ਇਤਿਹਾਸ ਵਿੱਚ ਦੇਸ ਪੰਜਾਬ ਨੂੰ ਹਜਾਰਾਂ ਵਾਰ ਘੇਰੇ ਪਏ ਹਨ। ਦੇਸ ਪੰਜਾਬ ਲਈ ਹਾਕਮਾਂ ਅਤੇ ਦੁਸ਼ਮਣਾਂ ਦੇ ਘੇਰੇ ਕੋਈ ਬਹੁਤੇ ਨਵੇਂ ਨਹੀ ਹਨ। ਹਾਕਮਾਂ ਅਤੇ ਦੁਸ਼ਮਣਾਂ ਦੇ ਘੇਰਿਆਂ ਦੌਰਾਨ ਹੀ ਦੇਸ ਪੰਜਾਬ ਵਧਦਾ ਫੁਲਦਾ ਰਿਹਾ ਹੈ ਅਤੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਂਦਾ ਰਿਹਾ ਹੈ। ਨਾਦਰਾਂ,ਅਬਦਾਲੀਆਂ, ਫਰਖਸ਼ੀਅਰਾਂ ਅਤੇ ਔਰੰਗਜ਼ੇਬਾਂ ਦੇ ਅਣਗਿਣਤ ਘੇਰੇ ਦੇਸ ਪੰਜਾਬ ਨੇ ਦੇਖੇ ਵੀ ਹਨ,ਹੰਢਾਏ ਵੀ ਹਨ ਅਤੇ ਆਪਣੇ ਬਾਹੂਬਲ ਨਾਲ ਤੋੜੇ ਵੀ ਹਨ। ਹਾਲੇ ਇਹ ਕੱਲ੍ਹ ਦੀਆਂ ਗੱਲਾਂ ਹਨ ਜਦੋਂ ਦੇਸ ਪੰਜਾਬ ਨੇ ਵਕਤ ਦੇ ਹਾਕਮਾਂ ਦੇ ਲੱਖਾਂ ਦੇ ਘੇਰਿਆਂ ਨੂੰ ਤੋੜਿਆ ਸੀ ਅਤੇ ਆਪਣੇ ਗੁਰੂ ਦੀ ਬਖਸ਼ਿਸ਼ ਦੇ ਦੋਹਰੇ ਇਸ ਧਰਤੀ ਤੇ ਗਾਏ ਸਨ।
ਨਵੇਂ ਹਾਕਮ ਵੀ ਹੁਣ ਪੁਰਾਣਿਆਂ ਦੇ ਰਾਹ ਤੇ ਤੁਰ ਪਏ ਹਨ। ਜਿਹੜੇ ਦਸੰਬਰ ਦੇ ਮਹੀਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਣ ਦੇ ਐਲਾਨ ਕਰਦੇ ਹਨ ਉਹ ਇਹ ਗੱਲ ਭੁੱਲ ਰਹੇ ਹਨ ਕਿ ਗੁਰੂ ਜੀ ਦੇ ਅਣਗਿਣਤ ਸਾਹਿਬਜ਼ਾਦੇ ਅੱਜ ਵੀ ਚਮਕੌਰ ਸਾਹਿਬ ਦੀ ਗੜ੍ਹੀ ਦੀ ਯਾਦ ਆਪਣੇ ਮਨ ਮਸਤਕ ਵਿੱਚ ਵਸਾਕੇ ਵਿਚਰ ਰਹੇ ਹਨ। ਦੇਸ ਪੰਜਾਬ ਲਈ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਸ਼ਹਾਦਤ ਦਾ ਇਤਿਹਾਸ ਬੇਗਾਨਾ ਅਤੇ ਕਿਤਾਬੀ ਨਹੀ ਹੈ। ਬਲਕਿ ਦੇਸ ਪੰਜਾਬ ਤਾਂ ਹਰ ਰੋਜ ਸਵੇਰੇ ਸ਼ਾਮ ਉਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਕੇ ਵਾਹਿਗੁਰੂ ਵੀ ਆਖਦਾ ਹੈ ਜਿਨ੍ਹਾਂ ਧਰਮ ਅਤੇ ਕੌਮ ਲਈ ਅਕਹਿ ਜੁਲਮ ਸਹਿਕੇ ਸ਼ਹਾਦਤ ਦਿੱਤੀ ਅਤੇ ਆਪਣੇ ਗੁਰੂ ਤੋਂ ਇਹ ਵਰ ਵੀ ਮੰਗਦਾ ਹੈ ਕਿ ਸਾਨੂੰ ਵੀ ਉਸ ਰਸਤੇ ਤੇ ਚੱਲਣ ਦਾ ਬਲ ਬਖਸ਼ਣ।
ਸਮੇਂ ਦੇ ਹਾਕਮਾਂ ਨੇ ਹੁਣ ਇੱਕ ਵਾਰ ਫਿਰ ਪੰਜਾਬ ਦੀ ਰਾਜਧਾਨੀ ਅਤੇ ਪੰਜਾਬ ਦੇ ਪਾਣੀ ਖੋਹਣ ਦਾ ਯਤਨ ਕੀਤਾ ਹੈ। ਇਹੋ ਕੁਝ ਦੇਸ਼ ਦੇ ਪਹਿਲੇ ਹਾਕਮ ਕਰਦੇ ਆਏ ਹਨ। ਪਾਣੀ ਦੇਸ ਪੰਜਾਬ ਦਾ ਜੀਵਨ ਹੈ। ਇਸ ਪਾਣੀ ਨੂੰ ਸਾਡੇ ਗੁਰੂ ਸਾਹਿਬ ਨੇ ਪਿਤਾ ਦੇ ਸਮਾਨ ਮੰਨਿਆ ਹੈ। ਇਸਤੇ ਕਿਸੇ ਬੇਗਾਨੇ ਦਾ ਕਬਜਾ ਦੇਸ ਪੰਜਾਬ ਲਈ ਆਪਣੇ ਪਿਤਾ ਤੇ ਕਬਜੇ ਵਾਂਗ ਉਕਰਿਆ ਹੋਇਆ ਹੈ। ਬੇਸ਼ੱਕ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਤਾਕੀਦ ਕੀਤੀ ਹੈ ਪਰ ਹਰ ਕਿਸਮ ਦੇ ਸਿਆਸੀ ਹਮਲਿਆਂ ਖਿਲਾਫ ਸੰਘਰਸ਼ ਕਰਨ ਦਾ ਸੁਨੇਹਾ ਵੀ ਦਿੱਤਾ ਹੈ। ਗੁਰੂ ਖਾਲਸਾ ਪੰਥ ਜਿੱਥੇ ਹਰ ਬਿਪਤਾ ਦੀ ਘੜੀ ਬਿਨਾ ਕਿਸੇ ਦਾ ਧਰਮ, ਜਾਤ ਅਤੇ ਨਸਲ ਦੇਖਿਆਂ ਸੇਵਾ ਲਈ ਉਤਰ ਆਉਂਦਾ ਹੈ ਉੱਥੇ ਹੀ ਆਪਣੇ ਹੱਕ ਮਾਰਨ ਵਾਲੇ ਹਾਕਮਾਂ ਖਿਲਾਫ ਬਗਾਵਤ ਦਾ ਝੰਡਾ ਵੀ ਚੁੱਕ ਲੈਂਦਾ ਹੈ।
ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ। ਇਹ ਪੰਜਾਬ ਦੀ ਧਰਤੀ ਹੈ। ਸਾਡੇ ਅਣਗਿਣਤ ਪਿੰਡ ਇਸ ਨਵੇਂ ਸਹਿਰ ਦੀ ਭੇਟ ਚੜ੍ਹ ਗਏ ਹਨ। ਕਨੂੰਨ ਅਨੁਸਾਰ ਜਦੋਂ ਵੀ ਕਿਸੇ ਰਾਜ ਦੀ ਵੰਡ ਹੁੰਦੀ ਹੈ ਤਾਂ ਉਸਦੀ ਰਾਜਧਾਨੀ ਪਿਤਰੀ ਹਿੱਸੇ ਨੂੰ ਮਿਲਦੀ ਹੈ। ਹਰਿਆਣਾਂ ਅਤੇ ਹਿਮਾਚਲ ਪੰਜਾਬ ਤੋਂ ਤੋੜੇ ਗਏ ਹਨ। ਪਿਤਰੀ ਮਾਲਕ ਪੰਜਾਬ ਹੈ। ਇਸ ਲਈ ਚੰਡੀਗੜ੍ਹ ਪੰਜਾਬ ਦਾ ਹੀ ਹੈ। ਇਹ ਮਹਿਜ਼ ਕਿਸੇ ਇਲਾਕੇ,ਉੱਥੇ ਵਸੇ ਸ਼ਹਿਰ ਜਾਂ ਪੱਥਰ ਦੀਆਂ ਇਮਾਰਤਾਂ ਦਾ ਸੁਆਲ ਨਹੀ ਹੈ ਬਲਕਿ ਪੰਜਾਬ ਦੀ ਗੈਰਤ ਅਤੇ ਇਤਿਹਾਸਕ ਵਿਰਾਸਤ ਦਾ ਸੁਆਲ ਹੈ। ਪੰਜਾਬ ਇਸ ਸ਼ਹਿਰ ਨੂੰ ਵੱਡਾ ਸ਼ਹਿਰ ਹੋਣ ਕਰਕੇ ਨਹੀ ਮੰਗ ਰਿਹਾ ਬਲਕਿ ਆਪਣੀ ਹੋਂਦ ਦੇ ਇੱਕ ਬਹੁਤ ਦੀ ਅਹਿਮ ਮੁੱਦੇ ਨਾਲ ਸਾਂਝ ਹੋਣ ਕਰਕੇ ਮੰਗ ਰਿਹਾ ਹੈ। ਜੇ ਇੱਥੇ ਪਾਥੀਆਂ ਦੇ ਗੁਹਾਰੇ ਲੱਗੇ ਹੁੰਦੇ ਅਤੇ ਉਜਾੜ ਬੀਆਬਾਨ ਹੁੰਦਾ ਤਾਂ ਵੀ ਪੰਜਾਬ ਨੇ ਇਸ ਧਰਤੀ ਤੇ ਆਪਣਾਂ ਹੱਕ ਜਤਾਉਣਾਂ ਸੀ।
ਕਿਸੇ ਧਰਤੀ ਨਾਲ ਮੋਹ ਅਤੇ ਲਗਾਅ ਉਸ ਦੀ ਖੁਸ਼ਹਾਲੀ ਜਾਂ ਵੀਰਾਨੀ ਕਰਕੇ ਨਹੀ ਹੁੰਦਾ ਬਲਕਿ ਉਸ ਨਾਲ ਜੁੜੇ ਇਤਿਹਾਸ ਕਰਕੇ ਹੁੰਦਾ ਹੈ।ਕੋਈ ਇਤਿਹਾਸਕ ਪਰਿਪੇਖ ਹੀ ਦੇਸ ਪੰਜਾਬ ਨੂੰ ਚੰਡੀਗੜ੍ਹ ਨਾਲ ਜੋੜ ਰਿਹਾ ਹੈ। ਇਹ ਸਾਡੇ ਪੁਰਖਿਆਂ ਦੀ ਧਰਤੀ ਹੈ ਇਸੇ ਲਈ ਸਾਡਾ ਇਸ ਨਾਲ ਲਗਾਅ ਹੈ। ਦੇਸ ਪੰਜਾਬ ਨੇ ਕਦੇ ਤਾਮਿਲਨਾਡੂ ਜਾਂ ਮਹਾਰਾਸ਼ਟਰ ਦੇ ਕਿਸੇ ਇਲਾਕੇ ਤੇ ਹੱਕ ਨਹੀ ਜਤਾਇਆ, ਕਿਉਂਕਿ ਉਹ ਸਾਡੇ ਹੈ ਹੀ ਨਹੀ ਸਾਡੀ ਉਨ੍ਹਾਂ ਨਾਲ ਕੋਈ ਪਿਤਰੀ ਸਾਂਝ ਹੀ ਨਹੀ ਹੈ।
ਇਸੇ ਤਰ੍ਹਾਂ ਪਾਣੀ ਦਾ ਮਸਲਾ ਹੈ। ਪਾਣੀ ਸਾਡਾ ਗੌਰਵ ਹੈ। ਇਸ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਇਹ ਮਾਣ ਪੰਜਾਬ ਦੀਆਂ ਨਸਲਾਂ ਦੇ ਲਹੂ ਵਿੱਚ ਦੌੜਦਾ ਹੈ। ਇਤਿਹਾਸ ਦੇ ਜਿਹੜੇ ਅੰਸ਼ ਦੇਸ ਪੰਜਾਬ ਦੇ ਲਹੂ ਵਿੱਚ ਦੌੜ ਰਹੇ ਹਨ ਉਨ੍ਹਾਂ ਨਾਲੋਂ ਕਦੇ ਵਿਛੋੜਾ ਸਹਿਣ ਨਹੀ ਕੀਤਾ ਜਾ ਸਕਦਾ। ਜਦੋਂ ਕਦੇ ਵੀ ਵਕਤ ਦੇ ਹਾਕਮਾਂ ਨੇ ਦੇਸ ਪੰਜਾਬ ਨੂੰ ਉਨ੍ਹਾਂ ਦੀ ਪਿਤਰੀ ਧਰਤੀ ਅਤੇ ਪਾਣੀ ਨਾਲੋਂ ਵੱਖ ਕਰਨ ਦਾ ਕੋਝਾ ਯਤਨ ਕੀਤਾ ਹੈ ਤਾਂ ਪੰਜਾਬ ਨੇ ਬਗਾਵਤ ਕੀਤੀ ਹੀ ਕੀਤੀ ਹੈ।
ਭਾਰਤ ਦੇ ਵਰਤਮਾਨ ਹਾਕਮਾਂ ਨੂੰ ਇਤਿਹਾਸ ਦੀ ਕੰਧ ਤੇ ਲਿਖੀ ਇਬਾਰਤ ਪੜ੍ਹ ਲੈਣੀ ਚਾਹੀਦੀ ਹੈ। ਇਸ ਪਾਣੀ ਦੀ ਰਾਖੀ ਲਈ ਦੇਸ ਪੰਜਾਬ ਦੇ ਲਾਡਲੇ ਹਸ ਹਸਕੇ ਫਾਂਸੀਆਂ ਤੇ ਝੂਲ ਗਏ। ਇਸੇ ਇਤਿਹਾਸਕ ਧਰਤੀ ਅਤੇ ਪਾਣੀਆਂ ਲਈ ਦੇਸ ਪੰਜਾਬ ਦੇ ਲਾਡਲੇ 25 ਸਾਲ ਤੋਂ ਜੇਲ੍ਹਾਂ ਵਿੱਚ ਜੀਵਨ ਬਿਤਾ ਰਹੇ ਹਨ। ਦੇਸ ਦੇ ਹਾਕਮ ਉਸ ਰਾਹ ਨਾ ਪੈਣ ਜਿਸ ਰਾਹ ਇੰਦਰਾ ਗਾਂਧੀ ਪਈ ਸੀ। ਇਸ ਨਾਲ ਪੰਜਾਬ ਦਾ ਹੋਰ ਨੁਕਸਾਨ ਹੋ ਸਕਦਾ ਹੈ।
ਪੰਜਾਬ ਨੂੰ ਇੱਕ ਵਾਰ ਫਿਰ ਘੇਰਾ ਪਾਉਣ ਦਾ ਯਤਨ ਨਾ ਕਰੋ। ਇਹ ਕਿਸੇ ਦੇ ਹਿੱਤ ਵਿੱਚ ਵੀ ਨਹੀ ਹੋਵੇਗਾ।