ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦੀ ਸੱਤਾ ਸੰਭਾਲੀ ਹੈ ਉਸਨੇ ਸਿੱਖ ਪੰਥ ਦੇ ਇੱਕ ਕੇਂਦਰੀ ਅਹਿਸਾਸ ਸੰਗਤ ਦਾ ਸਹਾਰਾ ਲੈਕੇ ਆਪਣੀ ਨੀਵੀਂ ਰਾਜਨੀਤੀ ਨੂੰ ਚਲਾਉਣ ਦਾ ਯਤਨ ਲਗਾਤਾਰ ਅਰੰਭਿਆ ਹੋਇਆ ਹੈ। ਹਫਤੇ ਦੇ ਕੁਝ ਦਿਨ ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਮ ਲਸ਼ਕਰ ਨਾਲ ਨਿਕਲਦੇ ਹਨ ਅਤੇ ਪਹਿਲਾਂ ਤੋਂ ਹੀ ਨਿਰਧਾਰਤ ਕੀਤੇ ਹੋਏ ਥਾਂ ਤੇ ਜਾ ਬਿਰਾਜਦੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਕਥਿਤ ਸੰਗਤ ਦਰਸ਼ਨ ਵਾਲੀ ਜਗ੍ਹਾ ਤੇ ਦੋ ਤਿੰਨ ਦਿਨ ਪਹਿਲਾਂ ਹੀ ਪੁਲਿਸ ਅਤੇ ਫੌਜੀ ਦਲਾਂ ਦਾ ਪਹਿਰਾ ਲਗਾ ਦਿੱਤਾ ਜਾਂਦਾ ਹੈ। ਵੱਡੇ ਵੱਡੇ ਗੇਟ ਲਗਾ ਕੇ ਸਾਰੇ ਇਲਾਕੇ ਨੂੰ ਵਲ ਲਿਆ ਜਾਂਦਾ ਹੈ ਤਾਂ ਕਿ ਆਮ ਸੰਗਤ ਤਾਂ ਕੀ ਚਿੜੀ ਵੀ ਪਰ ਨਾ ਮਾਰ ਸਕੇ। ਫਿਰ ਇਲਾਕੇ ਦੇ ਲੰਬੜਦਾਰਾਂ (ਜਥੇਦਾਰਾਂ) ਵੱਲੋਂ ਚੁਣੇ ਹੋਏ ਕੁਝ ਲਾਚਾਰ ਅਤੇ ਕੁਝ ਲਾਲਚੀ ਕਿਸਮ ਦੇ ਲੋਕਾਂ ਨੂੰ ਬਹੁਤ ਹੀ ਬੇਦਰਦੀ ਨਾਲ ‘ਸੰਗਤ ਦਰਸ਼ਨ’ ਵਿੱਚ ਜਾਣ ਦਾ ਪਰਮਿਟ ਮਿਲਦਾ ਹੈ। ਹਲਾਂਕਿ ਸਿੱਖ ਗੁਰੂ ਸਾਹਿਬਾਨ ਨੇ ਕਿਸੇ ਤੇ ਵੀ ਸੰਗਤ ਵਿੱਚ ਆਉਣ ਤੋਂ ਰੋਕ ਨਹੀ ਲਗਾਈ ਪਰ ਪੰਜਾਬ ਦੇ ਸੂਬੇਦਾਰ ਦੇ ‘ਸੰਗਤ ਦਰਸ਼ਨ’ ਵਿੱਚ ਸਿਰਫ ਲਾਚਾਰ ਅਤੇ ਲਾਲਚੀ ਲੋਕ ਹੀ ਜਾ ਸਕਦੇ ਹਨ। ਫਿਰ ਸੰਗਤ ਦਰਸ਼ਨ ਦੇ ਨਾਅ ਤੇ ਉਸ ਵਿਅਕਤੀ ਦਾ ਦਰਬਾਰ ਲਗਦਾ ਹੈ ਜੋ ਕੇਵਲ ਲਾਚਾਰ ਅਤੇ ਲਾਲਚੀ ਲੋਕਾਂ ਨੂੰ ਹੀ ਦੇਖਣਾਂ ਚਾਹੁੰਦਾ ਹੈ।
ਜਦੋਂ ਪਿੰਡਾਂ ਦੇ ਗਰੀਬ ਅਤੇ ਲਾਚਾਰ ਬਜ਼ੁਰਗ ਸਮੇਂ ਦੇ ਹਾਕਮ ਦੇ ਸਾਹਮਣੇ ਆਪਣੀਆਂ ਛੋਟੀਆਂ ਛੋਟੀਆਂ ਜਰੂਰਤਾਂ ਲਈ ਹੱਥ ਬੰਨ੍ਹਕੇ ਖੜ੍ਹੇ ਹੁੰਦੇ ਹਨ ਤਾਂ ਸਮੇਂ ਦੇ ਹਾਕਮ ਦੀ ਖੁਸ਼ੀ ਸੰਭਾਲੀ ਨਹੀ ਜਾਂਦੀ ਅਤੇ ਉਹ ਸੱਚਮੁੱਚ ਆਪਣੇ ਆਪ ਨੂੰ ਵਕਤ ਦਾ ਮਹਾਰਾਜਾ ਸਮਝਣ ਲਗਦਾ ਹੈ ਅਤੇ ਉਸਦੇ ਸਾਹਮਣੇ ਖੜ੍ਹੀ ਲਾਚਾਰ ਪਰਜਾ ਦਾ ਉਹ ਸਰਦਾਰ ਬਣ ਜਾਂਦਾ ਹੈ।
‘ਸੰਤ ਸਿਆਸਤਦਾਨ’ ਨੇ ਆਪਣੀ ਸਾਰੀ ਰਾਜਸੀ ਜਿੰਦਗੀ ਅਜਿਹੇ ਲਾਚਾਰ ਲੋਕਾਂ ਦੀ ਲਾਚਾਰਗਰੀ ਦਾ ਮਜ਼ਾਕ ਉਡਾਉਣ ਵਿੱਚ ਹੀ ਲਗਾ ਦਿੱਤੀ ਹੈ। ਉਸਦੇ ਮਨ ਵਿੱਚ ਕਦੇ ਵੀ ਇਨ੍ਹਾਂ ਲਾਚਾਰ ਲੋਕਾਂ ਦੇ ਜੀਵਨ ਨੂੰ ਸੁਧਾਰਨ ਦਾ ਫੁਰਨਾ ਨਹੀ ਹੁੰਦਾ, ਕੁਂਉਂਕਿ ਉਹ ਅਕਸਰ ਆਪਣੇ ਘੇਰੇ ਦੇ ਲੋਕਾਂ ਨੂੰ ਕਹਿੰਦਾ ਰਹਿੰਦਾ ਹੈ ਕਿ ਜੇ ਇਨ੍ਹਾਂ ਦੀ ਜਿੰਦਗੀ ਸੁਧਰ ਗਈ ਤਾਂ ਫਿਰ ਸਾਨੂੰ ਸਰਦਾਰ ਕੀਹਨੇ ਆਖਣਾਂ ਹੈ।
ਫਿਰ ਸਮੇਂ ਦੇ ਹਾਕਮ ਦੇ ਦਰਬਾਰ ਵਿੱਚ ਲਾਲਚੀ ਕਿਸਮ ਦੇ ਲੋਕਾਂ ਦਾ ਪ੍ਰਵੇਸ਼ ਹੁੰਦਾ ਹੈ ਜਿਨ੍ਹਾਂ ਨੇ ਸਰਕਾਰੀ ਪੈਸਾ ਆਪਣੀ ਐਸ਼ ਲਈ ਉਡਾਉਣਾਂ ਹੁੰਦਾ ਹੈ। ਸਮੇਂ ਦਾ ਹਾਕਮ ਫਿਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਅਤੇ ਪੰਜਾਬ ਨੂੰ ਗਹਿਣੇ ਰੱਖ ਕੇ ਕਰਜ਼ ਤੇ ਲਿਆ ਪੈਸਾ ਅਜਿਹੇ ਲਾਲਚੀ ਲੋਕਾਂ ਨੂੰ ਵੰਡਦਾ ਹੈ ਅਤੇ ਨਾਲ ਹੀ ਤਾਕੀਦ ਕਰਦਾ ਰਹਿੰਦਾ ਹੈ ਕਿ ਵੋਟਾਂ ਕਿਸੇ ਹੋਰ ਨੂੰ ਨਾ ਪਾਇਓ।
ਪਿਛਲੇ ਦਿਨੀ ਜਲੰਧਰ ਛਾਉਣੀ ਇਲਾਕੇ ਦੇ ਸੰਗਤ ਦਰਸ਼ਨ ਦੌਰਾਨ ਜਦੋਂ ਇਲਾਕੇ ਦੇ ਵਿਧਾਇਕ ਰਹਿ ਚੁੱਕੇ ਪਰਗਟ ਸਿੰਘ ਨੇ ‘ਸੰਤ ਸਿਆਸਤਦਾਨ’ ਦੇ ਦਰਸ਼ਨ ਕਰਨੇ ਚਾਹੇ ਤਾਂ ਸੰਗਤ ਦੇ ਰੁਹਾਨੀ ਅਸੂਲਾਂ ਦੇ ਖਿਲਾਫ ਸਮੇਂ ਦੇ ਹਾਕਮ ਦੀ ਪੁਲਿਸ ਨੇ ਉਨ੍ਹਾਂ ਨੂੰ ਵੀ ‘ਸੰਤ ਸਿਆਸਤਦਾਨ’ ਦੇ ਦਰਸ਼ਨ ਕਰਨ ਤੋਂ ਰੋਕੀ ਰੱਖਿਆ। ਪਰ ਆਖਰ ਜਦੋਂ ਪ੍ਰਗਟ ਸਿੰਘ ਆਪਣੀ ਜਿੱਦ ਅਤੇ ਧਰਨਾ ਲਾਉਣ ਦੀ ਧਮਕੀ ਦੇ ਕੇ ‘ਸੰਗਤ ਦਰਸ਼ਨ’ ਵਿੱਚ ਜਾਣ ਵਿੱਚ ਕਾਮਯਾਬ ਹੋ ਗਿਆ ਅਤੇ ‘ਸੰਤ ਸਿਆਸਤਦਾਨ’ ਦੇ ਦਰਸ਼ਨ ਕਰਨ ਦਾ ‘ਸੁਭਾਗ’ ਉਸ ਨੂੰ ਵੀ ਪ੍ਰਾਪਤ ਹੋ ਗਿਆ ਤਾਂ ਸਮੇਂ ਦੇ ਹਾਕਮ ਨੇ ਉਸਦੀ ਕਿਸੇ ਮੰਗ ਦਾ ਕੋਈ ਹੰਗਾਰਾ ਨਹੀ ਭਰਿਆ। ਜਦੋਂ ਪਰਗਟ ਸਿੰਘ ਨੇ ਪੁਛਿਆ ਕਿ ਕੀ ਸਾਲਿਡ ਵੇਸਟ ਪਲਾਂਟ ਲਗਾਉਣ ਜਾਂ ਨਾ ਲਗਾਉਣ ਬਾਰੇ ‘ਸੰਤ ਸਿਆਸਤਦਾਨ’ ਦਾ ਕੀ ਵਿਚਾਰ ਹੈ ਤਾਂ ਸਮੇਂ ਦੇ ਹਾਕਮ ਨੇ ਆਖਿਆ ਕਿ ਜਲੰਧਰ ਛਾਉਣੀ ਵਿੱਚ ਸਾਲਿਡ ਵੇਸਟ ਪਲਾਂਟ ਨਹੀ ਲੱਗੇਗਾ ਜਦੋਂ ਪਰਗਟ ਸਿੰਘ ਨੇ ਇਸ ਸਬੰਧੀ ਕੋਈ ਲਿਖਤੀ ਹੁਕਮ ਜਾਂ ਕੈਬਨਿਟ ਦਾ ਕੋਈ ਮਤਾ ਦਿਖਾਉਣ ਦੀ ਮੰਗ ਕੀਤੀ ਤਾਂ ‘ਸੰਤ ਸਿਆਸਤਦਾਨ’ ਕੋਲ ਦਿਖਾਉਣ ਲਈ ਕੁਝ ਵੀ ਨਹੀ ਸੀ।
ਅਸੀਂ ਸਮਝਦੇ ਹਾਂ ਕਿ ਸਮੇਂ ਦੇ ਹਾਕਮ ਨੂੰ ਸਿੱਖੀ ਦੇ ਰੁਹਾਨੀ ਸਿਧਾਂਤ ਸੰਗਤ ਦਾ ਸਹਾਰਾ ਲੈ ਕੇ ਆਪਣੀ ਘਟੀਆ ਰਾਜਨੀਤੀ ਨਹੀ ਕਰਨੀ ਚਾਹੀਦੀ ਖਾਸ ਕਰਕੇ ਉਸ ਹਾਲਤ ਵਿੱਚ ਜਦੋਂ ਉਥੇ ਵੰਡਿਆ ਜਾਣ ਵਾਲਾ ਪੈਸਾ ਪੰਜਾਬ ਨੂੰ ਵੇਚਕੇ ਵੰਡਿਆ ਜਾ ਰਿਹਾ ਹੋਵੇ ਅਤੇ ਉਸਦਾ ਮਕਸਦ ਪੰਜਾਬ ਦੇ ਵਿਕਾਸ ਨਾਲੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਦਾ ਹੋਵੇ।
ਕੋਈ ਵੀ ਚੰਗਾ ਰਾਜਨੀਤੀਵਾਨ ਸਿਰਫ ਚੰਗੇ ਕੰਮ ਕਰਦਾ ਹੈ। ਜੇ ਲੋਕ ਸਮਝਦੇ ਹਨ ਕਿ ਸਮੇਂ ਦੇ ਹਾਕਮ ਨੇ ੁਉਨ੍ਹਾਂ ਲਈ ਕੋਈ ਚੰਗਾ ਕੰਮ ਕੀਤਾ ਹੈ ਤਾਂ ਉਹ ਜਰੂਰ ਉਸ ਇਮਾਨਦਾਰ ਸਿਆਸਤਦਾਨ ਨੂੰ ਦੁਬਾਰਾ ਵੋਟ ਪਾਉਣਗੇ। ਪਰ ਜੇ ਸੰਗਤ ਦਰਸ਼ਨ ਵਰਗੇ ਪਵਿੱਤਰ ਸਿਧਾਂਤ ਦਾ ਸਹਾਰਾ ਵੀ ਆਪਣੇ ਨਿੱਜੀ ਮੁਫਾਦਾਂ ਲਈ ਲੈਣਾਂ ਹੈ। ਤਾਂ ਲੋਕ ਬਹੁਤ ਦੇਰ ਅਜਿਹੇ ਸਿਆਸਤਦਾਨ ਤੇ ਵਿਸ਼ਵਾਸ਼ ਨਹੀ ਕਰਨਗੇ।