ਭਾਰਤ ਦੇ ਉੱਘੇ ਫਿਲਮ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਪਿਛਲੇ ਦਿਨੀ ਇਹ ਟਿੱਪਣੀ ਕਰ ਮਾਰੀ ਕਿ ਦੇਸ਼ ਵਿੱਚੋਂ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਅਤੇ ਨਫਰਤ ਭਰਪੂਰ ਵਾਤਾਵਰਨ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈੈ। ਨਸੀਰੂਦੀਨ ਸ਼ਾਹ ਨੇ ਆਖਿਆ ਕਿ ਜਿਸ ਤਰ੍ਹਾਂ ਦਾ ਸਿਆਸੀ ਅਤੇ ਸਮਾਜੀ ਮਹੌਲ ਭਾਰਤ ਵਿੱਚ ਪਨਪ ਰਿਹਾ ਹੈ ਉਸ ਵਿੱਚ ਮੇਰੇ ਆਪਣੇ ਬੱਚਿਆਂ ਦਾ ਬਾਹਰ ਨਿਕਲਣਾਂ ਔਖਾ ਹੋ ਰਿਹਾ ਹੈੈ। ਪੈਰ ਪੈਰ ਤੇ ਅਜਿਹੀਆਂ ਸ਼ਕਤੀਆਂ ਸਿਰ ਚੁੱਕ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਧਾਰਮਕ ਫਸਾਦ ਕਰਵਾਉਣਾਂ ਅਤੇ ਕਤਲੇਆਮ ਕਰਵਾਉਣਾਂ ਹੈੈ।
ਇੱਕ ਉੱਘੇ ਫਿਲਮ ਅਭਿਨੇਤਾ ਦੀ ਇਸ ਟਿੱਪਣੀ ਦੇ ਮੀਡੀਆ ਵਿੱਚ ਪ੍ਰਸਾਰਿਤ ਹੋਣ ਦੀ ਦੇਰ ਸੀ ਕਿ ਸਮੁੱਚਾ ਕੱਟੜਪੰਥੀ ਹਿੰਦੂ ਵਰਗ ਉਸਦੇ ਮਗਰ ਪੈ ਗਿਆ।ਨਾ ਕਿਸੇ ਨੇ ਉਸਦੀ ਉਮਰ ਦਾ ਖਿਆਲ ਕੀਤਾ ਨਾ ਉਸਦੇ ਸਮਾਜੀ ਰੁਤਬੇ ਦਾ ਅਤੇ ਨਾ ਹੀ ਉਸਦੀ ਇਮਾਨਦਾਰੀ ਦਾ। ਬਸ ਇੱਕ ਦਮ ਉਸ ਉੱਤੇ ਦੇਸ਼ ਦਾ ਦੁਸ਼ਮਣ ਅਤੇ ਪਾਕਿਸਤਾਨ ਦਾ ਏਜੰਟ ਹੋਣ ਵਰਗੇ ਦੂਸ਼ਣ ਲਗਣੇ ਅਰੰਭ ਹੋ ਗਏ। ਬਿਜਲਈ ਮੀਡੀਆ ਨੂੰ ਤਾਂ ਨਸੀਰੂਦੀਨ ਸ਼ਾਹ ਦੇ ਖਿਲਾਫ ਆਪਣੀ ਨਫਰਤ ਕੱਢਣ ਦਾ ਮੌਕਾ ਮਸੀਂ ਮਿਿਲਆ ਸੀ। ਹਰ ਵਕਤ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਖਿਲਾਫ ਆਪਣੀ ਨਫਰਤ ਦਾ ਮੁਜਾਹਰਾ ਕਰਨ ਵਾਲਾ ਮੀਡੀਆ ਆਪਣੇ ਸਾਰੇ ਹਥਿਆਰ ਲੈ ਕੇ ਮੈਦਾਨ ਵਿੱਚ ਨਿੱਤਰ ਆਇਆ।
ਭਾਰਤ ਦੇ ਕੁਝ ਕੁ ਲੋਕਾਂ ਅਤੇ ਬਹੁਤ ਘੱਟ ਮੀਡੀਆ ਸੰਸਥਾਵਾਂ ਨੇ ਨਸੀਰੂਦੀਨ ਸ਼ਾਹ ਦੇ ਦਰਦ ਨੂੰ ਸਮਝਣ ਦਾ ਯਤਨ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਨੇ ਜਿਵੇਂ ਮੀਡੀਆ ਨੂੰ ਹੋਰ ਮਸਾਲਾ ਦੇ ਦਿੱਤਾ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਹੁਤ ਧੜੱਲੇ ਨਾਲ ਇਹ ਬਿਆਨ ਦੇ ਮਾਰਿਆ ਕਿ ਭਾਰਤ ਦੁਨੀਆਂ ਵਿੱਚ ਸਭ ਤੋਂ ਵੱਧ ਸ਼ਹਿਣਸ਼ੀਲ ਦੇਸ਼ ਹੈੈ।
ਰਾਜਨਾਥ ਸਿੰਘ ਦੇ ਬਿਆਨ ਦੀ ਹਾਲੇ ਸਿਆਹੀ ਵੀ ਨਹੀ ਸੀ ਸੁੱਕੀ ਕਿ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਰਾਜਨਾਥ ਸਿੰਘ ਦੇ ਬਿਆਨ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ। ਉੱਤਰ ਪ੍ਰਦੇਸ਼ ਦੇ ਕੱਟੜ ਹਿੰਦੂ ਮੁੱਖ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕਰ ਦਿੱਤਾ ਕਿ ਸ਼ੁੱਕਰਵਾਰ ਵਾਲੇ ਦਿਨ ਕੋਈ ਵੀ ਮੁਸਲਮਾਨ ਜਨਤਕ ਜਗ੍ਹਾ ਤੇ ਨਮਾਜ਼ ਨਹੀ ਪੜ੍ਹ ਸਕੇਗਾ। ਜਿਹੜਾ ਅਜਿਹਾ ਕਰੇਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 25 ਦਸੰਬਰ ਵਾਲਾ ਦਿਨ ਈਸਾਈ ਭਾਈਚਾਰੇ ਲਈ ਇੱਕ ਸ਼ੁਭ ਦਿਹਾੜਾ ਹੁੰਦਾ ਹੈ। ਇਸ ਦਿਨ ਨੂੰ ਈਸਾਈ ਭਾਈਚਾਰਾ ਈਸੂ ਮਸੀਹ ਦੇ ਜਨਮ ਦਿਨ ਦੇ ਤੌਰ ਤੇ ਮਨਾਉਂਦਾ ਹੈੈ। ਮਹਾਰਾਸ਼ਟਰ ਵਿੱਚ ਕੁਝ ਗੁੰਡਿਆਂ ਨੇ 25 ਦਸੰਬਰ ਨੂੰ ਈਸਾਈ ਭਾਈਚਾਰੇ ਦੇ ਇੱਕ ਸਮਾਗਮ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਭਾਰਤ ਦੀ ਸਹਿਣਸ਼ੀਲਤਾ ਦਾ ਸਵਾਦ ਸਿੱਖਾਂ ਨੇ ਬਹੁਤ ਬੁਰੀ ਤਰ੍ਹਾਂ ਚੱਖਿਆ ਹੋਇਆ ਹੈੈ। ਹੁਣੇ ਜਿਹੇ 34 ਸਾਲਾਂ ਬਾਅਦ ਭਾਰਤ ਦੀ ਸ਼ਹਿਣਸ਼ੀਲਾਤਾ ਦੇ ਨਾਅ ਤੇ ਕਤਲ ਕੀਤੇ ਗਏ 3000 ਸਿੱਖਾਂ ਦੇ ਮਾਮਲੇ ਵਿੱਚ ਇੱਕ ਹਿੰਦੂ ਗੁੰਡੇ ਨੂੰ ਸਜ਼ਾ ਸੁਣਾਈ ਗਈ ਹੈ, ਹਾਲੇ ਪਤਾ ਨਹੀ ਉਹ ਵੀ ਜੇਲ੍ਹ ਵਿੱਚ ਜਾਵੇਗਾ ਜਾਂ ਨਹੀ, ਕਿਉਂਕਿ ਭਾਰਤ ਦੇ ਸ਼ਹਿਣਸ਼ੀਲ ਅਦਾਲਤੀ ਢਾਂਚੇ ਨੇ ਉਸਨੂੰ 31 ਦਸੰਬਰ ਤੱਕ ਆਪਣੇ ਦਾਅ ਪੇਚ ਵਰਤਣ ਅਤੇ ਗਵਾਹਾਂ ਨੂੰ ਆਖਰੀ ਵਾਰ ਧਮਕਾਉਣ ਆਦਿ ਦੀ ਛੂਟ ਦੇ ਦਿੱਤੀ ਹੈੈ। ਹੋ ਸਕਦਾ ਹੈ ਕਿ ਭਾਰਤ ਦਾ ਸ਼ਹਿਣਸ਼ੀਲ ਅਦਾਲਤੀ ਢਾਂਚਾ ਉਸ ਗੁੰਡੇ ਦੀ ਜਿਆਦਾ ਉਮਰ ਤੇ ਤਰਸ ਖਾਕੇ ਉਸਨੂੰ ਜੇਲ੍ਹ ਵਿੱਚ ਜਾਣ ਤੋਂ ਰੋਕ ਹੀ ਲਵੇ।
ਕਿੰਨੀ ਸ਼ਹਿਣਸ਼ੀਲਤਾ ਹੈ ਉਸ ਸਮਾਜ ਵਿੱਚ ਜੋ ਆਪਣੇ ਖਿਲਾਫ ਇੱਕ ਸੱਚੀ ਟਿੱਪਣੀ ਵੀ ਨਹੀ ਸੁਣ ਸਕਦਾ।ਪਿਛਲੇ ਸਾਲ ਮਹਾਰਾਸ਼ਟਰ ਵਿੱਚ ਹੀ ਦਲਿਤਾਂ ਅਤੇ ਕਟੜ ਹਿੰਦੂਆਂ ਦਰਮਿਆਨ ਝੜਪਾਂ ਹੋ ਗਈਆਂ ਸਨ ਜਿਸ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੇ 5 ਦਲਿਤ ਪੱਖੀ ਵਿਦਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਜ ਦੀ ਹਾਈ ਕੋਰਟ ਵੀ ਪੁਲਿਸ ਦੀ ਸਹਾਇਤਾ ਤੇ ਆ ਗਈ ਹੈੈ। ਪਰ ਸਾਰਾ ਕਤਲੇਆਮ ਕਰਵਾਉਣ ਵਾਲਾ ਇੱਕ ਹਿੰਦੂ ਨੇਤਾ ਸ਼ਰੇਆਮ ਬਾਹਰ ਘੁੰਮ ਰਿਹਾ ਹੈੈ।
ਜਿਸ ਕਿਸਮ ਦਾ ਪੁਲਿਸ ਅਤੇ ਗੁੰਡਾ ਰਾਜ ਦੇਸ਼ ਵਿੱਚ ਪਨਪ ਰਿਹਾ ਹੈ ਉਸਦੇ ਮੱਦੇਨਜ਼ਰ ਆਖਿਆ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਆਦਿ ਵਾਸੀਆਂ ਲਈ ਕਰੜੇ ਇਮਤਿਹਾਨ ਦਾ ਸਮਾਂ ਹੋ ਸਕਦਾ ਹੈੈ। ਸਿੱਖਾਂ ਨੇ 1984 ਤੋਂ ਬਾਅਦ ਜੋ ਹੰਢਾਇਆ ਹੈ ਉਹ ਸਭ ਕੁਝ ਹੁਣ ਇਨ੍ਹਾਂ ਖਤਰੇ ਮੂੰਹ ਆਏ ਭਾਈਚਾਰਿਆਂ ਨੂੰ ਹੰਢਾਉਣਾਂ ਪੈ ਸਕਦਾ ਹੈੈ।