ਇਹ ਹਫਤਾ ਸਿੱਖ ਸ਼ਹੀਦੀਆਂ ਦੇ ਹਫਤੇ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਦੌਰਾਨ ਗੁਰੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਤੇ ਚਾਰ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਹੋਈ। ਗੁਰੁ ਗੋਬਿੰਦ ਸਿੰਘ ਜੀ ਸਿੱਖ ਸੰਗਤ ਤੋਂ ਵਿੱਛੜ ਗਏ। ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਢਿਆਂ ਭਰੇ ਰਾਹਾਂ ਦੇ ਰੂਬਰੂ ਹੋਏ। ਪਰ ਉਨਾਂ ਨੇ ਆਪਣਾ ਸਿੱਖੀ ਸਿਦਕ ਤੇ ਪੰਥ ਪ੍ਰਤੀ ਆਪਣਾ ਜ਼ਜਬਾ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੋਣ ਦਿੱਤਾ। ਸਗੋਂ ਇਨਾਂ ਅਤਿ ਕਠਿਨਾਈਆਂ ਭਰੇ ਰਾਹਾਂ ਤੇ ਚਲਦਿਆਂ ਧਰਤੀ ਦੀ ਹਿੱਕ ਤੇ ਬੈਠ ਕੇ ਇਸ ਸ਼ਬਦ ਦੀ ਰਚਨਾ ਕੀਤੀ – ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।’
ਇਹ ਸ਼ਹੀਦੀਆਂ ਸਿੱਖੀ ਦੀ ਬੁਨਿਆਦ ਹਨ। ਇਸ ਬੁਨਿਆਦ ਦੇ ਵਿੱਚ ਦੋ ਛੋਟੇ ਸਾਹਿਬਜਾਦੇ ਇੱਟਾਂ ਦੀਆਂ ਦੀਵਾਰਾਂ ਵਿੱਚ ਚੁਣੇ ਗਏ ਪਰ ਉਨਾਂ ਨੇ ਆਪਣਾ ਦੀਨ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸੇ ਠੰਡੇ ਬੁਰਜ ਵਿੱਚ ਜਿਥੇ ਉਨਾਂ ਨੂੰ ਰਖਿਆ ਗਿਆ ਸੀ ਉਥੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੀ ਹੌਸਲਾ ਅਫਜਾਈ ਕਰਦਿਆਂ ਹੋਇਆਂ ਸ਼ਹਾਦਤ ਦਾ ਜ਼ਾਮ ਪੀ ਗਏ ਸਨ। ਇਸੇ ਤਰਾਂ ਸਿੱਖੀ ਦੀ ਬੁਨਿਆਦ ਪੱਕਿਆਂ ਕਰਨ ਲਈ ਵੱਡੇ ਦੋਨੋਂ ਸਾਹਿਬਜਾਦੇ ਚਮਕੌਰ ਦੀ ਗੜੀ ਵਿੱਚ ਆਪਣੇ ਦੁਸ਼ਮਣ ਮੁਗਲਾਂ ਨੂੰ ਲਲਕਾਰਦੇ ਹੋਏ ਲਹੂ ਲੁਹਾਣ ਹੋ ਕਿ ਸ਼ਹੀਦੀ ਦਾ ਜ਼ਾਮ ਪੀ ਗਏ। ਇਸੇ ਤਰਾਂ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਤੇ ਹੋਰ ਚਾਲੀ ਸਿੰਘ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਲੱਖਾਂ ਦੀ ਮੁਗਲ ਫੌਜ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਇਸ ਸਭ ਦੇ ਬਾਵਜੂਦ ਗੁਰੂ ਸਾਹਿਬ ਪੰਜ ਸਿੰਘ ਸਾਹਿਬਾਂ ਦਾ ਬਚਨ ਮੰਨਦੇ ਹੋਏ ਗੁਰੂ ਪੰਥ ਨੂੰ ਚਲਦਾ ਰੱਖਣ ਲਈ ਚਮਕੌਰ ਦੀ ਗੜੀ ਨੂੰ ਛੱਡਣ ਦਾ ਨਿਰਣਾ ਲੈਂਦੇ ਹਨ ਤੇ ਦੁਸ਼ਮਣਾਂ ਨੂੰ ਲਲਕਾਰਦੇ ਹੋਏ ਹਿੰਦ ਦਾ ਪੀਰ ਬਣਕੇ ਆਪਣੇ ਪੰਥ ਰਾਹ ਤੇ ਤੁਰਦੇ ਗਏ।
ਇਥੇ ਇਹ ਸੋਚਣਾ ਗਲਤ ਹੋਵੇਗਾ ਕਿ ਉਸ ਸਮੇਂ ਦੀ ਸਿੱਖਾਂ ਦੀ ਲੜਾਈ ਹਿੰਦੂ ਰਾਸ਼ਟਰ ਨਾਲ ਕਿਸੇ ਤਰਾਂ ਵੀ ਸ਼ਾਮੂਲੀਅਤ ਰੱਖਦੀ ਸੀ। ਇਹ ਤਾਂ ਸਗੋਂ ਸਿੱਖ ਧਰਮ ਦੀ ਅਜ਼ਾਦ ਪ੍ਰਭੂਤਾ ਲਈ ਲੜੀ ਜਾ ਰਹੀ ਜੰਗ ਦਾ ਹੀ ਇੱਕ ਹਿੱਸਾ ਸੀ। ਭਾਵੇਂ ਬਾਅਦ ਦੇ ਇਤਿਹਾਸਕਾਰਾਂ ਨੇ ਸਿੱਖਾਂ ਦੇ ਇਸ ਪੰਥ ਪ੍ਰਤੀ ਜ਼ਜਬੇ ਨੂੰ ਹਿੰਦੂ ਰਾਸ਼ਟਰ ਦੀ ਰਖਵਾਲੀ ਦਾ ਇੱਕ ਰਾਹ ਦਸਿਆ ਹੈ ਤਾਂ ਜੋ ਸਿੱਖ ਧਰਮ ਨੂੰ ਇੱਕ ਤਰਾਂ ਨਾਲ ਹਿੰਦੂ ਧਰਮ ਦਾ ਹਿੱਸਾ ਦਰਸਾ ਕਿ ਆਪਣੇ ਅਧੀਨ ਰਖਿਆ ਜਾ ਸਕੇ।
ਅੱਜ ਸਮੇਂ ਦਾ ਇੱਕ ਸੰਯੋਗ ਹੈ ਕਿ ਜਿਹੜੀਆਂ ਮੁਗਲ ਤਾਕਤਾਂ ਨੇ ਸਿੱਖ ਧਰਮ ਦਾ ਖੁਰਾ-ਖੋਜ ਮਿਟਾਉਣ ਦੀ ਤਾਕਤ ਅਜ਼ਮਾਈ ਕੀਤੀ ਉਹ ਅੱਜ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪ ਲਹੂ ਲੁਹਾਣ ਹੋ ਰਿਹਾ ਹੈ। ਚਾਹੇ ਉਹ ਸੀਰੀਆ ਦਾ ਮੁਲਕ ਹੋਵੇ ਜਾਂ ਇਰਾਕ, ਜੇਮਨ, ਲੀਬੀਆ ਹੋਵੇ, ਉਹ ਅੱਜ ਅਜਿਹੀ ਜੰਗ ਵਿੱਚ ਘਿਰੇ ਹੋਏ ਹਨ ਜਿਸ ਦੇ ਨਤੀਜੇ ਵਜੋਂ ਅੱਜ ਦੁਨੀਆਂ ਵਿੱਚ ‘ਮਾਨਵਤਾ ਦਿਵਸ’ ਉਪਰ ਜਿਸ ਨੂੰ ੧੮ ਦਸੰਬਰ ਨੂੰ ਮਨਾਇਆ ਜਾਂਦਾ ਹੈ, ਤੇ ਇਹ ਦਿਸ਼ਾ ਸਾਹਮਣੇ ਆ ਰਹੀ ਹੈ ਕਿ ਅੱਜ ਮੁਸਲਮਾਨ ਭਾਈਚਾਰੇ ਨਾਲ ਸਬੰਧਤ ੩.੩% ਦੁਨੀਆਂ ਦੀ ਵਸੋਂ ਦਾ ਹਿੱਸਾ ਘਰੋਂ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਇਸ ਦਾ ਕੁੱਲ ਹਿੱਸਾ ੬੪ ਮਿਲੀਅਨ ਬੰਦਾ ਬਣਦਾ ਹੈ। ਜਿਸ ਵਿਚੋਂ ਮਾਸੂਮ ਬੱਚੇ ੨੮ ਮਿਲੀਅਨ ਬਣਦੇ ਹਨ ਅਤੇ ਹਰ ਰੋਜ ੨੦ ਦੇ ਕਰੀਬ ਇਹ ਮੁਸਲਮਾਨ ਸ਼ਰਨਾਰਥੀ ਸਮੁੰਦਰ ਦੀ ਭੇਂਟ ਚੱੜ ਰਹੇ ਹਨ।
ਇਹ ਦੁਨੀਆਂ ਦੀ ਫਿਤਰਤ ਹੀ ਹੈ ਕਿ ਕਿਸੇ ਸਮੇਂ ਦੁਨੀਆਂ ਤੇ ਰਾਜ ਕਰਨ ਵਾਲੀਆਂ ਤਾਕਤਾਂ ਅਤੇ ਮਜ਼ਲੂਮ ਲੋਕਾਂ ਤੇ ਤਸੀਹੇ ਤੇ ਅੱਤਿਆਚਾਰ ਕਰਨ ਵਾਲੀ ਤਾਕਤ ਅੱਜ ਆਪ ਥਾਂ ਥਾਂ ਤੇ ਜਿੰਦਗੀ ਦੀ ਭੀਖ ਤਾਂ ਮੰਗ ਹੀ ਰਹੇ ਹਨ ਸਗੋਂ ਉਹ ਮੁਲਕ ਜਿੰਨਾਂ ਵਿਚੋਂ ਭਾਰਤ ਵਿੱਚ ਮੁਗਲ ਧਾੜਵੀ ਆਏ ਸੀ ਉਹ ਵੀ ਅੱਜ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਬੇਵੱਸ ਤੇ ਲਾਚਾਰ ਹਨ।
ਗੁਰੁ ਮਹਾਰਾਜ ਦੀਆਂ ਦਿੱਤੀਆਂ ਕੁਰਬਾਨੀਆਂ ਕਦੀ ਬੇਅਰਥ ਨਹੀ ਜਾਂਦੀਆਂ। ਅੱਜ ਲੋੜ ਹੈ ਸਿੱਖ ਕੌਮ ਨੂੰ ਇੰਨਾਂ ਕੁਰਬਾਨੀਆਂ ਨੂੰ ਈਸਾਈ ਧਰਮ ਦੇ ਕਰੌਸ ਦੀ ਤਰਾਂ ਆਪਣੇ ਗਲ ਨਾਲ ਲਗਾ ਕੇ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਕਦੀ ਸਿੱਖੀ ਤੋਂ ਬੇਮੁੱਖ ਹੋ ਕਿ ਇੰਨਾਂ ਕੁਰਬਾਨੀਆਂ ਨੂੰ ਭੁੱਲ ਨਾ ਜਾਵਣ। ਜਿਸ ਤਰਾਂ ਦੀ ਦਰਿੰਦਗੀ ਅੱਜ ਮੁਸਲਮਾਨਾਂ ਵੱਲੋਂ ਆਪਣੇ ਭਾਈਚਾਰੇ ਤੇ ਪੱਛਮੀ ਮੁਲਕਾਂ ਦੇ ਫੜੇ ਗਏ ਪੱਤਰਕਾਰ ਤੇ ਬੰਦੀ ਬਣਾਏ ਇਨਸਾਨਾਂ ਨਾਲ ਵਰਨ ਰਹੀ ਹੈ, ਉਹ ਇਹੀ ਚੇਤੇ ਕਰਾਉਂਦੀ ਹੈ ਕਿ ਸਿੱਖ ਕੌਮ ਨੇ ਕਿਸ ਤਰਾਂ ਇਸ ਧਰਮ ਵੱਲੋਂ ਭਾਰਤ ਵਿੱਚ ਕੀਤੇ ਰਾਜ ਦੌਰਾਨ ਆਪਣੀ ਖੁਦਮੁਖਤਿਆਰ ਹਸਤੀ ਨੂੰ ਕਾਇਮ ਰੱਖਣ ਲਈ ਲਹੂ ਲੁਹਾਣ ਤੇ ਚੀਰ-ਫਾੜ ਕਰਵਾਈ ਸੀ।