ਅਜਿਹੇ ਹੀ ਇੱਕ ਸ਼ਖਸ਼ ਸ਼ਰਤ ਚੰਦਰ ਚਟੋਪਾਧਿਆ ਅਨੁਸਾਰ, “ਦੁਨੀਆਂ ਵਿੱਚ ਜਿੰਨੇ ਵੀ ਪਾਪ ਹਨ ਉਨਾਂ ਵਿੱਚ ਸਭ ਤੋਂ ਵੱਡਾ ਪਾਪ ਹੈ, ਮਨੁੱਖ ਉਪਰ ਅੱਤਿਆਚਾਰ ਕਰਨਾ। ਡਾਇਰੈਕਟਰ ਜਨਰਲ ਪੁਲੀਸ ਕੇ.ਪੀ.ਐਸ. ਗਿੱਲ ਦੀ ਕੁਦਰਤੀ ਮੌਤ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਸੁਭਾਵਿਕ ਹੀ ਹਲੂਣੀਆਂ ਗਈਆਂ ਕਿਉਂਕਿ ਇੱਕ ਵਾਰ ਫੇਰ ਸਿੱਖ ਸੰਘਰਸ਼ ਨੂੰ ਸਰਕਾਰ ਦੇ ਕਹਿਣ ਤੇ ਕੁਚਲਣ ਵਾਲਾ ਮੁੱਖ ਸਰਦਾਰ ਗਿੱਲ ਕਿਸੇ ਵੀ ਕੋਟ-ਕਚਹਿਰੀ ਜਾਂ ਜਵਾਬ ਦੇਣ ਦੇ ਘੇਰੇ ਵਿੱਚ ਸਿੱਖ ਕੌਮ ਦੇ ਵੱਲੋਂ ਨਹੀਂ ਲਿਆਂਦਾ ਜਾ ਸਕਿਆ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਲੈਟਿਨ ਅਮਰੀਕਾ ਦੇ ਮੁਲਕਾਂ ਵਿੱਚ ਫੌਜੀ ਹੁਕਮਰਾਨਾਂ ਦੇ ਦੌਰਾਨ ਹੋਈਆਂ ਵਧੀਕੀਆਂ ਤੇ ਮਨੁੱਖੀ ਅਧਿਕਾਰਾਂ ਦੇ ਖਣਨ ਲਈ ਜਿੰਮੇਵਾਰ ਵੱਡੇ ਵੱਡੇ ਜਰਨੈਲ ਵਡੇਰੀਆਂ ਉਮਰਾਂ ਵਿੱਚ ਕਾਨੂੰਨੀ ਦਾਰਿਏ ਵਿੱਚ ਲਿਆਂਦੇ ਗਏ, ਜਿਵੇਂ ਕਿ ਚਿੱਲੀ ਦਾ ਇੱਕ ਸਮੇਂ ਦਾ ਫੌਜੀ ਤਾਨਾਸ਼ਾਹ ਪਿਨੋਸ਼ੇ ਜਿਸਨੂੰ ਤਖਤਾ ਬਦਲਣ ਤੇ ਚਿੱਲੀ ਦੇ ਲੋਕਾਂ ਨੇ ਕਟਹਿਰੇ ਵਿੱਚ ਲਿਆ ਖੜਾ ਕੀਤਾ ਸੀ। ਇਸੇ ਤਰਾਂ ਨੈਲਸਨ ਮੰਡੇਲਾ ਨੇ ਸਾਊਥ ਅਫਰੀਕਾ ਵਿੱਚ ਇੱਕ ਕਮਿਸ਼ਨ ਬੈਠਾ ਕੇ ਵਧੀਕੀਆਂ ਕਰਨ ਵਾਲਿਆਂ ਤੋਂ ਉਨਾਂ ਦੀਆਂ ਵਧੀਕੀਆਂ ਬਾਰੇ ਸੁਣਿਆਂ ਤਾਂ ਜੋ ਉਨਾਂ ਨੂੰ ਆਪਣੇ ਵੱਲੋਂ ਕੀਤੀਆਂ ਹੋਈਆਂ ਵਧੀਕੀਆਂ ਦਾ ਅਹਿਸਾਸ ਹੋ ਸਕੇ। ਪੰਜਾਬ ਵਿੱਚ ਕੇ.ਪੀ.ਐਸ. ਗਿੱਲ ਦੇ ਬੇਹਤਾਸ਼ਾ ਤੇ ਬੇਰੋਕ ਰਾਜ ਦੌਰਾਨ ਜੋ ਤਾਂਡਵ ਨਾਚ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਨੌਜਵਾਨਾਂ ਨੇ ਹੰਢਾਇਆ ਜਿਨਾਂ ਵਿੱਚ ਬਹੁਤ ਸਾਰੀਆਂ ਔਰਤਾਂ ਵੀ ਸਨ ਤੇ ਮਾਸੂਮ ਬੱਚਿਆਂ ਨੂੰ ਬਰਫਾਂ ਤੇ ਲਿਟਾ ਕੇ ਮਾਰਨ ਦੀਆਂ ਸਚਾਈਆਂ ਵੀ ਸ਼ਾਮਲ ਹਨ, ਦਾ ਨਾਇਕ ਆਪਣੇ ਨਾਲ ਹੀ ਇੰਨਾ ਸਚਾਈਆਂ ਨੂੰ ਸਮੇਟ ਕੇ ਨਾਲ ਹੀ ਲੈ ਗਿਆ।
ਸਿੱਖ ਕੌਮ ਅੱਜ ਵੀ ਤੇਤੀਵੇਂ ਘੱਲੂਘਾਰੇ ਦਿਵਸ ਤੇ ਇੰਨਾ ਕੌੜੀਆਂ ਸਚਾਈਆਂ ਦੇ ਜਵਾਬ ਲੱਭਣ ਦੀ ਕੋਸ਼ਿਸ ਕਰ ਰਹੀ ਹੈ। ਗਿੱਲ ਦਾ ਅਸਰਦਾਇਕ ਅਤੇ ਨਿਰਣਾਇਕ ਘਾਤਕ ਹੋਣ ਦਾ ਇੱਕ ਮੁੱਖ ਕਾਰਨ ਸਿੱਖ ਸੰਘਰਸ਼ ਦੇ ਨੈਤਿਕਤਾ ਪੱਖੋਂ ਪੂਰੀ ਤਰਾਂ ਮਜਬੂਤ ਨਾ ਹੋਣਾ ਵੀ ਸੀ ਅਤੇ ਨਾ ਹੀ ਇਸ ਕੋਲ ਕੋਈ ਸਾਂਝੀ ਦਿਸ਼ਾ ਸੀ, ਨਾ ਹੀ ਗਿੱਲ ਜਿਹੇ ਸ਼ਖਸ ਦਾ ਮੁਕਾਬਲਾ ਕਰਨ ਲਈ ਸਿੱਖ ਸੰਘਰਸ਼ ਕੋਲ ਕੋਈ ਨਾਇਕ ਸੀ। ਇੰਨਾ ਇਤਿਹਾਸ ਦੇ ਪੰਨਿਆ ਤੇ ਵਿਚਾਰ ਚਰਚਾ ਤਾਂ ਜਰੂਰ ਕਦੀ ਹੋਵੇਗੀ ਉਸ ਤੋਂ ਬਾਅਦ ਹੀ ਪੂਰੀ ਤਰਾਂ ਸਿੱਖ ਸੰਘਰਸ਼ ਦੀ ਰੂਪ ਰੇਖਾ ਵਿਚਾਰੀ ਜਾਵੇਗੀ ਤਾਂ ਜੋ ਭਵਿੱਖ ਲਈ ਸਿੱਖ ਕੌਮ ਦੀ ਕੋਈ ਦਿਸ਼ਾ ਨਿਰਧਾਰਤ ਹੋ ਸਕੇ।
ਗਿੱਲ ਦੀ ਮੌਤ ਨੇ ਪਹਿਲੀ ਵਾਰ ਇਹ ਤਾਂ ਸਾਬਿਤ ਕਰ ਦਿੱਤਾ ਕਿ ਸਰਕਾਰੀ ਜਰਨੈਲ ਹੋਣ ਦੇ ਨਾਤੇ ਗੁਰੁ ਘਰ ਦੇ ਸਾਰੇ ਦਰਵਾਜੇ ਉਸਦੀਆਂ ਅੰਤਿਮ ਰਸਮਾਂ ਲਈ ਬੰਦ ਸਨ ਅਤੇ ਕੁਝ ਕੁ ਕੈਪਟਨ ਅਮਰਿੰਦਰ ਵਰਗੇ ਸਿੱਖਾਂ ਨੂੰ ਛੱਡ ਕੇ ਕੱਦਾਵਾਰ ਸਿੱਖ ਜਾਂ ਲੀਡਰ ਇਸ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਨਹੀਂ ਹੋਇਆ। ਇਹ ਵੀ ਫਖ਼ਰ ਵਾਲੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੇ ਪੂਰੀ ਤਰਾਂ ਬੇਵਾਕ ਹੋ ਕੇ ਗਿੱਲ ਨੂੰ ਸਿੱਖਾਂ ਦਾ ਕਾਤਿਲ ਗਰਦਾਨਿਆ ਹੈ ਤੇ ਅੱਤਵਾਦੀ ਦਾ ਖਿਤਾਬ ਦਿੱਤਾ ਹੈ। ਇਸੇ ਤਰਾਂ ਹੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਨੇ ਵੀ ਇੰਨਾ ਲੀਹਾਂ ਤੇ ਚਲਦਿਆਂ ਗਿੱਲ ਨੂੰ ਸਿੱਖ ਨੌਜਵਾਨੀ ਦਾ ਕਾਤਿਲ ਗਰਦਾਨਿਆਂ ਹੈ।
ਗਿੱਲ ਦੇ ਨਾਲ ਸਿਮਟੇ ਸਿੱਖ ਸੰਘਰਸ਼ ਦੇ ਪੰਨੇ ਕਦੇ ਨਾ ਕਦੇ ਜਰੂਰ ਦੁਨੀਆਂ ਦੇ ਸ਼ਾਹਮਣੇ ਆਉਣਗੇ ਤੇ ਇਸਦੀ ਫਾਸੀਵਾਦ ਨੀਤੀ ਤੇ ਦਰਿੰਗਦੀ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ। ਇਸ ਤਰਾਂ ਦੀ ਸ਼ਖਸੀਅਤ ਨੂੰ ਆਪਣੇ ਹੀ ਧਰਮ ਵੱਲੋਂ ਆਤਮਿਕ ਸਾਂਤੀ ਲਈ ਅੰਤਿਮ ਅਰਦਾਸ ਲਈ ਜਗਾ ਨਾ ਦੇਣ ਤੇ ਇਸੇ ਦੀ ਕਤਾਰ ਵਿੱਚ ਖੜੇ ਸਿੱਖ ਕੌਮ ਦੇ ਕਾਤਿਲ ਸੋਚਣ ਲਈ ਮਜਬੂਰ ਤਾਂ ਜਰੂਰ ਹੋਣਗੇ।