ਪਿਛਲੇ ਕੁਛ ਦਿਨਾਂ ਤੋਂ ਭਾਰਤ ਦੇਸ਼ ਵਿੱਚ ਕੇਂਦਰ ਦੀ ਸਰਕਾਰ ਵਲੋਂ ਦੇਸ਼ ਨੂੰ ਸਫਾਈ ਸੋਚ ਵੱਲ ਬਦਲਣ ਲਈ ਸਨੇਹਾ ਦਿੱਤਾ ਜਾ ਰਿਹਾ ਹੈ। ਇਹ ਸਨੇਹਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਝਾੜੂ ਚੁੱਕ ਕੇ ਸ਼ੁਰੂ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਦੇਸ਼ ਵਾਸੀ ਰਲ ਕੇ ਆਪਣੇ ਆਲੇ ਦੁਆਲੇ ਖਿਲਰੀ ਅਤਿ ਦੀ ਗੰਦਗੀ ਨੂੰ ਠੀਕ ਕਰਨ ਅਤੇ ਇਕ ਸਿਹਤਮੰਦ ਅਤੇ ਸਾਫ ਸੁਥਰੇ ਭਾਰਤ ਦਾ ਆਰੰਭ ਕੀਤਾ ਜਾ ਸਕੇ। ਹੁਣ ਤੱਕ ਤਾਂ ਇਹ ਸਨੇਹਾ ਅਖਬਾਰਾਂ ਅਤੇ ਟੀ.ਵੀ ਰਾਂਹੀ ਮੁੱਖ ਰਾਜਨੀਤਿਕ ਲੀਡਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਝਾੜੂ ਫੜ ਕੇ ਇਕ ਦੋ ਕਦਮ ਸਾਫ ਕਰਦਿਆਂ ਨੂੰ ਹੀ ਦਿਖਾਇਆ ਗਿਆ ਹੈ ਜਾਂ ਸਕੂਲਾਂ ਦੇ ਬੱਚਿਆਂ ਨੂੰ ਆਪਣਾ ਸਕੂਲ ਦੀਆਂ ਸਫਾਈਆਂ ਕਰਦੇ ਦਿਖਾਇਆ ਹੈ। ਇਸੇ ਤਰ੍ਹਾਂ ਸਰਕਾਰੀ ਅਫਸ਼ਰ ਕੁਝ ਪਲਾਂ ਲਈ ਆਪਣੇ ਦਫਤਰ ਸਾਫ ਕਰਦੇ ਦਿਖਾਏ ਗਏ ਹਨ।
ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਜਨ ਸੰਖਿਆ ਵਧਣ ਕਰਕੇ ਗੰਦਗੀ ਅਤੇ ਕੂੜੇ ਦੇ ਗੰਦ ਨਾਲ ਬੁਰੀ ਤਰ੍ਹਾਂ ਪਲੀਤ ਹੋ ਚੁਕਿਆ ਹੈ। ਇਥੇ ਸਫਾਈ ਕਰਨ ਜਾਂ ਗੰਦਗੀ ਨੂੰ ਸਾਂਭਣ ਲਈ ਭਗਵਾਨ ਬਾਲਮੀਕ ਜੀ ਦੇ ਭਗਤਾਂ ਜਿੰਨਾਂ ਨੂੰ ਸਭ ਤੋਂ ਹੇਠਾਂ ਮਾਨੁਖਤਾ ਵਿੱਚ ਹਿੰਦੂ ਧਰਮ ਵਲੋਂ ਥਾਂ ਦਿਤੀ ਗਈ ਹੈ ਦੀ ਹੀ ਜਿੰਮੇਵਾਰੀ ਸੋਂਪੀ ਗਈ ਹੈ। ਭਗਵਾਨ ਬਾਲਮੀਕ ਜੀ ਜੋ ਕਿ ਹਿੰਦੂ ਧਰਮ ਦੇ ਮੁਖ ਧਾਰਮਿਕ ਰਚਨਾ ਰਮਾਇਣ ਦੇ ਜਨਮ ਦਾਤਾ ਹਨ ਪਰ ਅੱਜ ਵੀ ਉਹਨਾਂ ਦੀ ਜਾਤੀ ਨਾਲ ਸੰਬਧਤ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਉਹ ਅਤਿ ਦੀ ਗਰੀਬੀ ਅਤੇ ਦੁਰਦਿਸ਼ਾ ਨਾਲ ਕੂੜੇ ਦੇ ਢੇਰਾਂ ਵਿਚ ਰੁਲਣ ਲਈ ਮਜ਼ਬੂਰ ਹਨ। ਇਥੇ ਅੰਦਾਜ਼ਾ ਲਾਉਣਾ ਗਲਤ ਨਹੀਂ ਕਿ ਜਿਹੜੇ ਲੋਕ ਆਪ ਹੀ ਇਹਨੀ ਦੁਰ ਦਿਸ਼ਾ ਨਾਲ ਪਲੀਤ ਹਨ ਉਹ ਭਾਰਤ ਨੂੰ ਕਿਵੇਂ ਸਾਫ ਰੱਖ ਸਕਣਗੇ। ਅੱਜ ਵੀ ਇਹਨਾਂ ਲੋਕਾਂ ਨੂੰ ਅਧੁਨਿਕ ਯੁਗ ਵਿਚ ਆਪਣੇ ਸਿਰਾਂ ਤੇ ਦੂਜੇ ਲੋਕਾਂ ਦੇ ਸਲਾਬ ਨੂੰ ਚੁਕਣਾ ਪੈ ਰਿਹਾ ਹੈ।
ਭਾਰਤ ਸਿਰਫ ਆਲੇ-ਦੁਆਲੇ ਦੀ ਗੰਦਗੀ ਦੇ ਢੇਰਾਂ ਵਿੱਚ ਹੀ ਜਕੜਿਆ ਹੋਇਆ ਨਹੀਂ ਸਗੋਂ ਇਸ ਦੇ ਵਸਨੀਕ ਇਸਦਾ ਹਵਾ ਪਾਣੀ ਨਹਿਰਾਂ, ਨਾਲੇ ਨਦੀਆਂ ਸਮੁੰਦਰ ਸਾਰੇ ਹੀ ਵਾਤਾਵਰਨ ਨੂੰ ਪਲੀਤ ਕਰ ਬੈਠੇ ਹਨ ਅਤੇ ਇਸਦੀ ਬਾਹਰੀ ਦਿਖ ਦੀ ਮੂੰਹ ਬੋਲਦੀ ਰੂਪ ਰੇਖਾ ਦਾ ਅੰਦਾਜ਼ਾ ਦਿੱਲੀ ਜੋ ਕਿ ਭਾਰਤ ਦੀ ਰਾਜਧਾਨੀ ਹੈ ਦੇ ਆਲੇ-ਦੁਆਲੇ ਕੂੜੇ ਦੇ ਬਣੇ ਵਡੇ-ਵਡੇ ਪਹਾੜਾਂ ਤੋਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ। ਇਹ ਸਨੇਹਾ ਜੋ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦਿੱਤਾ ਗਿਆ ਹੈ ਇਕ ਚੰਗੀ ਸ਼ੁਰੂਆਤ ਹੈ। ੨੦੧੨ ਦੀ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਿਕ ਇਸ ਦੇਸ਼ ਦੇ ਕੁਲ ਮਿਲਾ ਕੇ ੨੯੩ ਦਰਿਆਵਾਂ ਦੇ ਪਾਣੀਆਂ ਵਿਚੋਂ ਲਏ ਨਮੂਨਿਆਂ ਮੁਤਾਬਿਕ ੧੫੦ ਤੋਂ ਉਪਰ ਦਰਿਆਵਾਂ ਦਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁਕਿਆ ਹੈ। ਇਥੋਂ ਤੱਕ ਕਿ ਦੇਸ਼ ਦੀ ਸਭ ਤੋਂ ਪਵਿੱਤਰ ਮੰਨੀ ਜਾਂਦੀ ਨਦੀ/ਦਰਿਆ ਗੰਗਾ ਜਿਸਨੂੰ ਸਤਿਕਾਰ ਨਾਲ ਹਿੰਦੂ ਧਰਮ ਨਾਲ ਸੰਬਧਿਤ ਗੰਗਾ ਮਾਂ ਵੀ ਆਖਦੇ ਹਨ ਉਸਦੀ ਇਹ ਦਿਸ਼ਾ ਹੈ ਕਿ ਉਹ ਵਗਦਾ ਹੋਇਆ ਇਕ ਗੰਦਾ ਨਾਲਾ ਹੀ ਹੋ ਗਿਆ ਜਾਪਦਾ ਹੈ। ਇਸਨੂੰ ਦੁਨੀਆਂ ਦੀਆਂ ਪ੍ਰਦੂਸ਼ਿਤ ਨਦੀਆਂ ਵਿਚ ਮੌਹਰੀ ਕਿਹਾ ਜਾ ਸਕਦਾ ਹੈ ਅਤੇ ੨੦੧੨ ਤੱਕ ਦੇ ਅੰਕੜਿਆਂ ਮੁਤਾਬਿਕ ਇਸਦੀ ਸਫਾਈ ਕਰਨ ਲਈ ਸਰਕਾਰ ਨੇ ਵੱਖ-ਵੱਖ ਉਪਰਾਲਿਆਂ ਰਾਂਹੀ ੨੦,੦੦੦-ਕਰੋੜ ਰੁਪਏ ਤੋਂ ਜਿਆਦਾ ਖਰਚ ਕਰ ਚੁੱਕੀ ਹੈ ਪਰ ੨੦੧੪ ਵਿਚ ਨਜ਼ਰ ਮਾਰੀਏ ਤਾਂ ਅੱਜ ਇਸਦਾ ਪਾਣੀ ਵਧੇਰੇ ਪ੍ਰਦੂਸ਼ਿਤ ਹੀ ਹੋਇਆ ਹੈ ਨਾ ਕਿ ਸਾਫ। ਹੁਣ ਨਵੀਂ ਕੇਂਦਰੀ ਸਰਕਾਰ ਨੇ ੧੮ ਸਾਲ ਦਾ ਸਮਾਂ ਹੋਰ ਮੰਗਿਆ ਅਤੇ ਹਜ਼ਾਰਾਂ ਕਰੋੜ ਰੁਪਏ ਹੋਰ ਲਾਉਣ ਦਾ ਟੀਚਾ ਮਿਥਿਆ ਹੈ ਇਸ ਗੰਗਾ ਮਾਂ ਦੇ ਪਾਣੀ ਨੂੰ ਕਿਸੇ ਸਾਫ ਦਿਖ ਵਲ ਲਿਆਉਣ ਲਈ।
ਗੰਗਾ ਦਰਿਆ ਦੇ ਆਲੇ ਦੁਆਲੇ ਇਸਦੀ ੨੫੦੦ ਕਿਲੋਮੀਟਰ ਲੰਮਾਈ ਵਿੱਚ ਭਾਰਤ ਦੇਸ਼ ਦੀ ੪੩% ਵਸੋਂ ਹੈ। ਭਾਰਤ ਦੇਸ਼ ਜਿਸ ਵਿਚ ਧਾਰਮਿਕ ਦਿਖ ਦਾ ਬਹੁਤ ਪ੍ਰਭਾਵ ਹੈ ਅਤੇ ਦੁਨੀਆਂ ਦੇ ਸਾਰੇ ਮੁੱਖ ਧਰਮਾਂ ਦੇ ਲੋਕ ਇਥੇ ਰਹਿੰਦੇ ਹਨ। ਪਰ ਇਸਦੇ ਬਾਵਯੂਦ ਭਾਰਤ ਦੇਸ਼ ਨਿਰਮਾਨ ਦੀ ਛਾਂ ਹੇਠਾਂ ਦਿਨ ਪ੍ਰਤੀ ਦਿਨ ਪ੍ਰਦੂਸ਼ਨ ਨਾਲ ਪੂਰੀ ਤਰਾਂ ਡੁੱਬ ਰਿਹਾ ਹੈ। ਇਹ ਪ੍ਰਦੂਸ਼ਨ ਇੱਕਲਾ ਕੂੜੇ ਦਾ ਹੀ ਨਹੀਂ ਸਗੋਂ ਇਸਦੀ ਮਾਨਸ਼ਿਕਤਾ ਹੀ ਪ੍ਰਦੂਸ਼ਨ ਦੇ ਪ੍ਰਭਾਵ ਹੇਠਾਂ ਪ੍ਰਦੂਸ਼ਿਤ ਹੋ ਚੁੱਕੀ ਹੈ ਭਾਵੇਂ ਦਾਅਵਾ ਸਾਰੇ ਭਾਰਤ ਵਾਸੀ ਕਰਦੇ ਹਨ ਕਿ ਅਸੀਂ ਮਨੁੱਖਤਾ ਦੇ ਪ੍ਰਤੀਕ ਹਾਂ। ਇਸੇ ਤਰ੍ਹਾਂ ਧਾਰਮਿਕ ਪ੍ਰਭਾਵ ਦੀ ਸੰਗਣੀ ਛਾਂ ਦੇ ਹੇਠਾਂ ਵੀ ਪ੍ਰਦੂਸ਼ਣ ਦੀ ਮਾਰ ਕਾਰਨ ਅੱਜ ਵੀ ਧਰਮ ਸ਼ਰੈਣੀਆਂ ਵਿੱਚ ਜਾਤ-ਪਾਤ ਦੀ ਗੰਦਗੀ ਵਿਚ ਅਮੀਰ ਗਰੀਬ ਦੇ ਫਰਕ ਵਿੱਚ ਜਕੜਿਆ ਹੋਇਆ ਹੈ। ਇਸ ਦਾ ਪ੍ਰਭਾਵ ਖਾਣ ਪੀਣ ਦੀਆਂ ਵਸਤੂਆਂ ਵਿੱਚ ਆਮ ਹੀ ਦਿਖਾਈ ਦਿੰਦਾ ਹੈ ਜਿਵੇਂ ਕਿ ਹੁਣ ਦਿਵਾਲੀ ਤਿਉਹਾਰ ਦੇ ਮੌਕੇ ਅਖਬਾਰਾਂ ਰਾਂਹੀ ਜਾ ਹੋਰਾ ਸਾਧਨਾ ਰਾਂਹੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੈਮੀਕਲ ਖੋਏ ਤੋਂ ਬਚਿਆ ਜਾਵੇ ਕਿਉਂਕਿ ਮਿਠਾਈਆਂ ਵਿਚ ਪ੍ਰਦੂਸ਼ਿਤ ਮਾਨਸਿਕਤਾ ਦੇ ਪ੍ਰਭਾਵ ਕਾਰਨ ਆਮ ਹੀ ਇਹ ਜਹਿਰੀਲਾ ਮਿਠਾ ਕੈਮੀਕਲ ਨਕਲੀ ਖੋਇਆ ਮਿਲਾਇਆ ਜਾਂਦਾ ਹੈ। ਇਸੇ ਤਰਾਂ ਆਮ ਲੋਕਾਂ ਦੀ ਨਜ਼ਰ ਵਿੱਚ ਸਭ ਤੋਂ ਜਿਆਦਾ ਪ੍ਰਦੂਸ਼ਿਤ ਭਾਰਤ ਦੇਸ਼ ਦੀ ਰਾਜਨੀਤੀ ਨੂੰ ਦਰਜ਼ਾ ਹਾਸਿਲ ਹੈ। ਇਸ ਰਾਜਨੀਤਿਕ ਪ੍ਰਣਾਲੀ ਵਿਚ ਵਿਚਰ ਰਹੇ ਰਾਜਨੀਤਿਕ ਜਮਾਤ ਦੇਸ਼ ਦੀ ਦਿਖ ਅਤੇ ਅਵਸਥਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਮੌਹਰੀ ਹੈ। ਤਾਂ ਹੀ ਤਾਂ ਹਰ ਰੋਜ਼ ਵੱਡੇ-ਵੱਡੇ ਰਾਜਨੀਤਿਕ ਲੀਡਰਾਂ ਤੇ ਭਰਿਸ਼ਟਾਚਾਰ ਦੇ ਦੋਸ਼ ਲਗਦੇ ਹਨ ਅਤੇ ਹਰ ਚੋਣ ਵਕਤ ਭਰਿਸ਼ਟਾਚਾਰ ਹੀ ਮੁਖ ਮੁਦਾ ਬਣਦਾ ਹੈ। ਪਿਛਲੇ ਹਫਤੇ ਭਾਰਤ ਦੇਸ਼ ਦੇ ਇਕ ਸਟੇਟ ਦੀ ਮੁੱਖ ਮੰਤਰੀ ਨੂੰ ਇਸੇ ਭਰਿਸ਼ਟਾਚਾਰ ਕਰਕੇ ਲੰਮੀ ਕੈਦ ਦੀ ਸਜ਼ਾ ਹੋਈ ਹੈ।
ਇਹ ਸਫਾਈ ਅਧਿਐਨ ਤਦ ਹੀ ਕਾਮਯਾਬ ਹੋ ਸਕਦਾ ਹੈ ਜਦੋਂ ਇਸਦੀ ਜਿੰਮੇਵਾਰੀ ਇੱਕ ਨਿੱਜ ਜਿੰਮੇਵਾਰੀ ਬਣੇਗੀ ਨਾ ਕਿ ਜਾਤ-ਪਾਤ ਦੇ ਪ੍ਰਭਾਵ ਹੇਠ ਇੱਕ ਬਾਲਮੀਕ ਸ਼੍ਰੇਣੀ ਨੂੰ ਹੀ ਸਫਾਈ ਕਰਨ ਦਾ ਠੇਕੇਦਾਰ ਸਮਝਿਆ ਜਾਵੇਗਾ। ਇਸਦੀ ਦਿੱਖ ਅਤੇ ਮੁਕੰਮਲਤਾ ਤਾਂ ਹੀ ਸੰਭਵ ਹੈ ਜੇ ਸਮਾਜ ਨੂੰ ਹੇਠਲੇ ਪੱਧਰ ਤੋਂ ਹੀ ਨਿੱਜ ਦੀ ਜਿੰਮੇਵਾਰੀ ਪ੍ਰਤੀ ਸਿੱਖਿਅਤ ਕੀਤਾ ਜਾਵੇਗਾ। ਕਿਉਂਕਿ ਅੱਜ ਸਿੱਖ ਧਰਮ ਵਰਗਾ ਹਿੱਸਾ ਵੀ ਇਸ ਦੇ ਪ੍ਰਦੂਸ਼ਣ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੈ ਜਿਸ ਧਰਮ ਵਿੱਚ ਕਦੀ ਗੁਰੂ ਸਾਹਿਬਾਨ ਨੇ ਭਾਈ ਜੈਤਾ ਜੀ ਨੂੰ ਗੁਰੂ ਦਾ ਬੇਟਾ ਆਖ ਆਪਣੇ ਸੀਨੇ ਨਾਲ ਲਾ ਲਿਆ ਸੀ ਅੱਜ ਉਸੇ ਸ੍ਰੇਣੀ ਨਾਲ ਸਬੰਧਤ ਲੋਕਾਂ ਨੂੰ ਧਾਰਮਿਕ ਡੇਰਿਆ ਵਿੱਚ ਅੱਡ ਲੰਗਰ ਛਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਥੋਂ ਤੱੱਕ ਕਿ ਮੁੱਖ ਧਾਰਮਿਕ ਅਸਥਾਨਾਂ ਨੂੰ ਚਲਾ ਰਹੀ ਸੰਸਥਾ ਦੇ ਕੰਮਕਾਜ਼ ਨੂੰ ਵੀ ਪ੍ਰਦੂਸ਼ਤ ਅੱਖ ਨਾਲ ਦੇਖਿਆ ਜਾ ਰਿਹਾ ਹੈ। ਭਾਰਤ ਦੇਸ਼ ਵਿੱਚ ਪ੍ਰਦੂਸ਼ਣ ਅਤੇ ਇਸਦੀ ਵੱਧ ਰਹੀ ਪਲੀਤਤਾ ਦਾ ਮੁੱਖ ਕਾਰਨ ਅਤੇ ਇਸਦਾ ਮੁੱਢ ਰਾਜਨੀਤਿਕ ਪ੍ਰਣਾਲੀ ਦਾ ਪ੍ਰਦੂਸ਼ਤ ਹੋ ਜਾਣਾ ਹੈ। ਇਸਨੂੰ ਇੱਕਲਿਆਂ ਲੀਡਰਾਂ ਵਲੋਂ ਆਪਣੇ ਹੱਥ ਵਿੱਚ ਝਾੜੂ ਫੜ ਕੇ ਆਲੇ-ਦੁਆਲੇ ਨੂੰ ਸਾਫ ਕਰਨ ਦੀ ਬਜਾਏ ਆਪਣੇ-ਆਪ ਦਾ ਇਹ ਪ੍ਰਭਾਵ ਦੇਣਾ ਪਵੇਗਾ ਕਿ ਅਸੀਂ ਖੁਦ ਪ੍ਰਦੂਸ਼ਣ ਮੁਕਤ ਹੋ ਰਹੇ ਹਾਂ ਤਾਂ ਜੋ ਉਹ ਪੂਰੇ ਦੇਸ਼ ਲਈ ਇੱਕ ਰਾਹ ਬਣ ਸਕਣ।