ਪੰਜਾਬ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਵਿੱਚ ਤੀਜੀ ਵੱਡੀ ਸਦਭਾਵਨਾ ਰੈਲੀ ਕੀਤੀ ਜਾ ਰਹੀ ਹੈ। ਇਹ ਪਹਿਲੀਆਂ ਦੋ ਵੱਡੀਆਂ ਰੈਲੀਆਂ ਵਾਂਗ ਸਰਕਾਰੀ ਦਬਾਅ ਥੱਲੇ ਲਿਆਂਦੇ ਲੋਕਾਂ ਦੇ ਇੱਕਠ ਨੂੰ ਆਪ-ਮੁਹਾਰਾ ਆਇਆ ਲੋਕਾਂ ਦਾ ਇੱਕਠ ਦਰਸਾ ਕੇ ਆਮ ਸਿੱਖਾਂ ਵੱਲੋਂ ਗੁਰੂ ਦੇ ਅੰਗਾਂ ਦੀ ਹੋਈ ਬੇਅਦਬੀ ਅਤੇ ਰੁਲ ਰਹੀ ਕਿਸਾਨ ਦੀ ਖੇਤੀ ਤੇ ਹੋਰ ਮੁਢਲੀਆਂ ਜਰੂਰਤਾਂ ਦੀਆਂ ਲੋੜਾਂ ਤੋਂ ਦੁਖੀ ਹੋਏ ਸਿੱਖਾਂ ਦੇ ਤੀਹ ਸਾਲ ਬਾਅਦ ਹੋਏ ਪਿੰਡ ਚੱਬੇ ਵਿੱਚਲੇ ਪੰਥਕ ਇੱਕਠ ਨੂੰ ਨੀਵਾਂ ਦਿਖਾਉਣ ਲਈ ਕੀਤੇ ਜਾ ਰਹੇ ਝੂਠੀਆਂ ਰੈਲੀਆਂ ਦੇ ਉਪਰਾਲੇ ਸ਼੍ਰੋਮਣੀ ਅਕਾਲੀ ਦਲ ਨੂੰ (ਮੇਰੇ ਖਿਆਲ ਨਾਲ) ਆਮ ਗੁਰੂ ਪਿਆਰੀ ਤੇ ਨਾਮ ਲੇਵਾ ਸਿੱਖ ਸੰਗਤ ਤੋਂ ਕੋਹਾਂ ਦੂਰ ਲਿਜਾ ਰਿਹਾ ਹੈ।
ਅੱਜ ਪੰਜਾਬ ਅੰਦਰ ਇਹ ਕੋਈ ਵਿਚਾਰ ਚਰਚਾ ਨਹੀਂ ਕਿ ਹਰ ਰੋਜ ਇੱਕ ਤੋਂ ਦੋ ਪੰਜਾਬੀ ਕਿਸਾਨ ਜ਼ਹਿਰ ਪੀ ਕੇ ਜਾਂ ਫਾਹਾ ਲੈ ਕੇ ਜਾਂ ਗੱਡੀਆਂ ਥੱਲੇ ਆ ਕੇ ਖੁਦਕਸ਼ੀਆਂ ਕਿਉਂ ਕਰ ਰਹੇ ਹਨ? ਜੇ ਪਿਛਲੀ ਸਦੀ ਦੇ ਮੁੱਢ ਵੱਲ ਧਿਆਨ ਮਾਰਿਆ ਜਾਵੇ ਜਦੋਂ ਕਿਸਾਨੀ ਦਾ ਜੀਵਨ ਪੱਧਰ ਇੱਕ ਫਸਲ ਤੇ ਕੁਦਰਤ ਦੇ ਆਸਰੇ ਕੱਚੇ ਘਰਾਂ ਵਿੱਚ ਰਹਿ ਕੇ ਬਤੀਤ ਹੁੰਦਾ ਸੀ ਤੇ ਰੁੱਖੀ ਸੁੱਖੀ ਖਾ ਕੇ ਜੀਵਨ ਦਾ ਅਨੰਦ ਮਾਣਦੇ ਹੋਏ ਕਿਸਾਨ ਕਦੇ ਖੁਦਕਸ਼ੀ ਵੱਲ ਨੂੰ ਵਧੇ ਹੀ ਨਹੀਂ ਸੀ ਪਰ ਜੇ ਪੂਰੇ ਭਾਤਰ ਅੰਦਰ ਝਾਤ ਮਾਰੀਏ ਤਾਂ ਪਿਛਲੇ ੧੦-੧੨ ਸਾਲਾਂ ਵਿੱਚ ਪੰਦਰਾਂ ਲੱਖ ਤੋਂ ਉੱਪਰ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਤਕਰੀਬਨ ਪੰਜਾਹ ਹਜ਼ਾਰ ਤੋਂ ਉੱਪਰ ਪਿਛਲੇ ਦਸ ਅੰਦਰ ਇਹ ਖੁਦਕਸ਼ੀਆਂ ਹੋਈਆਂ ਹਨ। ਪੰਜਾਬ ਵਿੱਚ ਸਦਭਾਵਨਾ ਰੈਲੀਆਂ, ਕੀ ਖੁਦਕਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਕੋਈ ਦਿਲਾਸਾ ਦੇ ਸਕਣਗੀਆਂ? ਕਿਉਂਕਿ ਇਹਨਾਂ ਸਦਭਾਵਨਾ ਰੈਲੀਆਂ ਦਾ ਤਾਂ ਇਕੋ ਇੱਕ ਨਿਸ਼ਾਨਾ ਹੈ ਕਿ ਦਹਾਕਿਆਂ ਬਾਅਦ ਇੰਨੇ ਨਾਮਲੇਵਾ ਸਿੱਖ ਆਪ-ਮੁਹਾਰੇ ਪਿੰਡ ਚੱਬੇ ਵਿਖੇ ਨਮਸਤਕ ਕਿਵੇਂ ਹੋ ਗਏ। ਤਾਂ ਹੀ ਤਾਂ ਕਦੇ ਉਸ ਪੰਥਕ ਇੱਕਠ ਨੂੰ ਕਾਂਗਰਸ ਦਾ ਇੱਕਠ ਦੱਸਦੇ ਹਨ ਜਾਂ ਵੱਖਵਾਦੀਆਂ ਦਾ ਟੋਲਾ ਦੱਸਦੇ ਹਨ ਅਤੇ ਜਿਸ ਰੋਸ ਵਜੋਂ ਇਹ ਭਾਰੀ ਪੰਥਕ ਇੱਕਠ ਹੋਇਆ ਸੀ ਜਿਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮ ਦੇ ਮੋਢੀ ਵਜੋਂ ਸਟੇਜ ਤੇ ਬੈਠੇ ਜਥੇਦਾਰਾਂ ਨੇ ਸੰਗਤ ਦੀ ਪ੍ਰਵਾਨਗੀ ਲੈ ਕੇ ਜਥੇਦਾਰ ਐਲਾਨ ਦਿੱਤਾ ਸੀ। ਭਾਵੇਂ ਅੱਜ ਤੱਕ ਇੰਨੇ ਦਿਨਾਂ ਬਾਅਦ ਵੀ ਜਥੇਦਾਰ ਹਵਾਰਾ ਵੱਲੋਂ ਇਸ ਸੇਵਾ ਨੂੰ ਸਵੀਕਾਰਨ ਜਾਂ ਨਕਾਰਨ ਦਾ ਸੰਦੇਸ਼ ਬਾਹਰ ਸਿੱਖ ਕੌਮ ਲਈ ਨਹੀਂ ਆਇਆ ਹੈ ਅਤੇ ਨਾ ਹੀ ਸਿੱਖ ਕੌਮ ਨੂੰ ਕੋਈ ਦਿਸ਼ਾ ਜਾਂ ਵਿਧੀ ਵਿਸ਼ੇਸਤਾ ਦਾ ਸੁਨੇਹਾ ਉਨਾਂ ਵੱਲੋਂ ਆਇਆ ਹੈ। ਇਸਬਾਰੇ ਮੈਂ ਸੋਚਦਾ ਹਾਂ ਕਿ ਅੱਜ ਸਿੱਖ ਕੌਮ ਅੰਦਰ ਜੋ ਤੜਪ ਤੇ ਪੀੜ ਹੈ ਅਤੇ ਸਰਕਾਰ ਵੱਲੋਂ ਅੱਜ ਵੀ ਉਸ ਨੂੰ ਅਣਗੌਲਿਆ ਜਾ ਰਿਹਾ ਹੈ ਨੂੰ ਇੱਕ ਸੁੱਚਜੇ, ਪੜੇਲਿਖੇ, ਦੁਨੀਆਂ ਨੂੰ ਜਾਣਨ ਵਾਲੇ ਸਿੱਖ ਮਲਾਹਾਂ ਦੀ ਜਰੂਰਤ ਹੈ। ਜਿਸਦੀ ਘਾਟ ਕਾਰਨ ਪਿਛਲੇ ਤੀਹਾਂ ਸਾਲਾਂ ਵਿੱਚ ਸਿੱਖ ਕੌਮ ਨੂੰ ਕੋਈ ਵੀ ਅਜਿਹਾ ਦਿਸ਼ਾ-ਨਿਰਦੇਸ਼ ਸਾਹਮਣੇ ਨਹੀਂ ਆਇਆ, ਸਿਵਾਏ ਨਾਅਰਿਆਂ ਤੋਂ। ਜੋ ਸਿੱਖ ਕੌਮ ਨੂੰ ਭਾਈਚਾਰਕ ਸਾਂਝ ਵਿੱਚ ਬੰਨ ਕੇ ਕੌਮ ਲਈ ਕੋਈ ਨਵੀਂ ਰੂਪ-ਰੇਖਾ ਉਲੀਕ ਸਕੇ।
ਜਿਹੜੇ ਬੰਦੇ ਪੱਛਮੀ ਮੁਲਕਾਂ ਵਿੱਚ ਸਿੱਖ ਕੌਮ ਨਾਲ ਜ਼ਜਬਾਤੀ ਤੌਰ ਉਤੇ ਅਤੇ ਸਿੱਖ ਕੌਮ ਦੀ ਚੜਦੀ ਕਲਾ ਲਈ ਜੁੜੇ ਹੋਏ ਹਨ ਉਨਾਂ ਵੱਲੋਂ ਵੀ ਜੋ ਸੁਨੇਹੇ ਪੰਜਾਬ ਵਿੱਚ ਆਉਂਦੇ ਹਨ ਉਨਾਂ ਵਿੱਚ ਸਿਵਾਏ ਫੋਕਿਆਂ ਦਾਅਵਿਆਂ ਤੋਂ ਇਲਾਵਾ ਕੋਈ ਦਿਸ਼ਾ-ਵਿਧੀ ਜਾਂ ਸਿੱਖਿਅਤ ਨਿਰਦੇਸ਼ ਸਾਹਮਣੇ ਨਹੀਂ ਆਉਂਦਾ। ਹੁਣ ਵੀ ਜਦੋਂ ਪਿੰਡ ਚੱਬੇ ਦੇ ਇੱਕਠ ਵਿੱਚ ਪੱਛਮੀ ਮੁਲਕਾਂ, ਖਾਸ ਕਰਕੇ ਅਮਰੀਕਾ ਤੋਂ ਆਪਣੇ ਆਪ ਨੂੰ ਸੌ ਗੁਰਦੁਆਰਿਆਂ ਦੀ ਅਗਵਾਈ ਦਾ ਦਾਅਵਾ ਕਰਕੇ ਜੋ ਸਿੱਖ ਨੁਮਾਇੰਦੇ ਆਏ ਸੀ ਉਨਾਂ ਨੇ ਵੀ ਇੱਕ ਮਿੰਟ ਨਹੀਂ ਲਾਇਆ ਇਥੋਂ ਭੱਜਣ ਲਈ ਜਦੋਂ ਪੰਜਾਬ ਸਰਕਾਰ ਨੇ ਇੱਕ ਛੋਟਾ ਜਿਹਾ ਦਬਕਾ ਹੀ ਮਾਰਿਆ ਸੀ। ਦੂਜੇ ਪਾਸੇ ਇਥੇ ਪੰਜਾਬ ਵਿੱਚ ਅਤੇ ਪੱਛਮੀ ਮੁਲਕਾਂ ਵਿੱਚ ਸਿੱਖ ਕੌਮ ਦੇ ਨਿਰਸਵਾਰਥ ਸੇਵਕ ਅਜਿਹੇ ਵੀ ਹਨ ਜੋ ਆਪਣੇ ਪਿੰਡਿਆਂ ਤੇ ਸੰਘਰਸ਼ ਦੇ ਰਾਹ ਤੁਰਦਿਆਂ, ਕਾਲ ਕੋਠੜੀਆਂ ਦੇ ਹਨੇਰਿਆਂ ਵਿੱਚੋਂ ਨਿਕਲ ਕੇ ਪੂਰੇ ਮਾਣ ਤੇ ਸਤਿਕਾਰ ਨਾਲ ਇਸੇ ਪੰਜਾਬ ਵਿੱਚ ਸਰਕਾਰ ਦੇ ਅਧੀਨ ਰਹਿ ਕੇ ਵੀ ਰੋਜਮਰਾਂ ਦੀ ਜਿੰਦਗੀ ਨੂੰ ਫਖਰ ਨਾਲ ਚਲਾ ਰਹੇ ਹਨ।
ਇਸੇ ਲਈ ਅੱਜ ਸਿੱਖ ਕੌਮ ਅੱਗੇ ਸਵਾਲ ਹੈ ਜਿਸਦਾ ਕੋਈ ਜਵਾਬ ਨਹੀ ਮਿਲ ਰਿਹਾ ਕਿ ਪਾਵਨ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਿਸ ਮਕਸਦ ਨਾਲ ਕੀਤੀ ਗਈ ਅਤੇ ਉਹ ਕੌਣ ਲੋਕ ਤੇ ਏਜੰਸੀਆਂ ਹਨ ਜਿਨਾਂ ਨੂੰ ਅਜਿਹਾ ਵਰਤਾਰਾ ਕਰਦੇ ਹੋਏ ਗੁਰੂ ਸਾਹਿਬ ਦੇ ਅੰਗਾਂ ਨੂੰ ਰੂੜੀਆਂ ਤੇ ਬਿਖੇਰ ਦਿੱਤਾ। ਇਸ ਸਵਾਲ ਨੂੰ ਸਮਝਣ ਲਈ ਸਿੱਖ ਕੌਮ ਨੂੰ ਅਜਿਹੇ ਸਰਪ੍ਰਸਤ ਚਾਹੀਦੇ ਹਨ ਜੋ ਆਪਣੇ ਸਿੱਖਾਂ ਦੇ ਨੇਤਰ, ਕੰਨ ਤੇ ਦਿਸ਼ਾਵਾਨ ਬਣਨ ਦੀ ਸਮਰੱਥਾ ਰੱਖਦੇ ਹੋਣ।
ਅੱਜ ਜਦੋਂ ਦੇਸ਼ ਵਿਦੇਸ਼ ਵਿੱਚ ਖਾਸ ਕਰਕੇ ਪੱਛਮੀ ਮੁਲਕਾਂ ਇੰਗਲੈਂਡ ਵਿੱਚ ਸੂਝਵਾਨ ਸਿੱਖ ਵੱਡਾ ਜੱਜ ਤਾਂ ਬਣ ਸਕਦਾ ਹੈ ਤੇ ਬਣਿਆ ਵੀ ਹੈ ਇਸੇ ਤਰਾਂ ਕੈਨੇਡਾ ਵਿੱਚ ਸਰਕਾਰ ਦਾ ਉੱਚ ਅਹੁਦਾ ਇੱਕ ਗੁਰਸਿੱਖ ਕੈਨੇਡਾ ਫੌਜ ਦਾ ਰੱਖਿਆ ਮੰਤਰੀ ਤਾਂ ਹੋ ਸਕਦਾ ਹੈ ਪਰ ਆਪਣੀ ਸਿੱਖ ਕੌਮ ਰਲ ਕੇ ਇਸ ਤਰਾਂ ਦੇ ਯੋਗ ਅਤੇ ਸੂਝਵਾਨ ਗੁਰਸਿੱਖਾਂ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਲਈ ਕਿਉਂ ਨਹੀਂ ਆਪਣੇ ਵੱਲ ਖਿੱਚ ਸਕਿਆ। ਇਹ ਸਿੱਖ ਕੌਮ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ।