ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਪੰਥਕ ਸਫਾਂ ਵਿੱਚ ਇੱਕ ਵਾਰ ਫਿਰ ਸਰਗਰਮੀ ਸ਼ੁਰੂ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਦੀਆਂ ਹਦਾਇਤਾਂ ਉੱਤੇ ਪਿਛਲੇ ਦਿਨੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੱਕ ਪੰਥਕ ਇਕੱਤਰਤਾ ਬੁਲਾਈ ਗਈ ਜਿਸ ਵਿੱਚ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਇਸ ਇਕੱਠ ਵਿੱਚ ਇਨ੍ਹਾਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਬਹੁਤ ਲੰਬੇ ਸਮੇਂ ਬਾਅਦ ਪੰਥਕ ਏਕਤਾ ਦਾ ਮੁਜਾਹਰਾ ਕੀਤਾ।

ਇਸ ਇਕੱਠ ਵਿੱਚ ਜਿਸ ਕਿਸਮ ਦੀ ਵੰਨਸੁਵੰਨਤਾ ਵਿੱਚ ਏਕਤਾ ਦੇਖਣ ਨੂੰ ਮਿਲੀ ਉਹ ਕਾਫੀ ਦਿਲਚਸਪ ਸੀ। ਸਿੱਖ ਪੰਥ ਦੇ ਗੁੱਸੇ ਦਾ ਸ਼ਿਕਾਰ ਹੋਏ ਬਾਦਲ ਪਰਵਾਰ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ, ਸਿਮਰਨਜੀਤ ਸਿੰਘ ਮਾਨ ਦੇ ਗੋਡਿਆਂ ਨੂੰ ਹੱਥ ਲਾ ਕੇ ਸਤਕਾਰ ਕੀਤਾ। ਸਿਮਰਨਜੀਤ ਸਿੰਘ ਮਾਨ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਅਹਿਦ ਦੁਹਰਾਇਆ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਕਟਾਖਸ਼ ਕਸੇ। ਸੁਖਬੀਰ ਸਿੰਘ ਬਾਦਲ ਚੁੱਪ ਚਾਪ ਸੁਣਦੇ ਰਹੇ। ਪਰਮਜੀਤ ਸਿੰਘ ਸਰਨਾ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਪੰਥਕ ਸੰਸਥਾਵਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਭਾਈ ਪਰਮਜੀਤ ਸਿੰਘ ਗਾਜ਼ੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅਜਿਹੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਜੋ ਵੋਟ ਰਾਜਨੀਤੀ ਤੋ ਨਿਰਲੇਪ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਵੋਟ ਰਾਜਨੀਤੀ ਬਹੁਤੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਹ ਵਿੱਚ ਰੋੜਾ ਬਣ ਜਾਂਦੀ ਰਹੀ ਹੈ।

ਕੁਲ ਮਿਲਾਕੇ ਇਹ ਇਕੱਠ ਇੱਕ ਜਾਬਤੇ ਵਾਲਾ ਅਤੇ ਜਜਬਾਤੀ ਇਕੱਠ ਹੋ ਨਿੱਬੜਿਆ ਜਿਸ ਵਿੱਚ ਪਹਿਲੀ ਵਾਰ ਅਕਾਲੀ ਦਲ ਬਾਦਲ ਨੇ ਆਪਣੇ ਵਿਰੋਧੀ ਧੜਿਆਂ ਨੂੰ ਸਤਕਾਰਤ ਥਾਂ ਦਿੱਤੀ। ਜੇ ਵੱਡੀ ਹਾਰ ਦਾ ਸਾਹਮਣਾਂ ਕਰਨ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਇਹ ਗੱਲ ਸਮਝ ਆਈ ਹੈ ਤਾਂ ਆਖਿਆ ਜਾ ਸਕਦਾ ਹੈ ਕਿ ਬਾਦਲ ਦਲ ਦੀ ਲੀਡਰਸ਼ਿੱਪ ਮੂਲ ਰੂਪ ਵਿੱਚ ਸਿਆਣੀ ਨਹੀ ਹੈ। ਜਿਹੜੀ ਗੱਲ ਉਨ੍ਹਾਂ ਨੂੰ ਆਪਣੀ ਸੱਤਾ ਵੇਲੇ ਸਮਝ ਆਉਣੀ ਚਾਹੀਦੀ ਸੀ ਉਹ ਸੱਤਾ ਗੁਆਚ ਜਾਣ ਤੋਂ ਬਾਅਦ ਸਮਝ ਆਈ ਹੈ। ਇਸ ਨੇ ਅਕਾਲੀ ਦਲ ਬਾਦਲ ਲਈ ਬਾਕੀ ਸਿੱਖ ਸੰਸਥਾਵਾਂ ਦੇ ਮਨ ਵਿੱਚ ਵਿਸ਼ਵਾਸ਼ ਦਾ ਸੰਕਟ ਪੈਦਾ ਕਰ ਦਿੱਤਾ ਹੈ। ਪੰਥਕ ਸਫਾਂ ਵਿੱਚ ਇਹ ਸੁਆਲ ਉੱਠ ਰਿਹਾ ਹੈ ਕਿ ਕੀ ਬਾਦਲ ਦਲ ਵਾਲੇ ਇਹ ਸਾਰੀ ਖੇਡ ਆਪਣੀ ਸੱਤਾ ਹਥਿਆਉਣ ਲਈ ਖੇਡ ਰਹੇ ਹਨ ਜਾਂ ਉਨ੍ਹਾਂ ਨੂੰ ਸੱਚਮੁੱਚ ਅਕਲ ਆ ਗਈ ਹੈ? ਪੰਥਕ ਸਫਾਂ ਵਿੱਚ ਇਹ ਸੁਆਲ ਵੀ ਉੱਠ ਰਿਹਾ ਹੈ ਕਿ ਕੀ ਬਾਦਲ ਦਲ ਮੁੜ ਸੱਤਾ ਵਿੱਚ ਆ ਜਾਣ ਤੋਂ ਬਾਅਦ ਵੀ ਇਸ ਪੰਥਕ ਏਕੇ ਨੂੰ ਕਾਇਮ ਰੱਖ ਸਕੇਗਾ ਜਾਂ ਫਿਰ ਤਾਨਾਸ਼ਾਹਾਂ ਅਤੇ ਹਾਕਮਾਂ ਵਾਲਾ ਵਤੀਰਾ ਅਖਤਿਆਰ ਕਰ ਲਵੇਗਾ?

ਨਿਰਸੰਦੇਹ ਬਾਦਲ ਦਲ ਲਈ ਸਿੱਖ ਸਫਾਂ ਵਿੱਚ ਵਿਸ਼ਵਾਸ਼ ਦਾ ਸੰਕਟ ਬਣਿਆ ਹੋਇਆ ਹੈ। ਕੋਈ ਵੀ ਸੱਚਾ ਸਿੱਖ਼ ਉਨ੍ਹਾਂ ਤੇ ਵਿਸ਼ਵਾਸ਼ ਕਰਨ ਨੂੰ ਰਾਜ਼ੀ ਨਹੀ ਹੈ। ਅਕਾਲੀ ਦਲ ਦੀ ਰਾਜਸੀ ਚੜ੍ਹਤ ਦਾ ਰਾਜ਼ ਹੀ ਪੰਥਕ ਵਿਸ਼ਾਵਾਸ਼ ਰਿਹਾ ਹੈ। ਜੇ ਅਕਾਲੀ ਲੀਡਰਸ਼ਿੱਪ ਦੇ ਇੱਕ ਸੱਦੇ ਉੱਤੇ ਲੱਖਾਂ ਸਿੱਖ ਜੇਲ੍ਹਾਂ ਭਰ ਦਿੰਦੇ ਸਨ ਤਾਂ ਇਹ ਸਿਰਫ ਆਪਣੀ ਲੀਡਰਸ਼ਿੱਪ ਤੇ ਵਿਸ਼ਵਾਸ਼ ਹੋਣ ਕਾਰਨ ਹੀ ਸੀ। ਅੱਜ ਦਾ ਅਕਾਲੀ ਦਲ ਉਹ ਵਿਸ਼ਵਾਸ਼ ਖੋ ਚੁੱਕਾ ਹੈ। ਜੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਵਾਕਿਆ ਹੀ ਸੁਹਿਰਦ ਹੈ ਤਾਂ ਉਸਨੂੰ ਸਾਰੀਆਂ ਰਾਜਸੀ ਲਾਲਸਾਵਾਂ ਤਿਆਗ ਕੇ ਇਸ ਕਾਰਜ ਲਈ ਮੋਹਰੀ ਰੋਲ ਨਿਭਾਉਣਾਂ ਚਾਹੀਦਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪਰ ਜੇ ਆਪਣੇ ਲੋਕਾਂ ਦਾ ਵਿਸ਼ਵਾਸ਼ ਗਵਾ ਲਿਆ ਤਾਂ ਅਕਾਲੀ ਦਲ ਲਈ ਭਵਿੱਖ ਖਤਰਨਾਕ ਹੋ ਸਕਦਾ ਹੈ। ਭਾਰਤ ਸਰਕਾਰ ਅੱਜ ਵੀ ਅਕਾਲੀ ਦਲ ਦੀ ਲੀਡਰਸ਼ਿੱਪ ਦਾ ਮਾਣ ਸਤਕਾਰ ਕਰਦੀ ਹੈ। ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਮਾਣ ਸਤਕਾਰ ਦੇ ਬਲਬੂਤੇ ਤੇ ਸਿੱਖ ਪੰਥ ਲਈ ਕੋਈ ਚੰਗਾ ਕਾਰਜ ਕਰੇ। ਜੇ ਹੁਣ ਵੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਬਹਾਨਾ ਲਗਾ ਕੇ ਕੇਂਦਰ ਸਰਕਾਰ ਨਾਲ ਆਪਣੀ ਸੱਤਾ ਦੀ ਗਿਟਮਿਟ ਹੀ ਕੀਤੀ ਤਾਂ ਅਕਾਲੀ ਦਲ ਲਈ ਭਵਿੱਖ ਵਿੱਚ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਪੰਜਾਬ ਦਾ ਇੱਕ ਮਜਬੂਤ ਖੇਤਰੀ ਪਾਰਟੀ ਬਿਨਾ ਨਹੀ ਸਰਦਾ। ਕਿਉਂਕਿ ਸਾਡੀਆਂ ਰਾਜਸੀ ਰੀਝਾਂ ਉਮੰਗਾਂ ਤੇ ਧਾਰਮਕ ਅਕੀਦਾ ਬਹੁ-ਗਿਣਤੀ ਨਾਲੋਂ ਬਹੁਤ ਭਿੰਨ ਹੈ। ਸਾਡਾ ਤਰਜ਼ੇ ਜਿੰਦਗੀ ਬਹੁ-ਗਿਣਤੀ ਨਾਲੋਂ ਵੱਖਰਾ ਹੈ। ਉਸ ਨਿਵੇਕਲੀ ਤਰਜ਼ੇ-ਜਿੰਦਗੀ ਨੂੰ ਬਚਾਉਣ ਲਈ ਜਿੱਥੇ ਸਿੱਖ ਕੌਮ ਦੇ ਜੁਝਾਰੂ ਸਿੰਘਾਂ ਦਾ ਰਿਹਾ ਹੋਣਾਂ ਬਹੁਤ ਜਰੂਰੀ ਹੈ ਉੱਥੇ ਹੀ ਪੰਜਾਬ ਵਿੱਚ ਮਜਬੂਤ ਖੇਤਰੀ ਪਾਰਟੀ ਅਕਾਲੀ ਦਲ ਦਾ ਜਿੰਦਾ ਰਹਿਣਾਂ ਵੀ ਬਹੁਤ ਜਰੂਰੀ ਹੈ। ਅਕਾਲੀ ਦਲ ਤਾਂ ਹੀ ਰਾਜਸੀ ਤੌਰ ਤੇ ਜਿੰਦਾ ਰਹਿ ਸਕਦਾ ਹੈ ਜੇ ਉਹ ਪੰਥ ਵੱਲ ਮੂੰਹ ਕਰਕੇ ਸਰਗਰਮ ਰਹੇਗਾ। ਪੰਥ ਵੱਲ ਪਿੱਠ ਕਰਕੇ ਅਕਾਲੀ ਦਲ ਨੇ ਜੋ ਖੁਆਰੀ ਹਾਸਲ ਕੀਤੀ ਹੈ ਉਹ ਦੁਖਦਾਈ ਹੈ। ਅਕਾਲੀ ਲੀਡਰਸ਼ਿੱਪ ਨੂੰ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਅਤੇ ਪੰਥ ਵੱਲ ਮੂੰਹ ਕਰਨਾ ਚਾਹੀਦਾ ਹੈ।