ ਵਰਤਦਿਆਂ ਹੋਇਆਂ ਪਿਛਲੇ ਇੱਕ ਸਾਲ ਅੰਦਰ ਇਰਾਕ ਵਿੱਚ ਕੁਰਦਾਂ ਨੇ ਆਪਣਾ ਮੁਲਕ ਅਜ਼ਾਦ ਬਣਾਉਣ ਲਈ ਵੋਟ ਪਾਈ ਅਤੇ ਆਪਣਾ ਅਧਿਕਾਰ ਹਾਸਿਲ ਕੀਤਾ। ਇਸੇ ਤਰ੍ਹਾਂ ਸਪੇਨ ਅੰਦਰ ਕੈਟਾਲੋਨੀਆਂ ਦੇ ਲੋਕਾਂ ਨੇ ਆਪਣਾ ਸਵੈ ਨਿਰਣੈ ਦਾ ਹੱਕ ਵਰਤਦਿਆਂ ਹੋਇਆਂ ਆਪਣਾ ਅਜ਼ਾਦ ਮੁਲਕ ਬਣਾਉਣ ਲਈ ਵੋਟਾਂ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪਰ ਦੁਨੀਆਂ ਅਤੇ ਉਥੋਂ ਦੇ ਮੁਲਕਾਂ ਨੇ ਉਹਨਾਂ ਦੇ ਇਸ ਹੱਕ ਨੂੰ ਮਾਨਤਾ ਨਹੀਂ ਦਿੱਤੀ ਹੈ। ਪਿਛਲੇ ਕੁਝ ਦਿਨਾਂ ਅੰਦਰ ਬੋਗਨਬਿਲੀਆ ਮੁਲਕ ਜੋ ਕਿ ਧੋਪਾ ਨਿਊਗਿਨੀ ਦੇ ਅਧਿਕਾਰ ਖੇਤਰ ਹੇਠਾਂ ਸੀ ਦੇ ਲੋਕਾਂ ਨੇ ਆਪਣਾ ਸਵੈ ਨਿਰਣੈ ਦਾ ਅਧਿਕਾਰ ਵਰਤਦਿਆਂ ਹੋਇਆ ਪੂਰਨ ਅਜ਼ਾਦੀ ਲਈ ਵੋਟਾਂ ਦੇ ਹੱਕ ਨੂੰ ਇਸਤੇਮਾਲ ਕੀਤਾ। ਹੁਣ ਇਸ ਨਵੇਂ ਬਣੇ ਮੁਲਕ ਨੂੰ ਕੀ ਦੁਨੀਆਂ ਤੇ ਪੋਪਾਨਿਊਗਿਨੀ ਮਾਨਤਾ ਦਿੰਦੀ ਹੈ ਇਹ ਅਜੇ ਵਿਚਾਰ ਅਧੀਨ ਹੈ। ਭਾਰਤ ਅੰਦਰ ਪੰਜਾਬ ਵਿੱਚ ਸਿੱਖ ਕੌਮ ਨਾਲ ਸਿੱਖ ਸੰਘਰਸ਼ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਇਥੋਂ ਤੱਕ ਕੇ ੧੯੮੪ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਸਿੱਖ ਹੋਣ ਨਾਤੇ ਸਿੱਖਾਂ ਨੂੰ ਟਾਇਰ ਪਾ ਕੇ ਸਾੜਿਆ ਗਿਆ ਸੀ। ਸਿੱਖ ਕੌਮ ਦੇ ਕਈ ਨਾਮਵਾਰ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਵੀ ਪੰਜਾਬ ਪੁਲੀਸ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਤੇ ਆਪਣੀ ਜਿੰਦਗੀ ਤੱਕ ਗਵਾ ਬੈਠੇ। ਪਰ ਦੇਖਣ ਵਾਲੀ ਗੱਲ ਹੈ ਕਿ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਰਹਿ ਚੁੱਕੇ ਡੀ.ਜੀ.ਪੀ, ਕੇ.ਪੀ.ਐਸ. ਗਿੱਲ ਦੀ ਬਰਸੀ ਮਨਾ ਰਹੇ ਹਨ ਅਤੇ ਉਸਨੂੰ ਇੱਕ ਸੂਝਵਾਨ ਤੇ ਬਹਾਦਰ ਪੁਲੀਸ ਵਾਲਾ ਆਖ ਰਹੇ ਹਨ। ਕੇ.ਪੀ.ਐਸ.ਗਿੱਲ ਉਹ ਡੀ.ਜੀ.ਪੀ. ਹੈ ਜਿਸਦੇ ਹੱਥਾਂ ਵਿੱਚ ਸਿੱਖ ਨੌਜਵਾਨੀ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਦਾ ਕਤਲ ਜੁੜਿਆ ਹੋਇਆ ਹੈ। ਦੁਨੀਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਸੰਸਥਾ ਕਰਕੇ ਕਈ ਮੁਲਕਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਘਾਲਣਾ ਨਾਲ ਜੁੜੇ ਹੋਏ ਵੱਡੇ ਰਾਜਨੀਤਿਕ ਆਗੂ ਅਤੇ ਆਰਮੀ ਜਰਨੈਲਾਂ ਨੂੰ ਉੱਚ ਅਦਾਲਤਾਂ ਦੇ ਕਟਹਿਰੇ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਨੂੰ ਲੰਮੀਆਂ ਸਜਾਵਾਂ ਹੋਈਆਂ। ਹੁਣ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੀ ਲੰਕਾ ਦੇਸ਼ ਨੂੰ ਮਨੁੱਖੀ ਅਧਿਕਾਰਾਂ ਦੇ ਤਾਸਿਲਾਂ ਉਪਰ ਕੀਤੇ ਘਾਣ ਕਰਕੇ ਪੜਤਾਲ ਥੱਲੇ ਲਿਆਂਦਾ ਹੈ। ਮਨੁੱਖੀ ਅਧਿਕਾਰ ਦਿਵਸ ਪੰਜਾਬ ਅਤੇ ਭਾਰਤ ਵਿੱਚ ਕੋਰਾ ਹੀ ਰਿਹਾ।