ਬਾਬਾ ਬੂਝਾ ਸਿੰਘ ਦਾ ਜੀਵਨ ਅੱਜ ਵੀ ਕਿਸੇ ਸੰਘਰਸ਼ਮਈ ਜੀਵਨ ਲਈ ਇੱਕ ਅਦੁੱਤੀ ਮਿਸਾਲ ਹੈ। ਬਾਬਾ ਬੂਝਾ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਚੜਦੀ ਜਵਾਨੀ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਸੰਘਰਸ਼ਮਈ ਜੀਵਨ ਨੂੰ ਆਪਣਾ ਆਦਰਸ਼ ਮੰਨ ਕੇ ਜ਼ਿੰਦਗੀ ਬਤੀਤ ਕੀਤੀ। ਜਿਸ ਦੀ ਸ਼ੁਰੂਆਤ ਭਾਰਤ ਦੇ ਅਜਾਦੀ ਸੰਗਰਾਮ ਸਮੇਂ ਅਰਜਨਟਾਈਨਾ ਦੀ ਧਰਤੀ ਤੋਂ ਸ਼ੁਰੂ ਹੋਈ ਤੇਂ ਸੁਨਾਵਾਂ ਪਿੰਡ ਦੇ ਪੁਲ ਤੇ 28 ਜੁਲਾਈ 1971 ਨੂੰ ਉਸ ਸਮੇਂ ਦੀ ਪੰਜਾਬ ਸਰਕਾਰ ਦੀ ਪੰਜਾਬ ਪੁਲੀਸ ਨੇ ਮਨਘੜਤ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਇਸ ਅਜਾਦੀ ਘੁਲਾਟੀਏ ਗਦਰੀ ਬਾਬੇ ਦੇ ਜੀਵਨ ਨੂੰ ਸਮਾਪਤ ਕਰ ਦਿੱਤਾ। ਇਸ ਮਨਘਰਤ ਝੂਠੇ ਮੁਕਾਬਲੇ ਦੇ ਸਮੇਂ ਬਾਬਾ ਜੀ ਦੀ ਉਮਰ 82 ਵਰਿਆਂ ਦੀ ਸੀ। ਉਨਾਂ ਨੂੰ ਕੁਝ ਦਿਨ ਪਹਿਲਾਂ ਨਗਰ ਪਿੰਡ ਦੇ ਨੇੜੇ ਤੋਂ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਫੇਰ ਥਾਨੇ ਲਿਜਾ ਕੇ ਕਰਤਾਰ ਸਿੰਘ ਬਾਜਵਾ ਇੰਸਪੈਕਟਰ ਦੀ ਰਹਿਨੁਮਾਈ ਹੇਠਾਂ ਅੰਨਾ ਤਸ਼ੱਦਦ ਢਾਹ ਕੇ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਉਨਾਂ ਨੂੰ ਸੁਨਾਵਾਂ ਪਿੰਡ ਦੇ ਪੁਲ ਤੇ ਇੱਕ ਦਰੱਖਤ ਨਾਲ ਬੰਨ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਪੁਲੀਸ ਮੁਕਾਬਲਾ ਦਿਖਾ ਦਿੱਤਾ ਗਿਆ। ਉਨਾਂ ਤੇ ਇਲਜ਼ਾਮ ਸੀ ਕਿ ਉਹ ਉਸ ਸਮੇਂ ਦੇ ਕਾਂਗਰਸੀ ਪ੍ਰਧਾਨ ਦਾ ਕਤਲ ਕਰਨ ਜਾ ਰਹੇ ਸਨ। ਇਸ ਝੂਠੇ ਪੁਲੀਸ ਮੁਕਾਬਲੇ ਨੇ ਲੋਕਾਂ ਅਤੇ ਕਲਮਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸਨੂੰ ਪੰਜਾਬ ਅੰਦਰ ਝੂਠੇ ਪੁਲੀਸ ਮੁਕਾਬਲਿਆਂ ਦੀ ਸ਼ੁਰੂਆਤ ਵਜੋਂ ਵੀ ਜਾਣਿਆ ਜਾਂਦਾ ਹੈ। ਬਾਬਾ ਜੀ ਉਸ ਸਮੇਂ ਪੰਜਾਬ ਅੰਦਰ ਚੱਲ ਰਹੀ ਮਾਰਕਸਵਾਦ ਦੀ ਲਹਿਰ ਵਿੱਚ ਸ਼ਾਮਿਲ ਸਨ ਜਿਸਨੂੰ ਉਹ ਆਪਣੀ ਸੋਚ ਤੇ ਸਿਆਣਪ ਨਾਲ ਪੰਜਾਬ ਦੇ ਕ੍ਰਿਤੀ ਨੌਜਵਾਨਾਂ ਅੰਦਰ ਸੋਚ ਪੈਦਾ ਕਰਕੇ ਹੁਲਾਰਾ ਦੇ ਰਹੇ ਸਨ।
ਅੱਜ ਦਾ ਯੁੱਗ ਜੋ ਪੂੰਜੀਵਾਦੀ ਸਿਆਸਤ ਨਾਲ ਬੱਝ ਚੁੱਕਾ ਹੈ ਤੇ ਉਸ ਸਮੇਂ ਵੀ ਆਪਣੇ ਪੈਰ ਪਸਾਰ ਰਿਹਾ ਸੀ। ਜਿਸ ਅਧੀਨ ਸਰਮਾਣੇਦਾਰਾਂ ਦਾ ਰਾਜ ਪ੍ਰਚੱਲਤ ਹੋ ਰਿਹਾ ਸੀ। ਬੰਗਾਲ ਵਿੱਚ 1960 ਦੇ ਸਮੇਂ ਵਿੱਚ ਉੱਠੀ ਨਕਸਲੀ ਲਹਿਰ ਤੋਂ ਬਾਬਾ ਜੀ ਨੇ ਪ੍ਰੇਰਨਾ ਲੈ ਕੇ 1967 ਤੋਂ ਪੰਜਾਬ ਅੰਦਰ ਕ੍ਰਿਤੀ ਕਿਸਾਨਾਂ ਤੇ ਮਜਦੂਰਾਂ ਦੀ ਹੋ ਰਹੀ ਲੁੱਟ ਦੇ ਖਿਲਾਫ ਨਕਸਲੀ ਲਹਿਰ ਦਾ ਅਗਾਜ਼ ਕੀਤਾ ਸੀ। ਜਿਸਨੂੰ ਉਹ ਇੱਕ ਵਗਦੇ ਦਰਿਆ ਵਾਂਗ ਆਪਣੀ ਮਿਹਨਤ, ਸੋਚ ਤੇ ਜੀਵਨ ਦੇ ਤਜ਼ਰਬੇ ਨਾਲ ਸਿੰਜਣ ਲਈ ਆਖਰੀ ਦਮ ਤੱਕ ਕੋਸ਼ਿਸ਼ ਕਰਦੇ ਰਹੇ। ਬਾਬਾ ਜੀ ਇੱਕ ਅਜਿਹੀ ਸਖਸ਼ੀਅਤ ਸਨ ਜੋ ਮਾਰਕਸਵਾਦ ਦੀ ਹਾਮੀ ਸੀ ਪਰ ਉਨਾਂ ਕੋਲ ਗੁਰੂ ਸਾਹਿਬਾਨਾਂ ਵਾਂਗ ਊਚ-ਨੀਚ ਦੇ ਖਿਲਾਫ ਸੋਚ ਸ਼ਕਤੀ ਸੀ। ਜ਼ਿਕਰਯੋਗ ਹੈ ਕਿ ਜਦੋਂ ਬਾਬਾ ਜੀ ਦੀ ਦਾ ਝੂਠਾ ਮੁਕਾਬਲਾ ਬਣਾਇਆ ਗਿਆ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਦੀ ਵਾਗਡੋਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਸੀ। ਜੋ ਕਿ ਉਸ ਤੋਂ ਬਾਅਦ ਵੀ ਚਾਰ ਵਾਰ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦੂਸਰੇ ਪਾਸੇ ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਬੰਗਾਲ ਵਿੱਚ ਨਕਸਲਵਾੜੀ ਲਹਿਰ ਨੂੰ ਖਤਮ ਕਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਤੀ ਰੱਖਣ ਵਾਲਾ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇਅ ਸੀ। ਜਿਸਨੂੰ ਝੂਠੇ ਪੁਲੀਸ ਮੁਕਾਬਲਿਆਂ ਦਾ ਨੀਤੀਵਾਨ ਹੋਣ ਕਾਰਨ ਬੰਗਾਲੀਆਂ ਨੇ ਮੁੜ ਕਦੇ ਛੋਟੀ ਜਾਂ ਵੱਡੀ ਚੋਣ ਜਿੱਤਣ ਨਹੀਂ ਦਿੱਤੀ। ਦੂਸ਼ਰੇ ਪਾਸੇ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਕਦੀ ਚੋਣ ਹਾਰੇ ਨਹੀਂ। ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਬਣਾਏ ਗਏ ਪਹਿਲੇ ਪੁਲੀਸ ਮੁਕਾਬਲੇ ਨੂੰ ਉਸ ਸਮੇਂ ਦੇ ਜਸਟਿਸ ਬੀ. ਕੇ. ਤਾਰਕੁੰਡੇ ਨੇ ਆਪਣੀ ਜਾਂਚ ਦੌਰਾਨ ਝੂਠਾ ਕਰਾਰ ਦਿੱਤਾ ਸੀ। ਬਾਬਾ ਬੂਝਾ ਸ਼ਿੰਘ ਦੇ ਜੀਵਨ ਸਮਾਪਤੀ ਦੇ ਸਮੇਂ ਹੋਏ ਝੂਠੇ ਪੁਲੀਸ ਮੁਕਾਬਲੇ ਨੇ ਪੰਜਾਬ ਪੁਲੀਸ ਨੂੰ ਅਜਿਹੀ ਹੱਲਾਸ਼ੇਰੀ ਦਿੱਤੀ ਕੇ ਉਨਾਂ ਵੱਲੋਂ ਇਸ ਤੋਂ ਬਾਅਦ ਕਿਸੇ ਵੀ ਤਰਾਂ ਦੇ ਲੋਕਮਈ ਸੰਘਰਸ਼ ਭਾਵੇਂ ਉਹ ਨਕਸਲਵਾੜੀ ਹੋਵੇ ਜਾਂ ਸਿੱਖ ਸੰਘਰਸ਼ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਉਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਸੰਘਰਸ਼ ਹੋਵੇ, ਉਸ ਦੇ ਖਾਤਮੇ ਲਈ 1996 ਤੱਕ ਲੜੀ ਹੀ ਚੱਲਦੀ ਰਹੀ ਹੈ। ਇਤਿਹਾਸ ਮੁਤਾਬਕ ਬਾਬਾ ਬੂਝਾ ਸਿੰਘ ਦਾ ਸੰਘਰਸ਼ਮਈ ਜੀਵਨ ਹਮੇਸ਼ਾ ਹੀ ਸੰਘਰਸ਼ ਦਾ ਇੱਕ ਅਜਿਹਾ ਚਿੰਨ ਰਹੇਗਾ ਜੋ ਸੰਘਰਸ਼ਮਈ ਜੀਵਨ ਲਈ ਪ੍ਰੇਰਨਾ ਸ੍ਰੋਤ ਹੈ।