ਬੀਤੇ ਕੱਲ ਇੱਕ ਅਜਿਹਾ ਵਿਸ਼ਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਸ ਵਿੱਚ ਇੱਕ ਨਾਮੀ ਪੰਜਾਬ ਸਰਕਾਰ ਦੇ ਮੰਤਰੀ, ਜੋ ਕਿ ਪੰਜਾਬ ਦੇ ਪ੍ਰਮੁੱਖ ਪਰਿਵਾਰ ਨਾਲ ਸਬੰਧਤ ਹੈ ਦਾ ਨਸ਼ਿਆਂ ਦੇ ਵੱਧ ਰਹੇ ਵਪਾਰ ਨਾਲ, ਨਾਮ ਜੋੜਿਆ ਗਿਆ ਹੈ। ਇਹ ਇੱਕ ਪੰਜਾਬ ਸਰਕਾਰ ਲਈ ਕਾਫੀ ਗੰਭੀਰ ਚੁਣੌਤੀ ਹੈ ਅਤੇ ਇਸ ਤੇ ਵਿਚਾਰ ਕਰਨਾ ਅੱਜ ਦੀ ਪ੍ਰਮੁੱਖ ਲੋੜ ਹੈ। ਭਾਵੇਂ ਕਿ ਨਾਮਵਾਰ ਮੰਤਰੀ ਦਾ ਨਾਮ ਪਿੱਛੇ ਜਿਹੇ ਕਾਫੀ ਮਸ਼ਹੂਰ ਪੰਜਾਬ ਪੁਲੀਸ ਦੇ ਸੀਨੀਅਰ ਕਪਤਾਨ ਜਗਦੀਸ਼ ਸਿੰਘ ਭੋਲਾ ਜੋ ਕਿ ਨਾਮੀਂ ਅੰਤਰਰਾਸ਼ਟਰੀ ਖਿਡਾਰੀ ਵੀ ਹੈ, ਵੱਲੋਂ ਉਠਾਇਆ ਗਿਆ ਹੈ ਕਿਉਂਕਿ ਜਗਦੀਸ਼ ਸਿੰਘ ਭੋਲਾ ਪਿਛੇ ਜਿਹੇ ਕਾਫੀ ਯਤਨਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਅੰਤਰ-ਰਾਸਟਰੀ ਨਸ਼ਿਆਂ ਦੇ ਵਪਾਰ ਸਬੰਧੀ ਗ੍ਰਿਫਤਾਰ ਕੀਤਾ ਹੈ ਅਤੇ ਉਸਤੋਂ ਲੰਮੀ ਪੁਛ-ਗਿਛ ਬਾਅਦ ਪੰਜਾਬ ਪੁਲੀਸ ਨੇ ਨਸ਼ਿਆਂ ਦੇ ਵਪਾਰ ਨਾਲ ਸਬੰਧਤ ਵੱਡੀ ਪਰਤ ਜੋ ਕਿ ਇਸ ਵਪਾਰ ਨਾਲ ਸਬੰਧਤ ਹੈ, ਨੂੰ ਅਜ਼ਾਗਰ ਕੀਤਾ ਹੈ ਜਿਸ ਵਿੱਚ ਅਨੇਕਾਂ ਨਾਮੀ ਹਸਤੀਆਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਅਤੇ ਹਾਲੇ ਵੀ ਇਸ ਦੀ ਤਹਿ ਤੱਕ ਜਾਣ ਲਈ ਲੋੜੀਂਦੀ ਕਾਰਵਾਈ ਜਾਰੀ ਹੈ।
ਇਹ ਦੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕੋਈ ਨਾਮੀਂ ਅਤੇ ਤਾਕਤਵਰ ਪੈਸੇ ਵਾਲਾ ਇਨਸਾਨ ਕਾਨੂੰਨ ਦੀ ਗ੍ਰਿਫਤ ਵਿੱਚ ਆਉਂਦਾ ਹੈ ਤਾਂ ਉਸਦੀ ਪਹਿਲਾ ਬਚਾਅ ਪੱਖ ਇਹੀ ਹੁੰਦੀ ਹੈ ਕਿ ਉਸਨੂੰ ਕਿਸੇ ਸਿਆਸੀ ਦਬਾਅ ਜਾਂ ਸਾਜਿਸ਼ ਅਧੀਨ ਵਿਰੋਧੀਆਂ ਵੱਲੋਂ ਫਸਾਇਆ ਗਿਆ ਹੈ ਭਾਵੇਂ ਕਿੰਨੇ ਵੀ ਸਬੂਤ ਇਹ ਪੂਰੀ ਤਰਾਂ ਸਾਬਤ ਕਰਦੇ ਹੋਣ ਕਿ ਇਸ ਵਿੱਚ ਉਸਦੀ ਅਹਿਮ ਭੂਮਿਕਾ ਹੈ। ਇਸੇ ਤਹਿਤ ਹੀ ਮੁੱਖ ਤੌਰ ਤੇ ਇਹ ਲੱਗ ਰਿਹਾ ਹੈ ਕਿ ਇੱਕ ਨਾਮੀ ਪੁਲੀਸ ਅਫਸਰ ਜੋ ਕਿ ਹੁਣ ਪੁਲੀਸ ਗ੍ਰਿਫਤ ਥੱਲੇ ਹੈ ਉਹ ਵੀ ਆਪਣੇ ਬਚਾਅ ਲਈ ਆਪਣੀ ਹੀ ਪੁਲੀਸ ਤੇ ਕਿੰਤੂ ਉਠਾ ਰਿਹਾ ਹੈ ਅਤੇ ਆਪਣੇ ਜੁਰਮਾ ਤੋਂ ਧਿਆਨ ਵੱਖ ਕਰਨ ਲਈ ਵੱਡੇ ਵੱਡੇ ਤਾਕਤਵਰ ਸਿਆਸੀ ਲੀਡਰਾਂ ਦਾ ਨਾਮ ਲੈ ਰਿਹਾ ਹੈ ਤਾਂ ਕਿ ਇਸ ਨਸ਼ਿਆਂ ਦੇ ਵੱਡੇ ਕੇਸ ਨੂੰ ਸਿਆਸੀ ਰੰਗਤ ਦਿੱਤੀ ਜਾ ਸਕੇ। ਪੰਜਾਬ ਸਰਕਾਰ ਨੇ ਜਿਥੋਂ ਤੱਕ ਅਖਬਾਰਾਂ ਤੇ ਮੀਡੀਆ ਦਾ ਸਬੰਧ ਹੈ ਇਸ ਨਸੇ ਦੇ ਵੱਡੇ ਕੇਸ ਵਿੱਚ ਇੱਕ ਨਾਮੀਂ ਇਮਾਨਦਾਰ ਪੁਲੀਸ ਅਫਸਰ ਜੋ ਕਿ ਪਟਿਆਲੇ ਦਾ ਪੁਲੀਸ ਮੁਖੀ ਹੈ ਉਸਨੂੰ ਪੂਰੀ ਖੁੱਲ ਅਤੇ ਜਿੰਮੇਵਾਰੀ ਦਿੱਤੀ ਹੈ ਕਿ ਇਸ ਨਸ਼ੇ ਦੇ ਕੇਸ ਵਿੱਚ ਕੋਈ ਵੀ ਸਿਆਸੀ ਜਾਂ ਹੋਰ ਦਖਲ ਨੂੰ ਨਜ਼ਰ ਅੰਦਾਜ ਕਰਕੇ ਪੂਰੀ ਤਹਿ ਤੱਕ ਜਾਇਆ ਜਾਵੇ ਅਤੇ ਵੱਧ ਰਹੇ ਨਸ਼ੇ ਦੇ ਵਪਾਰ ਨੂੰ ਪੰਜਾਬ ਵਿੱਚ ਰੋਕਿਆ ਜਾ ਸਕੇ। ਹੁਣ ਵੀ ਇੱਕ ਨਾਮੀ ਸਿਆਸੀ ਵਿਅਕਤੀ ਦਾ ਨਾਮ ਨਸ਼ੇ ਦੇ ਵਪਾਰ ਵਿੱਚ ਆਉਣ ਨਾਲ ਪੰਜਾਬ ਸਰਕਾਰ ਨੂੰ ਪੂਰੀ ਤਰਾਂ ਸੁਚੇਤ ਹੋ ਕਿ ਖੁੱਲ ਕੇ ਦੱਸਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਇਸ ਨਾਮੀ ਅੰਤਰ-ਰਾਸ਼ਟਰੀ ਨਸ਼ੇ ਦੇ ਵਪਾਰ ਵਿੱਚ ਪੂਰੀ ਤਰਾਂ ਪਾਰਦਰਸ਼ੀ ਹੈ ਅਤੇ ਕਿਸੇ ਤਰਾਂ ਦਾ ਵੀ ਸਰਕਾਰ ਵੱਲੋਂ ਕੋਈ ਸਿਆਸੀ ਜਾਂ ਹੋਰ ਰਸੂਖ ਇਸ ਜਾਂਚ ਤੇ ਨਹੀਂ ਪੈਣ ਦਿੱਤਾ ਜਾਵੇਗਾ। ਭਾਵੇਂ ਕਿ ਜਗਦੀਸ਼ ਸਿੰਘ ਭੋਲਾ ਮੌਕਾ ਮਿਲਣ ਤੇ ਇਹ ਤਾਂ ਕਹਿ ਰਿਹਾ ਹੈ ਕਿ ਉਸਦਾ ਕਿਸੇ ਤਰਾਂ ਦਾ ਵੀ ਇਸ ਨਸ਼ੇ ਦੇ ਵਪਾਰ ਨਾਲ ਸਬੰਧ ਨਹੀਂ ਹੈ ਪਰ ਨਾਲ ਹੀ ਇਹ ਵੀ ਕਹਿ ਰਿਹਾ ਹੈ ਕਿ ਜੇ ਪੰਜਾਬ ਪੁਲੀਸ ਤੋਂ ਇਲਾਵਾ ਕੋਈ ਕੌਮੀ ਭਾਰਤੀ ਏਜੰਸੀ ਇਸਦੀ ਜਾਂਚ ਕਰਦੀ ਹੈ ਤਾਂ ਉਹ ਉਸ ਏਜੰਸੀ ਦੇ ਸਾਹਮਣੇ ਸਾਰੇ ਖੁਲਾਸੇ ਕਰਨ ਨੂੰ ਤਿਆਰ ਹੈ ਕਿ ਇਸ ਅੰਤਰਰਾਸ਼ਟਰੀ ਨਸ਼ੇ ਦੇ ਵਪਾਰ ਵਿੱਚ ਕਿਸ ਤਰਾਂ ਸਿਆਸੀ ਲੀਡਰਾਂ ਤੋਂ ਲੈ ਕੇ ਨਾਮੀਂ ਪੁਲੀਸ ਅਫਸਰ ਪੂਰੀ ਤਰਾਂ ਇਸ ਵਪਾਰ ਨਾਲ ਜੁੜੇ ਹੋਏ ਹਨ। ਇਹ ਗੱਲ ਆਪਣੇ-ਆਪ ਵਿੱਚ ਇੱਕ ਚੁਣੌਤੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਭੋਲਾ ਅਤੇ ਉਸਦੇ ਸਾਥੀਆਂ ਕੋਲੋਂ ਬਰਾਮਦ ਹੋਈ ਹੈ ਜਿਸਦੀ ਕੀਮਤ ਪੰਜਾਬ ਪੁਲੀਸ ਵੱਲੋਂ ਹਜ਼ਾਰ ਕਰੋੜ ਦੇ ਕਰੀਬ ਦੱਸੀ ਜਾਂਦੀ ਹੈ ਉਹ ਆਪਣੇ ਆਪ ਵਿੱਚ ਇੱਕ ਸਵਾਲ ਹੈ।
ਪੰਜਾਬ ਦੇ ਹੋਮ ਮਨਿਸਟਰ ਜਿਨਾਂ ਅਧੀਨ ਪੰਜਾਬ ਪੁਲੀਸ ਵੀ ਹੈ ਅਤੇ ਉਹ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਦੇ ਅਹੁੰਦੇ ਤੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਨੇ ਆਪਣੀ ਮੌਜ਼ੂਦਾ ਸਰਕਾਰ ਦੇ ਬਣਨ ਉਪਰੰਤ ਇਹ ਮੁੱਖ ਟੀਚਾ ਮਿਥਿਆ ਸੀ ਕਿ ਪੰਜਾਬ ਵਿੱਚ ਤੇਜੀ ਨਾਲ ਨਸ਼ਿਆਂ ਦੇ ਵਪਾਰ ਤੇ ਰੁਝਾਨ ਨੂੰ ਪੂਰੀ ਤਰਾਂ ਰੋਕਣਾ ਹੈ ਇਸੇ ਅਧੀਨ ਹੀ ਪਿਛਲੇ ਸਾਲ ਵਿੱਚ ਅੱਜ ਤੱਕ ਦੀ ਸਭ ਤੋਂ ਵੱਡੀ ਪੇਖ ਤਕਰੀਬਨ ੫੦੦ ਕਿਲੋਗਰਾਮ ਚਿੱਟਾ ਪਾਊਡਰ ਅੱਡ-ਅੱਡ ਥਾਵਾਂ ਤੋਂ ਬਰਾਮਦ ਕੀਤਾ ਹੈ ਅਤੇ ਹਜਾਰਾਂ ਹੀ ਲੋਕ ਗ੍ਰਿਫਤਾਰ ਕੀਤੇ ਹਨ। ਜਗਦੀਸ਼ ਸਿੰਘ ਭੋਲਾ ਵਾਂਗ ਅਨੇਕਾਂ ਹੀ ਅੰਤਰਰਾਸ਼ਟਰੀ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਨਾਮੀਂ ਲੋਕੀ ਕਨੂੰਨ ਦੇ ਦਾਇਰੇ ਵਿੱਚ ਲਿਆਂਦੇ ਹਨ ਅਤੇ ਥਾਂ-ਥਾਂ ਤੇ ਨਸ਼ਿਆਂ ਦੀ ਰੋਕਥਾਮ ਲਈ ਤੇ ਇਸ ਵਿਸ਼ੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਜਨਤਰ ਇੱਕਠ ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਹਨ ਤਾਂ ਜੋ ਸਰਕਾਰ ਵੱਲੋਂ ਇਸ ਨਸ਼ੇ ਦੇ ਕਰੋਪ ਤੋਂ ਪੰਜਾਬ ਦੀ ਜਾਨਤਾ ਨੂੰ ਸੁਚੇਤ ਕੀਤਾ ਜਾ ਸਕੇ। ਇਸ ਸਮੇਂ ਕਈ ਹੋਰ ਵੀ ਨਾਮੀਂ ਸਖਸ਼ੀਅਤਾਂ ਜਿਵੇਂ ਕਿ ਪੰਜਾਬ ਪੁਲੀਸ ਦੇ ਸੇਵਾ ਮੁਕਤ ਡਾਇਰਕਟਰ ਜਨਰਲ ਸ਼ਸ਼ੀ ਕਾਂਤ ਵੀ ਪਿੰਡ-ਪਿੰਡ ਜਾ ਕੇ ਇਸ ਨਸ਼ਿਆਂ ਦੇ ਵਧ ਰਹੇ ਵਪਾਰ ਅਤੇ ਰੁਝਾਨ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਨਾਲ ਹੀ ਆਪਣੇ ਸੰਦੇਸ਼ ਵਿੱਚ ਪ੍ਰਮੁੱਖ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਪ੍ਰਮੱਖ ਲੀਡਰ ਸਾਹਿਬਾਨ ਦੀ ਇਸ ਵਪਾਰ ਵਿੱਚ ਸ਼ਾਮੂਲੀਅਤ ਬਾਰੇ ਖੁੱਲ ਕੇ ਬੋਲ ਰਹੇ ਹਨ ਤੇ ਉਹ ਸਿੱਧੇ ਤੌਰ ਤੇ ਇਹ ਤਾਂ ਕਹਿ ਰਹੇ ਹਨ ਕਿ ਇਸ ਵਪਾਰ ਪਿੱਛੇ ਰਾਜਨੀਤਿਕ ਪ੍ਰਣਾਲੀ ਕਾਫ ਹੱਕ ਤੱਕ ਜੁੰਮੇਵਾਰ ਹੈ ਕਿਉਂਕਿ ਹਰ ਰਾਜਨੀਤਿਕ ਚੋਣ ਵਿੱਚ ਇਹ ਖੁੱਲ ਕੇ ਸਾਹਮਣੇ ਆਉਂਦਾ ਹੈ ਕਿ ਚੋਣਾਂ ਜਿੱਤਣ ਲਈ ਤੇ ਚੋਣਾਂ ਲੜਨ ਲਈ ਪੰਜਾਬ ਵਿੱਚ ਵੱਡੇ ਪੱਧਰ ਤੇ ਵੱਖ-ਵੱਖ ਨਸੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੰਡੇ ਜਾਂਦੇ ਹਨ। ਇਸੇ ਸਬੰਧ ਵਿੱਚ ਸ਼ਸ਼ੀ ਕਾਂਤ ਜੀ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਤਕ ਨਿੱਜੀ ਪਟੀਸ਼ਨ ਲਾਈ ਹੈ ਜਿਸ ਵਿੱਚ ਉਹਨਾਂ ਨੇ ਇਹ ਅਰਜ ਕੀਤੀ ਹੈ ਕਿ ਉਨਾਂ ਵੱਲੋਂ ਪੰਜਾਬ ਪਲੀਸ ਦੀ ਸੇਵਾ ਕਰਦਿਆ ਜੋ ਜਾਣਕਾਰੀ ਨਸ਼ਿਆਂ ਦੇ ਵਪਾਰ ਸਬੰਧੀ ਇੱਕਠੀ ਕੀਤੀ ਗਈ ਸੀ ਉਸ ਤੇ ਕੋਰਟ ਕਾਰਵਾਈ ਕਰੇ ਅਤੇ ਜਿਨਾਂ ਦੇ ਨਾਮ ਇਸ ਕਾਰੋਬਾਰ ਨਾਲ ਉਨਾਂ ਦੀ ਜਾਂਚ ਮੁਤਾਬਕ ਜੁੜਦੇ ਹਨ ਉਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਸੀ ਕਾਂਤ ਜੀ ਇਹ ਵੀ ਦਾਅਵਾ ਕਰਦੇ ਹਨ ਕਿ ਜਦੋਂ ਉਹ ਸੇਵਾ ਦੌਰਾਨ ਪੰਜਾਬ ਪੁਲੀਸ ਦੇ ਖੁਫੀਆ ਵਿਭਾਗ ਦੇ ਮੁੱਖੀ ਸਨ ਤਾਂ ਉਹਨਾਂ ਨੇ ਇੱਕ ਲਿਸਟ ਜਿਸ ਵਿੱਚ ਨਾਮੀਂ ਸਿਆਸੀ ਲੀਡਰਾਂ ਦੇ ਨਾਮ ਵਿਸਥਾਰ ਪੂਰਵਕ ਜਾਣਕਾਰੀ ਸਮੇਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬਾਨ ਨੂੰ ਸੌਂਪੀ ਸੀ, ਜਿਸ ਬਾਰੇ ਅੱਜ ਪੰਜਾਬ ਦੇ ਮੁੱਖ ਮੰਤਰੀ ਇਨਕਾਰ ਕਰਦੇ ਹਨ।
ਪੰਜਾਬ ਵਿੱਚ ਜੋ ਪਿਛਲੇ ਕੁਝ ਸਮੇਂ ਵਿੱਚ ਨਸ਼ਿਆਂ ਦਾ ਵਪਾਰ ਵਧਿਆ ਹੈ ਅਤੇ ਇੰਨੇ ਵੱਡੇ ਪੱਧਰ ਦੀਆਂ ਬਰਾਮਦੀਆਂ ਤੋਂ ਬਾਅਦ ਇੱਕ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ ਕਿਉਂਕਿ ਪੰਜਾਬ ਦਾ ਨੌਜਵਾਨ ਇਸ ਨਸ਼ਿਆਂ ਦੀ ਮਾਰ ਹੇਠ ਬੁਰੀ ਤਰਾਂ ਫਸ ਚੁੱਕਿਆ ਹੈ। ਪਿੱਛੇ ਜਿਹੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਲੀਡਰ ਰਾਹੁਲ ਗਾਂਧੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਇਹ ਕਿਹਾ ਸੀ ਕਿ ੭੦% ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹੈ। ਇਸ ਖਿੱਲਰ ਰਹੀ ਪੰਜਾਬ ਦੀ ਮਾਨਸਿਕਤਾ ਕਿਸੇ ਇੱਕ ਦੋ ਸਿਆਸੀ ਲੀਡਰਾਂ ਦੇ ਪ੍ਰਭਾਵ ਕਰਕੇ ਨਹੀਂ ਸਗੋਂ ਰਾਜਨੀਤਿਕ ਪ੍ਰਣਾਲੀ ਜਿਸਦੇ ਅਧੀਨ ਨਸ਼ਿਆਂ ਨੂੰ ਖੁੱਲ ਕੇ ਸਮਾਜ ਵਿੱਚ ਆਪਣੀ ਜਿੱਤ-ਹਾਰ ਲਈ ਵਰਤਿਆ ਜਾ ਰਿਹਾ ਹੈ ਉਹ ਮੁਖ ਤੌਰ ਵਿਚ ਕਾਰਨ ਹੈ ਅਤੇ ਇਹ ਇੱਕ ਮੰਗ ਕਰਦਾ ਹੈ ਕਿ ਕਨੂੰਨ ਹਰ ਵਿਸ਼ੇ ਦਾ ਹੱਲ ਨਹੀਂ ਹੈ ਸਗੋਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਇਹ ਪ੍ਰਣ ਕਰਨਾ ਪਵੇਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਰਾਜਨੀਤਿਕ ਪ੍ਰਣਾਲੀ ਵਿੱਚ ਕਿਸੇ ਤਰਾਂ ਦਾ ਵੀ ਨਸ਼ਿਆਂ ਦਾ ਸਹਿਯੋਗ ਨਹੀਂ ਲਵਾਂਗੇ ਅਤੇ ਸਮਾਜ ਦੇ ਹੋਰ ਪ੍ਰਮੁੱਖ ਪਹਿਲੂਆਂ ਨੂੰ ਜਿਨਾਂ ਤੇ ਸਮਾਜ ਨੂੰ ਨਰੋਏ ਤਰੀਕੇ ਨਾਲ ਮੁੜ ਤੋਂ ਖੜਾ ਕਰਨਾ ਹੈ ਉਹ ਸਾਡਾ ਮੁੱਖ ਉਪਦੇਸ਼ ਹੋਵੇਗਾ ਜਿਸ ਤਰਾਂ ਕਿ ਹੁਣ ਦਿੱਲੀ ਵਿੱਚ ਇੱਕ ਨਵੀਂ ਲਹਿਰ ਆਮ ਆਦਮੀ ਦੀ ਪ੍ਰਤੀਕ ਆਮ ਆਦਮੀ ਪਾਰਟੀ ਰਾਜਨੀਤੀ ਵਿੱਚ ਆਈ ਹੈ ਉਸ ਨੇ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਸਰਕਾਰਾਂ ਆਮ ਆਦਮੀ ਤੋਂ ਆਪਣੀਆਂ ਦੂਰੀਆਂ ਛੁਪਾਉਣ ਲਈ ਨਸ਼ਿਆਂ ਵਰਗੇ ਕੋਹੜ ਤੋਂ ਕਿਵੇਂ ਪਾਸਾ ਵੱਟਣ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਆਪਣੀ ਜਨਤਾ ਦੀਆਂ ਖਾਹਿਸਾਂ ਅਤੇ ਅਰਮਾਨਾਂ ਮੁਤਾਬਿਕ ਆਪਣੇ ਆਪ ਨੂੰ ਢਾਲਣਗੀਆਂ। ਜਗਦੀਸ਼ ਸਿੰਘ ਭੋਲੇ ਵੱਲੋਂ ਆਪਣੇ ਬਚਾਅ ਲਈ ਕਿਸੇ ਨਾਮੀਂ ਸਿਆਸੀ ਲੀਡਰ ਦਾ ਨਾਮ ਲੈਣ ਨਾਲ ਉਸਦੀ ਆਪਣੀ ਨਿੱਜੀ ਭੂਮਿਕਾ ਘੱਟਣ ਨਹੀਂ ਲੱਗੀ ਤੇ ਇਹ ਨਸ਼ਿਆਂ ਦੇ ਵਪਾਰਾਂ ਦੀ ਪਿਰਤ ਪੰਜਾਬ ਸਰਕਾਰ ਨੂੰ ਪੂਰੀ ਤਨਦੇਹੀ ਨਾਲ ਉਜਾਗਰ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਸ਼ਾਮੂਲੀਅਤ ਬਾਰੇ ਉੱਠ ਰਹੇ ਸਵਾਲਾਂ ਨੂੰ ਰੋਕਿਆ ਜਾ ਸਕੇ।