5 ਅਗਸਤ 2020 ਨੂੰ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਨੀਹ ਪੱਥਰ ਰੱਖ ਦਿੱਤਾ ਹੈੈ।1992 ਵਿੱਚ ਹਿੰਦੂ ਆਗੂਆਂ ਵੱਲੋਂ ਭੜਕਾਈਆਂ ਗਈਆਂ ਭੀੜਾਂ ਨੇ ਉੱਥੇ ਸਥਿਤ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਸਤੋਂ ਬਾਅਦ ਬਹੁਤ ਲੰਬੇ ਸਮੇਂ ਤੱਕ ਇਸ ਬਾਰੇ ਕੇਸ ਚਲਦਾ ਰਿਹਾ। ਕਈ ਮਹੱਤਵਪੂਰਨ ਗਵਾਹ ਮਾਰ ਦਿੱਤੇ ਗਏ। ਕਈ ਕਮਿਸ਼ਨ ਬਣੇ, ਕਈ ਜਾਂਚਾਂ ਹੋਈਆਂ।
ਖੈਰ ਹਿੰਦੂ ਲੀਡਰਸ਼ਿੱਪ ਨੇ ਦੇਸ਼ ਦੀ ਸਿਆਸੀ ਸੱਤਾ ਉੱਤੇ ਆਪਣੀ ਜਕੜ ਪੱਕੀ ਕਰਕੇ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਸੀ ਅਤੇ ਪੂਰੇ ਇੱਕ ਸਾਲ ਤੋਂ ਬਾਅਦ ਰਾਮ ਮੰਦਰ ਦੀ ਉਸਾਰੀ ਦਾ ਨੀਹ ਪੱਥਰ ਰੱਖ ਦਿੱਤਾ ਹੈੈ।ਸਮੁੱਚੀ ਹਿੰਦੂ ਕੌਮ ਵਿੱਚ ਇਸ ਸਰਗਰਮੀ ਕਾਰਨ ਵਧਵੀਂ ਖੁਸ਼ੀ ਮਨਾਈ ਜਾ ਰਹੀ ਹੈੈ। ਹਰ ਕਿਸਮ ਦਾ ਹਿੰਦੂ ਸ਼ੋਸ਼ਲ ਮੀਡੀਆ ਉੱਤੇ ਇਹ ਲਿਖ ਰਿਹਾ ਹੈ ਕਿ ਇਹ ਮੰਦਰ ਦਾ ਨੀਹ ਪੱਥਰ ਨਹੀ ਹੈ ਬਲਕਿ ਹਿੰਦੂ ਰਾਸ਼ਟਰ ਦਾ ਨੀਹ ਪੱਥਰ ਹੈ ਜੋ ਕਿ ਸਦੀਆਂ ਬਾਅਦ ਸੱਚ ਹੋਣ ਜਾ ਰਿਹਾ ਹੈੈ।
ਖੈਰ ਅਗਲਿਆਂ ਦੀ ਸਰਕਾਰ ਸੀ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਡਰਾ ਧਮਕਾ ਕੇ ਹਿੰਦੂਆਂ ਦੇ ਹੱਕ ਵਿੱਚ ਫੈਸਲਾ ਲੈ ਲਿਆ ਅਤੇ ਮੰਦਰ ਦਾ ਨਿਰਮਾਣ ਅਰੰਭ ਕਰ ਦਿੱਤਾ।
ਰਾਮ ਮੰਦਰ ਬਣਾਉਣ ਵਾਲੀ ਸਮੁੱਚੀ ਲਹਿਰ ਦੇ ਸਿੱਖਾਂ ਲਈ ਕੁਝ ਸਬਕ ਹਨ ਜੋ ਖਾਲਸਾ ਪੰਥ ਨੂੰ ਸਮਝਣੇ ਚਾਹੀਦੇ ਹਨ।
ਪਹਿਲੀ ਗੱਲ ਜੋ ਸਮਝਣ ਵਾਲੀ ਹੈ ਉਹ ਇਹ ਹੈ ਕਿ ਧਰਮ, ਆਪਣੇ ਰਾਜ ਤੋਂ ਬਿਨਾ ਨਹੀ ਚਲ ਸਕਦਾ।ਜੇ ਕਿਸੇ ਕੌਮ ਨੇ ਆਪਣੀਆਂ ਰਵਾਇਤਾਂ, ਆਪਣਾਂ ਨਿਆਰਾ ਇਤਿਹਾਸ ਅਤੇ ਆਪਣੀ ਧਾਰਮਕ ਪਰੰਪਰਾ ਬਚਾਉਣੀ ਹੈ ਉਸ ਲਈ ਉਸ ਕੌਮ ਕੋਲ ਆਪਣਾਂ ਦੇਸ਼ ਅਤੇ ਆਪਣਾਂ ਰਾਜ ਹੋਣਾਂ ਬਹੁਤ ਜਰੂਰੀ ਹੈੈੈ। ਆਪਣੇ ਅਜ਼ਾਦ ਰਾਜ ਤੋਂ ਬਿਨਾ ਆਪਣਾਂ ਗੌਰਵ ਅਤੇ ਵਿਰਸਾ ਨਹੀ ਬਚਾਇਆ ਜਾ ਸਕਦਾ। ਜਦੋਂ ਹਿੰਦੂ ਕੌਮ ਬਾਬਰ ਵਰਗੇ ਜਾਬਰ ਰਾਜੇ ਦੀ ਗੁਲਾਮ ਬਣੀ ਹੋਈ ਸੀ ਤਾਂ ਉਸ ਕੌਮ ਤੇ ਅਸਹਿ ਜੁਲਮ ਹੋਏ। ਇਤਿਹਾਸ ਇਸਦਾ ਗਵਾਹ ਹੈੈ।ਸਦੀਆਂ ਤੱਕ ਹਿੰਦੂ ਕੌਮ ਨੇ ਜਾਬਰਾਂ ਦੀ ਗੁਲਾਮੀ ਹੰਢਾਈ। ਪਰ ਇਸਦੇ ਬਾਵਜੂਦ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਪਰੰਪਰਾ ਬਚਾਈ ਰੱਖੀ। ਹੁਣ ਜਦੋਂ ਉਨ੍ਹਾਂ ਦਾ ਆਪਣਾਂ ਰਾਜ ਆਇਆ ਹੈ ਤਾਂ ਉਨ੍ਹਾਂ ਆਪਣੇ ਉੱਤੇ ਹੋਏ ਜੁਲਮਾਂ ਦਾ ਬਦਲਾ ਲੈਣ ਦਾ ਯਤਨ ਕੀਤਾ ਹੈ। ਅਤੇ ਆਪਣੇ ਧਰਮ ਨੂੰ ਬਚਾਉਣ ਲਈ ਆਪਣੇ ਰਾਜ ਦੀ ਵਰਤੋਂ ਕਰਨੀ ਅਰੰਭ ਕਰ ਦਿੱਤੀ ਹੈੈੈ। ਉਹ ਇਸ ਕਾਰਜ ਲਈ ਕਿਨ੍ਹਾਂ ਤੇ ਜੁਲਮ ਕਰ ਰਹੇ ਹਨ ਇਹ ਵੱਖਰਾ ਵਿਸ਼ਾ ਹੈੈੈ।
ਦੂਜੀ ਗੱਲ ਜੋ ਸਮਝਣ ਵਾਲੀ ਹੈ ਉਹ ਇਹ ਹੈ ਕਿ ਰਾਜ ਹਾਸਲ ਕਰਕੇ ਸਾਰੇ ਸਿਆਸਤਦਾਨਾਂ ਨੂੰ ਆਪਣੀ ਕੌਮ ਦੇ ਹਿੱਤਾਂ ਲਈ ਕੰਮ ਕਰਨੇ ਚਾਹੀਦੇ ਹਨ। ਹਰ ਸਿਆਸਤਦਾਨ ਲਈ ਆਪਣੀ ਕੌਮ ਦੇ ਹਿੱਤ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਜਿਹੜੇ ਸਿਆਸਤਦਾਨ ਸੱਤਾ ਹਾਸਲ ਕਰਕੇ ਆਪਣੀ ਕੌਮ ਦੇ ਹਿੱਤਾਂ ਤੋਂ ਮੂੰਹ ਮੋੜ ਲੈਂਦੇ ਹਨ ਜਾਂ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਤੁਰ ਪੈਂਦੇ ਹਨ ਉਹ ਇਤਿਹਾਸ ਦੇ ਕਿਸੇ ਮੋੜ ਤੇ ਆਕੇ ਸਿਆਸੀ ਸੱਤਾ ਤੋਂ ਤਾਂ ਵਿਹੂਣੇ ਹੁੰਦੇ ਹੀ ਹਨ ਪਰ ਇਸਦੇ ਨਾਲ ਹੀ ਉਹ ਆਪਣੀ ਕੌਮ ਦੇ ਇਤਿਹਾਸ ਤੋਂ ਵੀ ਮਨਫੀ ਹੋ ਜਾਂਦੇ ਹਨ। ਰਾਜ ਸੱਤਾ ਜਾਂ ਸਿਆਸੀ ਏਜੰਡਾ ਸਿਆਸਤਦਾਨਾਂ ਦੇ ਰਾਹ ਵਿੱਚ ਭਾਵੇਂ ਜਿੰਨੇ ਮਰਜੀ ਅੜਿੱਕੇ ਪਾਵੇ ਪਰ ਸੱਚੇ ਸਿਆਸਤਦਾਨ ਨੂੰ ਰਾਜਸੀ ਸ਼ਕਤੀ ਹਮੇਸ਼ਾ ਆਪਣੀ ਕੌਮ ਦੇ ਹਿੱਤ ਅੱਗੇ ਵਧਾਉਣ ਅਤੇ ਉਨ੍ਹਾਂ ਦੀਆਂ ਸਦੀਵੀ ਤੌਰ ਤੇ ਜੜ੍ਹਾਂ ਲਾਉਣ ਲਈ ਵਰਤਣੀ ਚਾਹੀਦੀ ਹੈੈ।
ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਸਬਕ ਸਿੱਖ ਲੀਡਰਸ਼ਿੱਪ ਨੂੰ ਦਿੱਤਾ ਹੈੈੈ। ਇਸ ਘਟਨਾਕ੍ਰਮ ਦਾ ਇੱਕ ਤੀਜਾ ਸਬਕ ਵੀ ਹੈ ਜਿਸ ਬਾਰੇ ਹਾਲੇ ਸਿੱਖ ਕੌਮ ਵਿੱਚ ਦੋ ਰਾਵਾਂ ਵੀ ਹੋ ਸਕਦੀਆਂ ਹਨ। ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਬਾਬਰੀ ਮਸਜਿਦ ਨੂੰ ਢਾਹਢੇਰੀ ਕਰਨ ਦੀ ਕਾਰਵਾਈ ਨੂੰ 1984 ਦੇ ਸਿੱਖ ਘੱਲੂਘਾਰੇ ਨਾਲ ਜੋੜ ਕੇ ਦੇਖਦਾ ਹੈੈ।
ਪਰ ਸਾਡਾ ਮੰਨਣਾਂ ਹੈ ਕਿ ਸ੍ਰੀ ਦਰਬਾਰ ਸਾਹਿਬ-ਸ੍ਰੀ ਅਕਾਲ ਤਖਤ ਸਾਹਿਬ ਸਿੱਖ ਗੁਰੂਆਂ ਦੇ ਵਰੋਸਾਏ ਹੋਏ ਰੁਹਾਨੀਅਤ ਦੇ ਕੇਂਦਰ ਹਨ। ਇਨ੍ਹਾਂ ਵਿੱਚੋਂ ਹਮੇਸ਼ਾ ਪਾਕ ਪਵਿੱਤਰ ਰੁਹਾਨੀ ਸੰਦੇਸ਼ ਦੀ ਵਰਖਾ ਹੁੰਦੀ ਹੈੈ। ਇਸੇ ਕਾਰਨ ਹੀ ਅੱਜ ਵੀ ਹਜਾਰਾਂ ਗੈਰ-ਸਿੱਖ ਇਸ ਅਸਥਾਨ ਦੇ ਦਰਸ਼ਨ ਕਰਨ ਨੂੰ ਆਪਣਾਂ ਜੀਵਨ ਸਫਲਾ ਕਰਨਾ ਸਮਝਦੇ ਹਨ।
ਪਰ ਬਾਬਰੀ ਮਸਜਿਦ ਅਜਿਹੇ ਜੁਲਮੀ ਰਾਜੇ ਦੇ ਨਾਅ ਤੇ ਸੀ ਜਿਸਨੇ ਇਤਿਹਾਸ ਵਿੱਚ ਬਹੁਤ ਜੁਲਮ ਕੀਤੇ। ਗੁਰੂ ਨਾਨਕ ਦੇਵ ਜੀ ਨੂੰ ਉਸਦੀ ਕੈਦ ਵਿੱਚ ਰਹਿਣਾਂ ਪਿਆ। ਬਾਬਰ ਦੇ ਜੁਲਮਾਂ ਦੀ ਦਾਸਤਾਨ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਵੀ ਬਿਆਨ ਕੀਤੀ ਹੈੈ।
ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੇ ਬੁੱਤ ਪੰਜਾਬ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਨੇ ਪੰਜਾਬ ਤੇ ਜੁਲਮ ਕੀਤਾ ਉਨ੍ਹਾਂ ਦੇ ਬੁੱਤ ਪੰਜਾਬ ਵਿੱਚ ਨਹੀ ਹੋਣੇ ਚਾਹੀਦੇ ਇਹ ਹਰ ਸਿੱਖ ਦੀ ਇੱਛਾ ਹੈੈ।
ਸੋ ਰਾਮ ਮੰਦਰ ਦੀ ਉਸਾਰੀ ਨੇ ਸਿੱਖਾਂ ਨੂੰ ਕੁਝ ਸਬਕ ਦਿੱਤੇ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈੈ।