ਬਰਤਾਨੀਆ ਦੇ ਸ਼ਾਹੀ ਪਰਵਾਰ ਦੇ ਸਿਰ ਤੇ ਅੱਜਕੱਲ੍ਹ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਸ਼ਹਿਜਾਦੀ ਡਿਆਨਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸ਼ਾਹੀ ਪਰਵਾਰ ਨੂੰ ਅਜਿਹੇ ਸੰਕਟ ਦਾ ਸਾਹਮਣਾਂ ਕਰਨਾ ਪੈ ਰਿਹਾ ਹੈੈ। ਸ਼ਹਿਜਾਦੀ ਡਿਆਨਾ ਦੇ ਛੋਟੇ ਬੇਟੇ ਹੈਰੀ ਅਤੇ ਉਸਦੀ ਪਤਨੀ ਮੈਘਨ ਮਰਕਲ ਨੇ ਪਿਛਲੇ ਦਿਨੀ ਅਮਰੀਕਾ ਦੇ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਜੋ ਸਨਸਨੀਖੇਜ ਖੁਲਾਸੇੇ ਕੀਤੇ ਹਨ ਉਸਨੇ ਸ਼ਾਹੀ ਪਰਵਾਰ ਦੇ ਅੰਦਰ ਚੱਲ ਰਹੀ ਰਾਜਨੀਤੀ ਦਾ ਪਰਦਾਫਾਸ਼ ਕਰ ਦਿੱਤਾ ਹੈੈ।
ਜਿਸ ਦਿਨ ਤੋਂ ਹੈਰੀ ਅਤੇ ਮੇਘਨ ਮਰਕਲ ਦਾ ਵਿਆਹ ਹੋਇਆ ਹੈ ਉਸ ਦਿਨ ਤੋਂ ਹੀ ਬਰਤਾਨੀਆ ਦੇ ਸੱਜੇਪੱਖੀ ਮੀਡੀਆ ਨੇ ਉਨ੍ਹਾਂ ਦੋਹਾਂ ਦੇ ਖਿਲਾਫ ਇੱਕ ਤੂਫਾਨੇ-ਬੱਦਤਮੀਜ਼ੀ ਅਰੰਭਿਆ ਹੋਇਆ ਸੀ। ਹਰ ਨਵੇਂ ਦਿਨ ਹੈਰੀ ਦੀ ਪਤਨੀ ਮੇਘਨ ਨੂੰ ਨੀਵਾਂ ਦਿਖਾਉਣ ਦੇ ਨਾਲ ਨਾਲ ਉਸਦੇ ਵੱਡੇ ਭਰਾ ਵਿਲੀਅਮ ਅਤੇ ਉਸਦੀ ਪਤਨੀ ਕੇਟ ਮਿਡਲਟੈਨ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਾਂਦੇ ਸਨ। ਕੱਟੜਪੰਥੀ ਮੀਡੀਆ ਨੇ ਹੈਰੀ ਅਤੇ ਵਿਲੀਅਮ ਦੇ ਪਰਵਾਰਾਂ ਦੇ ਰਿਸ਼ਤੇ ਨੂੰ ਤੋੜਨ ਲਈ ਕੋਈ ਕਸਰ ਨਹੀ ਛੱਡੀ।
ਕਾਰਨ ਇਹ ਸੀ ਕਿ ਹੈਰੀ ਨੇ ਜਿਸ ਔਰਤ ਨਾਲ ਵਿਆਹ ਕਰਵਾਇਆ ਸੀ ਉਹ ਚਿੱਟੀ ਨਸਲ ਦੀ ਨਹੀ ਸੀ ਅਤੇ ਦੂਜਾ ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਸੱਜੇਪੱਖੀ ਮੀਡੀਆ ਨੂੰ ਭਾਵੇਂ ਦੂਜੇ ਵਿਆਹ ਦਾ ਤਾਂ ਕੋਈ ਇਤਰਾਜ਼ ਨਾ ਹੋਵੇ ਪਰ ਮੇਘਨ ਦੇ ਕਾਲੀ ਨਸਲ ਹੋਣ ਦਾ ਦਰਦ ਉਨ੍ਹਾਂ ਦੇ ਸੀਨੇ ਵਿੱਚ ਸੂਲ ਵਾਂਗ ਚੁਭ ਰਿਹਾ ਸੀ। ਕੱਟੜਪੰਥੀ ਲੋਕ ਸ਼ਿਵ ਸੈਨਾ ਵਾਂਗ ਇਹ ਬਰਦਾਸ਼ਤ ਨਹੀ ਕਰ ਸਕਦੇ ਕਿ ਸ਼ਾਹੀ ਪਰਵਾਰ ਦਾ ਸ਼ਹਿਜਾਦਾ ਕਿਸੇ ਹੋਰ ਨਸਲ ਦੀ ਔਰਤ ਨਾਲ ਵਿਆਹ ਕਰਵਾ ਲਵੇ।
ਕੱਟੜਪੰਥੀ ਲੋਕ ਜੋ ਬਰਤਾਨੀਆ ਦੇ ਸਮਾਜ ਵਿੱਚ ਉੱਚੀਆਂ ਅਤੇ ਜਿੰਮੇਵਾਰੀ ਵਾਲੀਆਂ ਥਾਵਾਂ ਉੱਤੇ ਬੈਠੇ ਹਨ ਉਹ ਨਹੀ ਚਾਹੁੰਦੇ ਕਿ ਸ਼ਾਹੀ ਪਰਵਾਰ ਜਾਂ ਉਨ੍ਹਾਂ ਦੇ ਪਰਵਾਰ ਵੀ ਕਿਸੇ ਗੈਰ ਨਾਲ ਸ਼ਾਦੀ ਵਿਆਹ ਵਰਗਾ ਨਾਤਾ ਰੱਖਣ।
ਜਿਸ ਕਿਸਮ ਦਾ ਤੂਫਾਨ-ਏ_ਬਦਤਮੀਜ਼ੀ ਪਿਛਲੇ 3 ਸਾਲਾਂ ਤੋਂ ਬਰਤਾਨੀਆ ਦੇ ਪਿ੍ਰੰਟ ਮੀਡੀਆ ਅਤੇ ਬਿਜਲਈ ਮੀਡੀਆ ਵਿੱਚ ਚੱਲ ਰਿਹਾ ਸੀ ਉਸਨੇ ਸ਼ਾਹੀ ਪਰਵਾਰ ਦੇ ਰਿਸ਼ਤੇ ਤਾਂ ਖਰਾਬ ਕੀਤੇ ਹੀ ਸਨ ਪਰ ਉਸਨੇ ਹਾਲਾਤ ਇਸ ਹੱਦ ਤੱਕ ਪਹੰੁਚਾ ਦਿੱਤੇ ਕਿ, ਬਰਤਾਨੀਆ ਦੀ ਮਹਾਰਾਣੀ ਦੇ ਪੋਤੇ ਨੂੰ ਆਪਣਾਂ ਹੀ ਉਹ ਦੇਸ਼ ਛੱਡ ਕੇ ਭੱਜਣਾਂ ਪਿਆ ਜਿਸ ਉੱਤੇ ਉਸਦੀ ਦਾਦੀ ਦੇ ਰਾਜ ਦਾ ਸਿੱਕਾ ਚਲਦਾ ਹੈੈ।
ਇਹ ਘਟਨਾ ਜੇ ਕਿਸੇ ਅਫਰੀਕੀ ਜਾਂ ਅਰਬ ਮੁਲਕ ਵਿੱਚ ਘਟੀ ਹੁੰਦੀ ਤਾਂ ਗੱਲ ਸਮਝ ਆਉਂਦੀ ਹੈ ਪਰ ਇੰਗਲੈਂਡ ਵਰਗੇ ਅਗਾਂਹਵਧੂ ਮੁਲਕ ਦਾ ਉੱਚ ਵਰਗ ਵੀ ਅਜਿਹੀ ਜਾਤਪਾਤੀ ਨਫਰਤ ਨਾਲ ਭਰਪੂਰ ਹੋਵੇਗਾ, ਸ਼ਾਹੀ ਪਰਵਾਰ ਦੇ ਸੰਕਟ ਨੇ ਇਸਦਾ ਪਾਜ ਉਘੇੜ ਦਿੱਤਾ ਹੈੈ।
ਜਦੋਂ ਹਾਲਾਤ ਦੇ ਝੰਬੇ ਹੋਏ ਸ਼ਹਿਜਾਦੇ ਹੈਰੀ ਨੇ ਆਪਣੇ ਆਪ ਨੂੰ ਸਾਰੀਆਂ ਸ਼ਾਹੀ ਜਿੰਮੇਵਾਰੀਆਂ ਤੋਂ ਮੁਕਤ ਕਰਨ ਦਾ ਐਲਾਨ ਕੀਤਾ ਤਾਂ ਇੱਕਦਮ ਉਸਨੂੰ ਜੁੱਲੀ ਬਿਸਤਰਾ ਚੁੱਕ ਕੇ ਭੱਜ ਜਾਣਦੇ ਦੇ ਅਸਿੱਧੇ ਸੰਦੇਸ਼ ਮਿਲਣੇ ਸ਼ੁਰੂ ਹੋ ਗਏ। ਜਦੋਂ ਉਸਨੇ ਕਨੇਡਾ ਵਿੱਚ ਵਸਣ ਦੀ ਇੱਛਾ ਜਾਹਰ ਕੀਤੀ ਤਾਂ ਕਾਮਨਵੈਲਥ ਮੁਲਕ ਹੋਣ ਕਰਕੇ, ਹੈਰੀ ਦੀ ਸੁਰੱਖਿਆ ਦਾ ਸੰਕਟ ਖੜ੍ਹਾ ਕਰਵਾ ਦਿੱਤਾ ਗਿਆ। ਅੰਤ ਨੂੰ ਉਹ ਆਪਣੇ ਦੋਸਤਾਂ ਮਿੱਤਰਾਂ ਕੋਲ ਅਮਰੀਕਾ ਵਸ ਗਿਆ।
ਓਫਰਾ ਵਿਨਫਰੀ ਦੇ ਮਸ਼ਹੂਰ ਟੀ.ਵੀ. ਸ਼ੋਅ ਦੌਰਾਨ ਮੇਘਨ ਮਰਕਲ ਨੇ ਦੱਸਿਆ ਕਿ ਕਿਵੇ ਉਸ ਨਾਲ ਸ਼ਾਹੀ ਮਹੱਲ ਵਿੱਚ ਨਸਲੀ ਵਿਤਕਰਾ ਕੀਤਾ ਗਿਆ। ਕਿਵੇਂ ਉਸਦੀ ਸੁਰੱਖਿਆ ਖਤਮ ਕਰ ਦਿੱਤੀ ਗਈ ਅਤੇ ਕਿਵੇਂ ਆਰਥਕ ਤੌਰ ਤੇ ਉਨ੍ਹਾਂ ਨੂੰ ਮੁਥਾਜ ਬਣਾ ਦਿੱਤਾ ਗਿਆ। ਉਸਨੇ ਇਹ ਵੀ ਦੱਸਿਆ ਕਿ ਸ਼ਾਹੀ ਪਰਵਾਰ ਦੇ ਇੱਕ ਮੈਂਬਰ ਨੇ ਇਹ ਟਿੱਪਣੀ ਵੀ ਕਰ ਦਿੱਤੀ ਕਿ ਮੇਘਨ ਦੇ ਪੈਦਾ ਹੋਣ ਵਾਲਾ ਬੱਚਾ ਗੋਰਾ ਹੋਵੇਗਾ ਜਾਂ ਕਾਲਾ।
ਇਸ ਹਾਲਾਤ ਵਿੱਚ ਇੰਗਲੈਂਡ ਦੀ ਮਹਾਰਾਣੀ ਜਿਸਦਾ ਸਿੱਕਾ ਅੱਜ ਵੀ 52 ਮੁਲਕਾਂ ਵਾਲੀ ਕਾਮਨਵੈਲਥ ਉੱਤੇ ਚੱਲਦਾ ਹੈ ਦਾ ਪੋਤਾ ਆਪਣੀ ਜਨਮ ਭੂਮੀ ਛੱਡਕੇ ਭੱਜਣ ਲਈ ਮਜਬੂਰ ਹੋ ਗਿਆ।
ਹੁਣ ਜਦੋਂ ਹੈਰੀ ਅਤੇ ਮੇਘਨ ਨੇ ਪਰਵਾਰ ਦੇ ਅੰਦਰ ਹੁੰਦੇ ਅੱਤਿਆਚਾਰ ਦਾ ਪਰਦਾਫਾਸ਼ ਕਰ ਦਿੱਤਾ ਹੈ ਤਾਂ ਹੁਣ ਸ਼ਾਹੀ ਪਰਵਾਰ ਨੇ ਆਖਿਆ ਹੈ ਕਿ ਦੋਵਾਂ ਨਾਲ ਹੋਏ ਅੱਤਿਆਚਾਰ ਦੀ ਪਰਵਾਰ ਵੱਲੋਂ ਜਾਂਚ ਕੀਤੀ ਜਾਵੇਗੀ।
ਹਲਾਂਕਿ ਉਸ ਟੀ.ਵੀ. ਮੁਲਾਕਾਤ ਤੋਂ ਦੋ ਦਿਨ ਪਹਿਲਾਂ ਸ਼ਾਹੀ ਪਰਵਾਰ ਨੇ ਹੈਰੀ ਦੀ ਪਤਨੀ ਮੇਘਨ ਮਰਕਲ ਦੇ ਖਿਲਾਫ ਜਾਂਚ ਕਰਨ ਦਾ ਐਲਾਨ ਕੀਤਾ ਸੀ ਕਿ ਉਸਨੇ ਸ਼ਾਹੀ ਪਰਵਾਰ ਦੇ ਕਾਮਿਆਂ ਨਾਲ ਬਦਸਲੂਕੀ ਕੀਤੀ ਹੈੈੈ।
ਅਮਰੀਕੀ ਮੀਡੀਆ ਨੇ ਇਸਤੇ ਟਿੱਪਣੀ ਕਰਦਿਆਂ ਆਖਿਆ ਕਿ ਮੇਘਨ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਸ਼ਹਿਜਾਦੇ ਐਂਡਰਿਊ ਖਿਲਾਫ ਨਹੀ ਜਿਸਦਾ ਨਾਅ ਇੱਕ ਸੈਕਸ ਸਕੈਂਡਲ ਵਿੱਚ ਬੋਲਦਾ ਹੈੈ।
ਸੋ ਦੇਖਿਆ ਜਾ ਸਕਦਾ ਹੈ ਕਿ ਹੈਰੀ ਅਤੇ ਮੇਘਨ ਦੀ ਮੁਲਾਕਾਤ ਪਰਸਾਰਨ ਹੋਣ ਤੋਂ ਦੋ ਦਿਨ ਪਹਿਲਾਂ ਤੱਕ ਵੀ ਸ਼ਾਹੀ ਪਰਵਾਰ ਦਾ ਦੋਵਾਂ ਪ੍ਰਤੀ ਵਿਹਾਰ ਵਿਤਕਰੇ ਵਾਲਾ ਸੀ।
ਇਸ ਵੱਡੇ ਝਟਕੇ ਤੋਂ ਸ਼ਾਹੀ ਪਰਵਾਰ ਆਪਣੇ ਆਪ ਨੂੰ ਕਿਵੇਂ ਬਚਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ।