ਸਿੱਖ ਕੌਮ ਦੇ ਗੌਰਵਮਈ ਇਤਿਹਾਸ ਵਿੱਚ ਅਜਿਹੇ ਅਨੇਕਾਂ ਪੰਨੇ ਹਨ ਜਿਨਾਂ ਵਿੱਚ ਅਜਿਹੀਆਂ ਕਈ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ ਸਮੋਇਆ ਪਿਆ ਹੈ। ਇਹ ਕੁਰਬਾਨੀਆਂ ਤੇ ਸ਼ਹਾਦਤਾਂ ਗੌਰਵਮਈ ਵਿਰਸੇ ਦੀਆਂ ਸ਼ਹਾਦਤਾਂ ਹਨ ਇਸੇ ਤਰਾਂ ਹੀ ਇਕ ਵਾਕਿਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ, ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਇਹ ਭਾਈ ਮੋਤੀ ਰਾਮ ਮਹਿਰਾ ਤੇ ਉਸਦੇ ਸਮੂਹ ਪਰਿਵਾਰ ਦੀ ਕੁਰਬਾਨੀ ਤੇ ਸ਼ਹਾਦਤ ਦੀ ਗਾਥਾ ਦਾ ਵਾਕਿਆ ਹੈ। ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਨੂੰ ਸਰਹੰਦ ਦੇ ਵਜ਼ੀਰ ਨੇ ਠੰਡੇ ਬੁਰਜ਼ ਵਿੱਚ ਭੁਖੇ ਪਿਆਸੇ ਕੈਦ ਕਰ ਦਿੱਤਾ ਸੀ ਉਸ ਵਕਤ ਉਨਾਂ ਪ੍ਰਤੀ ਆਪਣੀ ਸ਼ਰਧਾ ਤੇ ਗੁਰੂ ਘਰ ਪ੍ਰਤੀ ਨਿਸ਼ਚਾ ਨਿਭਾਉਣ ਖਾਤਿਰ ਭਾਈ ਮੋਤੀ ਰਾਮ ਮਹਿਰਾ ਨੇ ਠੰਡੇ ਬੁਰਜ ਵਿੱਚ ਪਹੁੰਚ ਕੇ ਤਿੰਨ ਰਾਤਾਂ ਤੱਕ ਬਾਬਾ ਜੋਰਾਵਾਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਆਪਣੀ ਕਿਰਤ ਕਮਾਈ ਵਿਚੋਂ ਦੁੱਧ ਦੀ ਸੇਵਾ ਨਿਭਾਈ ਸੀ। ਇਥੋਂ ਤੱਕ ਪਹੁੰਚਣ ਲਈ ਭਾਈ ਮੋਤੀ ਰਾਮ ਨੂੰ ਭਾਵੇਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਆਪਣਾ ਗੁਰੁ ਘਰ ਪ੍ਰਤੀ ਨਿਸਚੈ ਤੇ ਸ਼ਰਧਾ ਨੂੰ ਡੋਲਣ ਨਹੀਂ ਦਿੱਤਾ।
ਤਿੰਨ ਦਿਨਾਂ ਬਾਅਦ ਜਦੋਂ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਦੇ ਵਜ਼ੀਰ ਨੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰੀ ਜੀ ਵੀ ਸਵਰਗ ਸਿਧਾਰ ਗਏ ਤਾਂ ਇਸੇ ਮੋਤੀ ਰਾਮ ਮਹਿਰਾ ਨੇ ਆਪਣੀ ਵਿੱਤ ਮੁਤਾਬਕ ਚੰਦਨ ਦੀ ਲੱਕੜੀ ਇੱਕਠੀ ਕਰ ਕੇ ਲਿਆਂਦੀ ਤਾਂ ਜੋ ਇੰਨਾ ਮਹਾਨ ਸ਼ਹੀਦਾ ਦਾ ਗੁਰਮਰਿਯਾਦਾ ਅਨੁਸਾਰ ਸਸਕਾਰ ਹੋ ਸਕੇ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਸਕਾਰ ਲਈ ਇਤਿਹਾਸ ਮੁਤਾਬਕ ਦੀਵਾਨ ਦੀ ਟੋਡਰ ਮੱਲ ਨੇ, ਉਸ ਸਮੇਂ ਦੀ ਸਭ ਤੋਂ ਕੀਮਤੀ ਜਗਾ ਖਰੀਦੀ। ਜਿਸ ਨੂੰ ਹੁਣ ਜਹਾਜ ਹਵੇਲੀ ਕਿਹਾ ਜਾਂਦਾ ਹੈ। ਇਸ ਸ਼ਹਾਦਤ ਦੇ ਸਾਕੇ ਵਿੱਚ ਭਾਈ ਮੋਤੀ ਰਾਮ ਮਹਿਰਾ ਦਾ ਅਹਿਮ ਸੇਵਾ ਦਾ ਯੋਗਦਾਨ ਹੈ। ਉਸ ਸਮੇਂ ਉਨਾਂ ਦੀ ਸੇਵਾ ਕਾਰਨ ਸਮੇਂ ਦੇ ਵਜੀਰ (ਸਰਹੰਦ) ਨੇ ਭਾਈ ਮੋਤੀ ਰਾਮ ਜੀ, ਉਨਾਂ ਦੀ ਮਾਤਾ, ਪਤਨੀ ਤੇ ਮਾਸੂਮ ਬੱਚੇ ਨੂੰ ਇਸ ਸੇਵਾ ਦੇ ਕਾਰਨ ਮੌਤ ਦੀ ਸਜਾ ਸੁਣਾਈ ਸੀ। ਸਜਾ ਸਮੇਂ ਭਾਈ ਮੋਤੀ ਰਾਮ ਮਹਿਰਾ ਨੇ ਬੜੀ ਸ਼ਿੱਦਤ ਨਾਲ ਆਪਣੇ ਵੱਲੋਂ ਕੀਤੀ ਸੇਵਾ ਤਾਂ ਕਬੂਲ ਕੀਤੀ ਹੀ ਸੀ ਤੇ ਨਾਲ ਹੀ ਸਮੇਂ ਦੇ ਹਾਕਮ ਵੱਲੋਂ ਸੁਣਾਈ ਹੋਈ ਸਜਾ ਵੀ ਖਿੜੇ ਮੱਥੇ ਕਬੂਲ ਕੀਤੀ ਸੀ। ਇਸੇ ਸੇਵਾ ਬਦਲੇ ਛੋਟੇ ਸਾਹਿਬਜਾਇਦਆਂ ਦੀ ਸ਼ਹਾਦਤ ਤੋਂ ਕੁਝ ਦਿਨ ਮਗਰੋਂ ਆਏ ਨਵੇਂ ਸਾਲ ਦੇ ਮੌਕੇ ਤੇ ਭਾਈ ਮੋਤੀ ਰਾਮ ਮਹਿਰਾ ਤੇ ਉਸਦੇ ਪਰਿਵਾਰ ਨੂੰ ਵਜੀਰ ਖਾਨ ਵੱਲੋਂ ਸੁਣਾਈ ਸਜਾ ਦੇ ਅਨੁਸਾਰ ਤੇਲ ਦੇ ਕੋਹਲੂ ਵਿੱਚ ਪੀੜ ਦਿੱਤਾ ਗਿਆ ਸੀ ਤੇ ਸ਼ਹੀਦ ਕਰ ਦਿੱਤਾ ਗਿਆ।
ਅਜਿਹੀਆਂ ਸ਼ਹਾਦਤਾਂ ਬਾਰੇ ਕਾਫੀ ਹੱਦ ਤੱਕ ਸਿੱਖ ਪੰਥ ਲੰਮੇ ਅਰਸੇ ਤੋਂ ਖਾਮੋਸ਼ ਹੈ ਅਤੇ ਨਾ ਹੀ ਅਜਿਹੇ ਸਾਕਿਆਂ ਬਾਰੇ ਸਿੱਖ ਪੰਥ ਦੇ ਕਿਸੇ ਕੈਲੰਡਰ ਵਿੱਚ ਕੋਈ ਜ਼ਿਕਰ ਹੈ ਜਿਸ ਰਾਹੀਂ ਅਜਿਹੇ ਸ਼ਹਾਦਤਾਂ ਦੇ ਵੱਡਮੁੱਲੇ ਇਤਿਹਾਸ ਬਾਰੇ ਕੋਈ ਜਾਣਕਾਰੀ ਹਾਸਲ ਹੋ ਸਕੇ। ਅਜਿਹੀ ਸ਼ਹਾਦਤ ਜਾਤ-ਪਾਤ ਤੇ ਧਰਮਾਂ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਗੁਰੁ ਸਾਹਿਬ ਵੱਲੋਂ ਦਰਸਾਏ ਇਨਸਾਨੀਅਤ ਦੇ ਮਾਰਗ ਦੀ ਮੂੰਹ ਬੋਲਦੀ ਤਸਵੀਰ ਹੈ ਜਿਸ ਵਿੱਚ ਭਾਈ ਮੋਤੀ ਰਾਮ ਮਹਿਰਾ ਦੇ ਸਮੂਹ ਪਰਿਵਾਰ ਦੀ ਕੁਰਬਾਨੀ ਦੀ ਦਾਸਤਾਨ ਹੈ। ਪੋਹ ਦੇ ਸ਼ਹਾਦਤਾਂ ਭਰੇ ਮਹੀਨੇ ਦੌਰਾਨ ਅਜਿਹੀਆਂ ਸਨਮਾਨਤ ਸ਼ਹਾਦਤਾਂ ਪ੍ਰਤੀ ਸਿੱਖ ਪੰਥ ਵੱਲੋਂ ਪੂਰੀ ਤਰਾਂ ਮਾਣ ਸਤਿਕਾਰ ਹੋਣਾ ਚਾਹੀਦਾ ਹੈ ਤੇ ਅਰਦਾਸ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਅਜਿਹੀਆਂ ਮਾਣ ਮੱਤੀਆਂ ਕੁਰਬਾਨੀਆਂ ਪ੍ਰਤੀ ਜਾਗਰੂਕ ਰੱਖਿਆ ਜਾ ਸਕੇ।
ਇਸ ਕਰਕੇ ਮੁਢਲੇ ਰੂਪ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਅਜਿਹੀਆਂ ਸਖਸ਼ੀਅਤਾਂ ਦੇ ਇਤਿਹਾਸ ਬਾਰੇ ਸਿੱਖ ਪੰਥ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਇੰਨਾਂ ਸ਼ਹਾਦਤਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਤਾਂ ਜੋ ਇੰਨਾ ਸ਼ਹੀਦਾ ਪ੍ਰਤੀ ਸ਼ਰਧਾ ਕਾਇਮ ਰੱਖੀ ਜਾ ਸਕੇ ਤੇ ਜੋੜ ਮੇਲਿਆਂ ਤੇ ਅਜਿਹੀਆਂ ਮਹਾਨ ਸ਼ਹੀਦੀਆਂ ਦੀ ਗਾਥਾ ਦਾ ਜ਼ਿਕਰ ਵੀ ਫਖ਼ਰ ਨਾਲ ਕੀਤਾ ਜਾਵੇ।