ਕਈ ਵਾਰ ਬਹੁਤ ਛੋਟੇ ਅਰਸੇ ਦੌਰਾਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਨਿਰਾਸ਼ਾ ਵੱਲ ਜਾ ਰਿਹਾ ਮਨ ਖਿੜ ਜਾਂਦਾ ਹੈ। ਅਕਸਰ ਕੌਮ ਵਿੱਚ ਪਸਰੇ ਬਿਪਰਵਾਦੀ ਰੁਝਾਨ ਦੇਖਕੇ ਜਦੋਂ ਮਨ ਇਹ ਸੋਚਣ ਲਗਦਾ ਹੈ ਕਿ ਇਸ ਹਾਲਤ ਵਿੱਚ ਕੌਮ ਹੋਰ ਕਿੰਨੇ ਕੁ ਸਾਲ ਜਾਂ ਦਹਾਕੇ ਆਪਣਾਂ ਕੌਮੀ ਗੌਰਵ ਕਾਇਮ ਰੱਖ ਸਕੇਗੀ? ਤਾਂ ਉਸੇ ਵੇਲੇ ਹੀ ਕੁਝ ਅਜਿਹਾ ਵਾਪਰ ਜਾਂਦਾ ਹੈ ਜਿਸ ਨਾਲ ਨਿਰਾਸ਼ਾ ਵੱਲ ਜਾਂਦਾ ਮਨ ਫਿਰ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਫਿਰ ਅਹਿਸਾਸ ਹੁੰਦਾ ਹੈ ਕਿ ਬੇਸ਼ੱਕ ਕੌਮ ਦਾ ਇੱਕ ਹਿੱਸਾ ਕੁਝ ਸਮੇਂ ਲਈ ਸੌਂ ਜਾਂਦਾ ਹੈ ਪਰ ਉਹ ਮਰਿਆ ਨਹੀ। ਉਹ ਹਾਲੇ ਵੀ ਜਾਗਦਾ ਹੈ।
ਪਿਛਲੇ ਹਫਤੇ ਲਗਭਗ ਚਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਇਹ ਅਹਿਸਾਸ ਪੱਕਾ ਕੀਤਾ ਕਿ ਭਾਰਤ ਸਰਕਾਰ ਦੇ ਸਾਰੇ ਯਤਨਾ ਦੇ ਬਾਵਜੂਦ ਅਤੇ ਕੌਮ ਨੂੰ ਘੋਰ ਤਸ਼ੱਦਦ ਵਾਲੇ ਮਹੌਲ ਵਿੱਚ ਧੱਕ ਦੇਣ ਦੇ ਬਾਵਜੂਦ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਜਿਉਂਦਾ ਹੈ ਅਤੇ ਆਪਣੇ ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਅਣਖ ਦੀ ਜਿੰਦਗੀ ਜੀਊਣ ਦੀ ਇੱਛਾ ਪਾਲੀ ਬੈਠਾ ਹੈ।
ਭਾਰਤ ਸਰਕਾਰ ਨਾਲ ਸਾਂਝ ਰੱਖਣ ਵਾਲੇ ਇੱਕ ਸੱਜਣ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਇੱਕ ਫਿਲਮ ਬਣਾ ਮਾਰੀ ਹੈ। ਕੋਈ ਅਧੀਨ ਕੌਮ ਜਦੋਂ ਬਹੁਗਿਣਤੀ ਦੇ ਦਾਬੇ ਹੇਠ ਰਹਿੰਦੀ ਹੈ ਤਾਂ ਅਕਸਰ, ਬਹੁਗਿਣਤੀ ਉਸੇ ਕੌਮ ਦੇ ਕੁਝ ਸੱਜਣਾਂ ਨੂੰ ਕੌਮ ਦੇ ਅਕੀਦਿਆਂ ਤੇ ਵਾਰ ਕਰਨ ਲਈ ਚੁਣ ਲ਼ੈਂਦੀ ਹੈ। ਅਧੀਨ ਕੌਮਾਂ ਵਿੱਚ ਅਜਿਹੇ ਸੱਜਣ ਕਾਫੀ ਹੁੰਦੇ ਹਨ ਜੋ ਮੁਫਤੋ ਮੁਫਤੀ ਆਪਣੀ ਅਜ਼ਾਦੀ ਕਿਸੇ ਦੇ ਪੈਰਾਂ ਹੇਠ ਰੱਖ ਦੇਂਦੇ ਹਨ।
ਅਜਿਹੇ ਹੀ ਕਿਸੇ ਦਸਤਾਰਧਾਰੀ ਸਿੱਖ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਫਿਲਮ ਬਣਾ ਮਾਰੀ ਹੈ ਜੋ ਕਿ ਸਿੱਖ ਸਿਧਾਂਤਾਂ ਅਨੁਸਾਰ ਬੁੱਤਪ੍ਰਸਤੀ ਦਾ ਹੀ ਅਗਲਾ ਰੂਪ ਹੈ। ਕਿਸੇ ਵੀ ਕਿਸਮ ਦੀ ਬੁੱਤਪ੍ਰਸਤੀ ਸਿੱਖ ਧਰਮ ਵਿੱਚ ਮਨ੍ਹਾਂ ਹੈ। ਸਰਕਾਰਾਂ ਨੇ ਸਾਰਾ ਜੋਰ ਲਾਇਆ ਉਸ ਫਿਲਮ ਨੂੰ ਜਾਰੀ ਕਰਵਾਉਣ ਲਈ। ਪ੍ਰਧਾਨ ਮੰਤਰੀ ਦਾ ਦਫਤਰ, ਪੰਜਾਬ ਸਰਕਾਰ ਅਤੇ ਤਖਤਾਂ ਦੇ ਜਥੇਦਾਰਾਂ ਤੋਂ ਲੈਕੇ ਭਾਰਤੀ ਸੁਪਰੀਮ ਕੋਰਟ ਨੇ ਵੀ ਫਿਲਮ ਨੂੰ ਜਾਰੀ ਕਰਵਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ। ਪਰ ਗੁਰੂ ਦੇ ਖਾਲਸੇ ਨੇ ਆਪਣੇ ਜੀਵਨ ਦੀ ਸਭ ਤੋਂ ਸੁਚੀ ਭਾਵਨਾ ਤੇ ਹੋਏ ਇਸ ਹਮਲੇ ਵਿਰੁੱਧ ਜੋ ਰੋਸ ਪ੍ਰਗਟ ਕੀਤਾ ਅਤੇ ਜਿੰਨੀ ਸ਼ਿੱਦਤ ਨਾਲ , ਉਸਨੇ ਇਹ ਦਰਸਾ ਦਿੱਤਾ ਕਿ, ਕੌਮ ਲੱਖਾਂ ਝੱਖੜਾਂ ਦੇ ਬਾਵਜੂਦ ਵੀ ਡੋਲੀ ਨਹੀ ਹੈ।
ਦੂਜੀ ਖਬਰ ਅਸਟਰੇਲੀਆ ਤੋਂ ਆਈ ਹੈ ਜਿੱਥੇ ਸਿੱਖੀ ਤੋਂ ਬੇਮੁੱਖ ਹੋਕੇ, ਇੱਕ ਲੰਗੜੀ ਜਿਹੀ ਕੁਰਸੀ ਦੇ ਹੰਕਾਰ ਵਿੱਚ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਇੱਕ ਸੱਜਣ ਨੂੰ ਸਿੱਖਾਂ ਦੇ ਰੋਹ ਦਾ ਸਾਹਮਣਾਂ ਕਰਨਾ ਪਿਆ। ਪੰਜਾਬ ਦੇ ਸਾਬਕਾ ਸੱਤਾਧਾਰੀਆਂ ਨੇ ਆਪਣੇ ਰਾਜ ਕਾਲ ਦੌਰਾਨ ਜੋ ਗੁੰਡਾਗਰਦੀ ਕੀਤੀ, ਇਹ ਸੱਜਣ ਉਸ ਗੁੰਡਾਗਰਦੀ ਦਾ ਆਗੂ ਸੀ। ਅਸਟਰੇਲੀਆ ਦੇ ਜਾਗਦੇ ਸਿੱਖਾਂ ਨੇ ਇਸਦਾ ਵਿਰੋਧ ਕਰਕੇ ਦੱਸ ਦਿੱਤਾ ਹੈ ਕਿ, ਪੰਥ ਨਾਲ ਧਰੋਹ ਕਮਾਉਣ ਵਾਲੇ ਕਿਤੇ ਵੀ ਚਲੇ ਜਾਣ ਸੰਗਤ ਦੀ ਕਰੋਪੀ ਤੋਂ ਬਚ ਨਹੀ ਸਕਦੇ।
ਸਿਰਫ ਅਸਟਰੇਲੀਆ ਦੇ ਸਿੱਖਾਂ ਦੀ ਹੀ ਗੱਲ ਨਹੀ ਬਲਕਿ ਛੱਤੀਸਗੜ੍ਹ ਦੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਖੀ ਗੋਬਿੰਦ ਸਿੰਘ ਲ਼ੌਂਗੋਵਾਲ ਨੂੰ ਸਿੱਖਾਂ ਦੇ ਕੌਮੀ ਮਸਲਿਆਂ ਤੋਂ ਮੂੰਹ ਮੋੜਨ ਕਾਰਨ ਘੇਰਿਆ ਅਤੇ ਸਿੱਖ ਪੰਥ ਨਾਲ ਕੀਤੇ ਜਾ ਰਹੇ ਧਰੋਹ ਬਾਰੇ ਡਟਕੇ ਸੁਆਲ ਪੁੱਛੇ। ਜਿਨ੍ਹਾਂ ਦਾ ਭਾਈ ਲ਼ੌਂਗੋਵਾਲ ਕੋਈ ਜੁਆਬ ਨਹੀ ਦੇ ਸਕੇ।
ਇਸਦੇ ਨਾਲ ਹੀ ਅਗਲੀ ਘਟਨਾ ਲੁਧਿਆਣੇ ਜਿਲ਼੍ਹੇ ਵਿੱਚ ਵਾਪਰੀ ਜਿੱਥੇ ਨਾਮਧਾਰੀ ਸੰਪਰਦਾ ਦੇ ਮੁਖੀ ਕਿਸੇ ਧਰਨੇ ਵਿੱਚ ਸਿੱਖਾਂ ਦਾ ਸਾਥ ਦੇਣ ਲਈ ਪਹੁੰਚੇ ਪਰ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਹਿੰਦੂ ਸਲਤਨਤ ਦੇ ਏਜੰਟ ਦੱਸਕੇ ਅਤੇ ਸਿੱਖ ਪੰਥ ਨਾਲ ਦਗਾ ਕਮਾਉਣ ਵਾਲੀਆਂ ਕਾਰਵਾਈਆਂ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਉਥੋਂ ਖਿਸਕਣ ਲਈ ਮਜਬੂਰ ਕਰ ਦਿੱਤਾ।
ਇਨ੍ਹਾਂ ਘਟਨਾਵਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਕੌਮ ਦੇ ਇੱਕ ਵੱਡੇ ਹਿੱਸੇ ਤੇ ਹੋ ਰਹੀ ਹੈ। ਬੇਸ਼ੱਕ ਕੁਝ ਲੋਕਾਂ ਨੇ ਚੰਦ ਛਿੱਲੜਾਂ ਲਈ ਆਪਣੀ ਜ਼ਮੀਰ ਵੇਚਕੇ ਵੱਡੀਆਂ ਸਿਆਸੀ ਅਤੇ ਧਾਰਮਕ ਕੁਰਸੀਆਂ ਹਾਸਲ ਕਰ ਲਈਆਂ ਹਨ ਪਰ ਕੌਮ ਦੀਆਂ ਨਜ਼ਰਾਂ ਵਿੱਚ ਉਹ ਗੁਰੂ ਦੇ ਦੇਣਦਾਰ ਹੀ ਹਨ ਅਤੇ ਕੌਮ ਦੀਆਂ ਬਖਸ਼ਿਸ਼ਾਂ ਦੇ ਪਾਤਰ ਨਹੀ ਬਣ ਸਕੇ।
ਉਮੀਦ ਕਰਦੇ ਹਾਂ ਕਿ ਸਿੱਖ ਕੌਮ ਆਪਣੇ ਵਿਰਸੇ ਪ੍ਰਤੀ ਇਵੇਂ ਹੀ ਸੁਚੇਤ ਰਹੇਗੀ।