ਗਤਕਾ ਸਿੱਖਾਂ ਦੀ ਕੌਮੀ ਖੇਡ ਹੈ। ਇਹ ਸਾਡੇ ਅਣਖੀਲੇ ਇਤਿਹਾਸ ਦੀ ਬਲਦੀ ਸ਼ਮਾ ਹੈ। ਇਸ ਖੇਡ ਨਾਲ ਉਨ੍ਹਾਂ ਹਜਾਰਾਂ ਸਿੰਘਾਂ ਸਿੰਘਣੀਆਂ ਦੀ ਬੀਰ ਗਾਥਾ ਅਤੇ ਉਨ੍ਹਾਂ ਲੱਖਾਂ ਪ੍ਰਤਾਪੀ ਸ਼ਹੀਦਾਂ ਦੀ ਨੇਕ ਕਮਾਈ ਜੁੜੀ ਹੋਈ ਹੈ ਜਿਨ੍ਹਾਂ ਨੇ ਸਿੱਖ ਕੌਮ ਦੇ ਭਵਿੱਖ ਨੂੰ ਅਤੇ ਮਨੁੱਖਤਾ ਦੇ ਭਵਿੱਖ ਨੂੰ ਬਚਾਉਣ ਲਈ ਸ਼ਾਨ ਨਾਲ ਆਪਣੀਆਂ ਜਾਨਾਂ ਵਾਰ ਦਿੱਤੀਆਂ। ਗਤਕਾ ਮੂਲ ਰੂਪ ਵਿੱਚ ਸਾਨੂੰ ਸਾਡੇ ਇਤਿਹਾਸ ਨਾਲ ਜੋੜਨ ਦਾ ਜ਼ਰੀਆ ਹੈ। ਹਰ ਕੌਮ ਦੇ ਸੂਰਬੀਰਾਂ ਅਤੇ ਸੰਤਾਂ ਦੀ ਗਾਥਾ ਅਤੇ ਘਾਲ ਕਮਾਈ ਅਗਲੀਆਂ ਪੀੜ੍ਹੀਆਂ ਤੱਕ ਅਜਿਹੇ ਇਤਿਹਾਸਕ ਸਰੋਤਾਂ ਅਤੇ ਸੰਕੇਤਾਂ (symbols) ਰਾਹੀਂ ਹੀ ਹਸਤਾਂਤਿਰਿਤ ਹੁੰਦੀ ਹੈ। ਗਤਕੇ ਰਾਹੀਂ ਸਾਨੂੰ ਉਨ੍ਹਾਂ ਮਹਾਨ ਸੂਰਬੀਰਾਂ ਦੀ ਕੁਰਬਾਨੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਖਸ਼ਿਸ ਪਾ੍ਰਪਤ ਕਰਕੇ ਵੱਡੀਆਂ ਸਲਤਨਤਾਂ ਨਾਲ ਟਾਕਰਾ ਕਰਦਿਆਂ ਹੋਇਆਂ ਨਾ ਕੇਵਲ ਆਪਣੀ ਜਿੰਦ ਪੰਥ ਖਾਲਸਾ ਜੀ ਦੇ ਲੇਖੇ ਲਾ ਦਿੱਤੀ ਬਲਕਿ ਗੁਰੂ ਦੀ ਬਖਸ਼ਿਸ਼ ਨੂੰ ਪ੍ਰਣਾਏ ਹੋਏ ਉਨ੍ਹਾਂ ਸ਼ਹੀਦਾਂ ਅਤੇ ਸੂਰਬੀਰਾਂ ਨੇ ਹਰ ਔਖ਼ੀ ਘੜੀ ਸਿੱਖੀ ਦੇ ਕਿਰਦਾਰ ਨੂੰ ਬੁਲੰਦ ਰੱਖਿਆ। ਮੌਤ ਦੇ ਸਾਹਮਣੇ ਖੜ੍ਹਕੇ ਵੀ ਅਜਿਹੇ ਪ੍ਰਤਾਪੀ ਸ਼ਹੀਦਾਂ ਨੇ ਸਿੱਖ ਕਿਰਦਾਰ ਨੂੰ ਦਾਗ ਨਹੀ ਲੱਗਣ ਦਿੱਤਾ ਅਤੇ ਕਦੇ ਵੀ ਸਿਧਾਂਤ ਨਾਲ ਸਮਝੌਤਾ ਨਹੀ ਕੀਤਾ। ਸਿੱਖਾਂ ਦੀਆਂ ਜੰਗੀ ਸਫਲਤਾਵਾਂ ਇਸੇ ਲਈ ਇਤਿਹਾਸ ਦਾ ਪੰਨਾ ਬਣੀਆ ਕਿਉਂਕਿ ਉਨ੍ਹਾਂ ਨੇ ਕਦੇ ਆਪਣੇਂ ਗੁਰੂ ਦੇ ਸਿਧਾਂਤ ਤੋਂ ਮੁਖ਼ ਨਹੀ ਸੀ ਮੋੜਿਆ। ਅੱਜ ਵੀ ਜਦੋਂ ਕੋਈ ਸੱਚੇ ਦਿਲ਼ੋਂ ਅਤੇ ਸੱਚੀ ਭਾਵਨਾ ਨਾਲ ਗਤਕੇ ਦੇ ਜੌਹਰ ਦਿਖਾਉਂਦਾ ਹੈ ਤਾਂ ਉਸ ਵਿੱਚੋਂ ਪੁਰਾਤਨ ਸਿੱਖਾਂ ਦੇ ਕਿਰਦਾਰ ਅਤੇ ਜਜਬੇ ਦੀ ਖੁਸ਼ਬੂ ਚਾਰੇ ਪਾਸੇ ਆਪਣੀ ਮਹਿਕ ਖਿਲਾਰ ਦੇਂਦੀ ਹੈ।
ਪਰ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੁਝ ਭੁੱਲੜ ਵੀਰ ਸਿੱਖ ਇਤਿਹਾਸ ਦੇ ਇਸ ਸੁਨਹਿਰੇ ਵਿਰਸੇ ਨੂੰ ਮਹਿਜ਼ ਕੁਝ ਛਿੱਲੜਾਂ ਲਈ ਗਲੀ ਗਲੀ ਵੇਚਦੇ ਫਿਰ ਰਹੇ ਹਨ। ਜਦੋਂ ਤੋਂ ਟੈਲੀਵਿਜ਼ਨ ਨੇ ਨਿਰਕੁੰਸ਼ ਕਰੂਰਤਾ ਨਾਲ ਸਾਡੇ ਜੀਵਨ ਵਿੱਚ ਪੈਰ ਪਸਾਰੇ ਹਨ ਉਸ ਸਮੇਂ ਤੋਂ ਹੀ ਸਾਡੇ ਅਣਖੀਲੇ ਇਤਿਹਾਸ ਦੇ ਪੰਨੇ ਮਹਿਜ਼ ਤਮਾਸ਼ਬੀਨਾਂ ਦੀ ਭੀੜ ਦਾ ਦਿਲ ਬਹਿਲਾਉਣ ਲਈ ਵਰਤੇ ਜਾਣ ਲੱਗੇ ਹਨ। ਖ਼ਪਤਵਾਦ ਦੇ ਮਾਰੂ ਹਮਲੇ ਨੇ ਸਿੱਖ਼ ਇਤਿਹਾਸ ਦੇ ਇਸ ਜਰੂਰੀ ਅੰਗ ਨੂੰ ਤਮਾਸ਼ਬੀਨਾ ਦੀ ਹੋ ਹੋ ਹਾ ਹਾ ਦਾ ਵਸੀਲਾ ਬਣਾ ਦਿੱਤਾ ਹੈ। ਗਤਕੇ ਦੇ ਨਾਅ ਤੇ ਹੁਣ ਬਾਜ਼ੀਗਿਰੀਆਂ ਹੋਣ ਲੱਗ ਪਈਆਂ ਹਨ। ਹਰ ਗਲੀ ਹਰ ਕੂਚੇ ਵਿੱਚ ਆਪਣੇ ਆਪ ਨੂੰ ਗਤਕੇ ਦੇ ਮਾਸਟਰ ਕਹਿਲਾਉਣ ਵਾਲੇ ਸੱਜਣ ਖੜ੍ਹੇ ਹੋ ਗਏ ਹਨ ਉਨ੍ਹਾਂ ਨੇ ਆਪੋ ਆਪਣੇ ਗਰੋਹ ਬਣਾ ਲਏ ਹਨ ਜੋ ਰਵਾਇਤੀ ਸਿੱਖ ਬਾਣਾ ਪਾਕੇ, ਸ੍ਰੀ ਸਾਹਿਬ ਪਾਕੇ ਗਤਕੇ ਦੇ ਨਾਅ ਤੇ ਅਜਿਹੇ ਨਾਚ ਤਮਾਸ਼ੇ ਕਰ ਰਹੇ ਹਨ ਜਿਨ੍ਹਾਂ ਦਾ ਗਤਕੇ ਨਾਲ ਕੋਈ ਵੀ ਸਬੰਧ ਨਹੀ ਹੈ। ਕੋਈ ਤਲਵਾਰ ਨਾਲ ਸਿਰ ਤੇ ਰੱਖਿਆ ਸੇਬ ਤੋੜ ਰਿਹਾ ਹੈ, ਕੋਈ ਅੱਖਾਂ ਬੰਦ ਕਰਕੇ ਕਿਸੇ ਦੀਆਂ ਅੱਖਾਂ ਵਿੱਚ ਤਲਵਾਰ ਨਾਲ ਸੁਰਮਾ ਪਾਉਂਦਾ ਹੈ। ਕੋਈ ਚਾਰ ਇੱਟਾਂ ਰੱਖਕੇ ਹੱਥ ਨਾਲ ਤੋੜ ਰਿਹਾ ਹੈ, ਕੋਈ ਬਿਜਲੀ ਦੀਆਂ ਟਿਊਬਾਂ ਨੂੰ ਤੋੜ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾ ਰਿਹਾ ਹੈ।
ਇਹ ਬੀਮਾਰੀ ਸਿਰਫ ਗਲੀਆਂ ਕੂਚਿਆਂ ਤੱਕ ਨਹੀ ਰਹੀ ਬਲਕਿ ਭਾਰਤੀ ਟੀ.ਵੀ. ਚੈਨਲਾਂ ਤੋਂ ਹੁੰਦੀ ਹੋਈ ਵਿਦੇਸ਼ੀ ਟੀ.ਵੀ. ਚੈਨਲਾਂ ਤੱਕ ਵੀ ਪਹੀੰਚ ਗਈ ਹੈ। ਆਪਣੇ ਲਈ ਇਸ਼ਤਿਹਾਰਾਂ ਦੇ ਪੈਸੇ ਇਕੱਠੇ ਕਰਨ ਲਈ ਭਾਰਤੀ ਟੀ.ਵੀ. ਚੈਨਲਾਂ ਨੇ ਸਿੱਖਾਂ ਦੇ ਇਤਿਹਾਸ ਦੇ ਇਸ ਅਨਿੱਖੜਵੇਂ ਅੰਗ ਨੂੰ ਇਸ ਤਰ੍ਹਾਂ ਪੇਸ਼ ਕਰਨਾ ਅਰੰਭ ਕਰ ਦਿੱਤਾ ਹੈ ਜਿਵੇਂ ਉਹ ਰਮਾਇਣ ਅਤੇ ਮਹਾਭਾਰਤ ਦਾ ਵਪਾਰੀਕਰਨ ਕਰ ਰਹੇ ਹਨ।
ਸਿੱਖੀ ਬਾਣਿਆਂ ਵਿੱਚ ਸਜੇ ਹੋਏ ਕੁਝ ਭੁੱਲੜ ਵੀਰ, ਗੋਲ ਦਸਤਾਰਾਂ ਸਜਾਕੇ, ਉਹ ਤਮਾਸ਼ੇ ਕਰ ਰਹੇ ਨਜ਼ਰ ਆਉਂਦੇ ਹਨ ਜੋ ਗਤਕਾ ਨਹੀ ਹੈ ਬਲਕਿ ਬਾਜ਼ੀਗਿਰੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਵੀਰ ਸਿੱਖ ਇਤਿਹਾਸ ਦੇ ਸੇਲ ਲਗਾਕੇ ਬੈਠੇ ਹੋਣ, ਅਤੇ ਖਰੀਦਣ ਵਾਲੇ ਇਸਨੂੰ ਸਮਝਣ ਦੀ ਬਜਾਏ ਇਸਦਾ ਮਜ਼ਾਕ ਵੱਧ ਉਡਾ ਰਹੇ ਹੋਣ।
ਜੋ ਕੁਝ ਅੱਜਕੱਲ਼੍ਹ ਗਤਕੇ ਦੇ ਨਾਅ ਤੇ ਪੇਸ਼ ਕੀਤਾ ਜਾ ਰਿਹਾ ਹੈ ਉਹ ਗਤਕਾ ਨਹੀ ਹੈ, ਤਮਾਸ਼ੇ ਦਾ ਅਗਲਾ ਪੜਾਅ ਹੈ। ਹੁਣ ਪਿੰਡਾਂ ਵਿੱਚ ਤਮਾਸ਼ੇ ਕਰਨ ਵਾਲੇ ਘਟ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾਂ ਇਨ੍ਹਾਂ ਮਾਡਰਨ ਤਮਾਸ਼ਬੀਨਾ ਨੇ ਮੱਲ ਰਹੀ ਹੈ। ਇਨ੍ਹਾਂ ਦੇ ਦਰਸ਼ਕ ਹੁਣ ਪੂਰੇ ਭਾਰਤ ਤੱਕ ਫੈਲ ਗਏ ਹਨ।
ਠੀਕ ਹੈ ਇਨਸਾਨ ਨੂੰ ਆਪਣਾਂ ਪਰਿਵਾਰ ਪਾਲਣ ਲਈ ਕੁਝ ਨਾ ਕੁਝ ਕਰਨਾ ਪੈਂਦਾ ਹੈ ਪਰ ਰੱਬ ਦੇ ਵਾਸਤੇ ਇਸ ਤਮਾਸ਼ਬੀਨੀ ਨੂੰ ਗਤਕੇ ਦਾ ਨਾਅ ਨਾ ਦੇਵੋ।ਬੇਸ਼ੱਕ ਤਮਾਸ਼ਬੀਨੀ ਕਰਦੇ ਰਹੋ ਪਰ ਸਿੱਖ ਬਾਣਾਂ ਪਾਕੇ ਬੈਕਰਾਊਂਡ ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਦਾ ਗਾਇਨ ਕਰਕੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਘਾਲ ਕਮਾਈ ਅਤੇ ਕਰਨੀ ਦਾ ਤਮਾਸ਼ਾ ਨਾ ਬਣਓ ਜਿਨ੍ਹਾਂ ਨੇ ਆਪਣੀਆਂ ਜਿੰਦੜੀਆਂ ਵਾਰ ਸਾਨੂੰ ਮਾਣ ਨਾਲ ਜੁਊਣ ਲਈ ਥਾਂ ਲੱਭਕੇ ਦਿੱਤੀ। ਬਾਬਾ ਦੀਪ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਬੀਆਂ ਅਤੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵਰਗੇ ਸਾਹਿਬਜ਼ਾਦਿਆਂ ਦੀ ਅਣਖੀਲੀ ਮਰਯਾਦਾ ਨੂੰ ਤਮਾਸ਼ਾ ਨਾ ਬਣਾਓ। ਗਤਕੇ ਨੂੰ ਗਤਕਾ ਹੀ ਰਹਿਣ ਦਿਓ, ਬਾਜ਼ੀਗਿਰੀ ਵਿੱਚ ਨਾ ਪਲਟੋ।