ਤਿੰਨ ਸੰਤਬਰ ਨੂੰ ਪੰਜ ਸਾਲ ਬਾਦ ਸਿੱਖ ਕੌਮ ਦੀ ਅਗਵਾਈ ਲਈ ਬਣੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੌਣ ਹੋਈ। ਸ੍ਰੋਮਣੀ ਅਕਾਲੀ ਦਲ ੨੪ ਦੰਸਬਰ ੧੯੨੦ ਨੂੰ ਸਿੱਖ ਕੌਮ ਨੂੰ ਲਾਮਬੰਦ ਕਰਨ ਲਈ ਬਣਾਈ ਗਾਈ ਇੱਕ ਰਾਜ ਪੱਧਰ ਦੀ ਸੰਸਥਾ ਸੀ। ਜਿਸਦੇ ਪਹਿਲੇ ਪ੍ਰਧਾਨ ਜਥੇਦਾਰ ਸੁਰਮੁੱਖ ਸਿੰਘ ਝਬਾਲ ਬਣੇ ਅਤੇ ਮੁੱਖ ਨਿਸ਼ਾਨਾ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਲਾਮਬੰਦ ਕਰਕੇ ਸਿੱਖ ਕੌਮ ਨੂੰ ਰਾਜ਼ਸੀ ਅਗਵਾਈ ਦੇਣਾ ਸੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਹੁਕਮ ਅਨੁਸਾਰ ਕੌਮ ਨੂੰ ਅਗਵਾਈ ਦੇਣਾ ਸੀ। ਇਸ ਮਕਸਦ ਨਾਲ ਹੀ ਸ੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਮੋਰਚਾ ਲਾ ਕੇ ਅੰਗਰੇਜ਼ ਹਕੂਮਤ ਤੋਂ ਆਪਣੇ ਧਰਮ ਅਸਥਾਨਾਂ ਨੂੰ ਆਜ਼ਾਦ ਕਰਵਾਇਆ ਸੀ ਅਤੇ ਯੋਜਨਾਬੰਦ ਤਾਰੀਕੇ ਨਾਲ ਕੌਮ ਅਤੇ ਭਾਰਤ ਦੀ ਆਜ਼ਾਦੀ ਲਈ ਮਹੱਤਵਪੂਰਵਿਕ ਸੰਘਰਸ਼ ਵੀ ਕੀਤਾ। ਅੱਜ ੯੩ ਸਾਲਾਂ ਬਾਅਦ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਸੁਰਮੱਖ ਸਿੰਘ ਝਬਾਲ ਤੋਂ ਤੁਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਗਿਆ ਹੈ। ਇਹ ਜਥੇਦਾਰ ਤੋਂ ਸਰਦਾਰੀ ਚ ਤਬਦੀਲੀ ਨਾਲ ਸ੍ਰੋਮਣੀ ਅਕਾਲੀ ਦਲ ਦੀ ਕੌਮ ਪ੍ਰਤੀ ਸੋਚ ਅਤੇ ਮਾਣਮੱਤੇ ਸੰਘਰਸ਼ ਪ੍ਰਤੀ ਸੋਚ ਵੀ ਤਬਦੀਲ ਹੋ ਗਈ ਹੈ। ਇਹ ਇੱਕ ਪੰਥਕ ਨੁਮਾਂਇੰਦਾ ਸੰਸਥਾ ਦੀ ਥਾਂ ਇਕ ਪਰਿਵਾਰਿਕ ਸਰਦਾਰੀ ਦਾ ਰੂਪ ਅਖਤਿਆਰ ਕਰ ਚੁੱਕੀ ਹੈ। ਇਸ ਜਥੇਦਾਰ ਦਾ ਰੁਤਬਾ ਪ੍ਰਧਾਨ ਤੋਂ ਅਲੱਗ ਤਾਂ ਭਾਵੇਂ ੧੯੮੫ ‘ਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਕਤਲ ਤੋਂ ਬਾਦ ਹੀ ਹੋ ਗਿਆ ਸੀ ਅਤੇ ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣ ਗਏ ਸੀ। ਪਰ ਜੋ ਹੁਣ ਇਹ ਸਰਦਾਰੀ ਦੀ ਮਜ਼ਬੂਤੀ ਹੈ ਇਸ ਨੇ ਇਸ ਕੌਮੀ ਜਮਾਤ ਵਜੋਂ ਜਾਣੀ ਜਾਂਦੀ ਭਾਰਤ ਦੀ ਇਕ ਸਭ ਤੋਂ ਪੁਰਾਣੀ ਰਾਜ਼ ਪੱਧਰੀ ਪਾਰਟੀ ਦੀ ਅੰਦਰੂਨੀ ਜਮੂਹਰੀਅਤ ਪੂਰੀ ਤਰਾਂ ਖਤਮ ਕਰ ਦਿੱਤੀ ਹੈ। ਇਸ ਸਰਦਾਰੀ ਚੋ ਹੀ ਬੰਦ ਲਿਫਾਫਿਆਂ ਰਾਹੀਂ ਸ੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣਦੇ ਹਨ ਅਤੇ ਕੋਮ ਦੇ ਜਥੇਦਾਰ ਸਾਹਿਬਾਨ ਲਾਏ ਜਾਂਦੇ ਹਨ।
ਇਹ ੯੩ ਸਾਲ ਪਹਿਲਾਂ ਬਣੀ ਸੰਸਥਾ ਭਾਵੇਂ ਲੰਮੇ ਸਮੇਂ ਤੋਂ ਪੰਜਾਬ ਵਿੱਚ ਰਾਜ ਕਰ ਰਹੀ ਹੈ। ਇਹ ਰਾਜ ਲੰਮੇ ਲਹੂ ਭਿਜੇ ਸੰਘਰਸ਼ ਮਗਰੋਂ ਆਇਆ ਤਾਂ ਜਰੂਰ ਹੈ ਪਰ ਜਿੰਨ੍ਹਾ ਦਾ ਸੰਘਰਸ਼ ਜਾਂ ਸ੍ਰੋਮਣੀ ਅਕਾਲੀ ਦਲ ਵਲੋਂ ਲਾਏ ਮੋਰਚਿਆਂ ਵਿੱਚ ਲਹੂ ਡੁਲਿਆ ਜਾਂ ਕੁਰਬਾਨੀ ਸਦਕਾ ਇਹ ਰਾਜ ਅਤੇ ਸਰਦਾਰੀ ਆਈ ਉਹਨਾਂ ਦੀਆਂ ਯਾਦਗਾਰਾਂ ਵੀ ਰੁਲ ਰੁਲ ਕੇ ਬਣੀਆਂ ਤਾਂ ਜਰੂਰ ਹਨ ਪਰ ਨੁਕਰਾਂ ਚ ਅਤੇ ਅੱਜ ਵੀ ਜੋ ਸਿੰਘ ਕੌਮ ਪ੍ਰਤੀ ਜ਼ਜਬਾ ਰਖਦੇ ਹਨ ਉਹਨਾਂ ਤੇ ਕਾਨੂੰਨ ਅਤੇ ਜਬਰ ਦਾ ਦਬਾਅ ਹੈ ਅਤੇ ਗੁਰਬਾਣੀ ਪ੍ਰਤੀ ਲੜ ਲੱਗਣ ਨੂੰ ਕਹਿਣ ਤੇ ਵੀ ੨੯੫A ਦੇ ਕਾਨੂੰਨ ਤਹਿਤ ਪਰਚੇ ਕੱਟੇ ਜਾਂਦੇ ਹਨ ਅਤੇ ਜੇਲ੍ਹਾਂ ਵਿੱਚ ਬੰਦ ਕਰ ਦਿਤਾ ਜਾਂਦਾ ਹੈ। ਇਸੇ ਸ੍ਰੋਮਣੀ ਅਕਾਲੀ ਦਲ ਜਿਸਨੇ ਵੱਡੇ ਮਾਣ ਨਾਲ ਭਾਰਤੀ ਸੰਘੀ ਢਾਂਚੇ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਸਿਰਦਾਰ ਕਪੂਰ ਸਿੰਘ ਜਿਹੇ ਵਿਦਵਾਨ ਵਲੋਂ ਲਿਖਿਆ ਆਨੰਦਪੁਰ ਸਾਹਿਬ ਦਾ ਮਤਾ ਰਖਿਆ ਸੀ। ਅੱਜ ਇਸ ਮਤੇ ਅਤੇ ਇਸਦੇ ਲਿਖਾਰੀ ਨੂੰ ਆਪਣੇ ਨਾਲੋਂ ਕੋਹਾਂ ਦੂਰ ਕਰ ਲਿਆ ਹੈ ਅਤੇ ਕੌਮ ਨੂੰ ਆਪਣੀ ਜਾਗੀਰ ਵਾਂਗ ਜਾਂ ਮਿਸਲ ਵਾਂਗ ਤਬਦੀਲ ਕਰ ਦਿੱਤਾ ਹੈ। ਇਹ ਨਵੇਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲੇ ਹੀ ਅਜਿਹੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਿਹਨਾਂ ਕਦੇ ਕਿਸੇ ਮੋਰਚੇ ਚ ਭਾਗ ਲਿਆ ਹੋਵੇ ਜਾਂ ਕਦੇ ਕੌਮ ਪ੍ਰਤੀ ਜਾਂ ਪੰਜਾਬ ਲਈ ਕਦੇ ਜਿਹਲ ਕੱਟੀ ਹੋਵੇ। ਇਹ ਸ੍ਰੋਮਣੀ ਅਕਾਲੀ ਦਲ ਜੋ ਕਦੇ ਮਸ਼ਹੂਰ ਸੀ ਇਸ ਕਰਕੇ ਕਿ ਇਹ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚਲਦਿਆਂ ਸਦਾ ਜਬਰ ਅਤੇ ਜੁਲਮ ਦੇ ਖਿਲਾਫ ਰਹੇਗਾ ਅਜ ਜਬਰ ਅਤੇ ਜੁਲਮ ਕਰਨ ਦੇ ਲਈ ਜਾਣੇ ਜਾਂਦੇ ਬੰਦਿਆ ਦੇ ਨਾਲ ਖੜਾ ਹੈ ਅਤੇ ਉਚੇ ਅਹੁਦਿਆਂ ਨਾਲ ਸਨਮਾਨਿਤ ਵੀ ਕੀਤਾ ਹੋਇਆ ਹੈ। ਇਹ ਕੌਮ ਦੀ ਨਵੀਂ ਦਿਸ਼ਾ ਹੈ?