ਗੁਰੂ ਦੀਆਂ ਰੁਹਾਨੀ ਰਹਿਮਤਾਂ ਦੀ ਬਖਸ਼ਿਸ਼, ਸ੍ਰੀ ਅਕਾਲ ਤਖਤ ਸਾਹਿਬ ਦਾ ਜਲੌਅ ਅੱਜ ਵੀ ਆਪਣੀ ਸ਼ਾਨ ਨਾਲ ਝੂਲ ਰਿਹਾ ਹੈ। ਤਖਤ ਆਪਣੇ ਵਿਸਮਾਦੀ ਰੰਗ ਵਿੱਚ ਅਜੀਬ ਚੁੱਪ ਨਾਲ ਭਰਪੂਰ, ਖਾਲਸਾਈ ਵਜਦ ਦੀ ਗਹਿਰਾਈ ਨੂੰ ਦੇਖ ਰਿਹਾ ਹੈ। ਖਾਲਸਾਈ ਵਜਦ ਦੀ ਗਹਿਰਾਈ ਅਤੇ ਖਾਲਸਾਈ ਸਿਦਕ ਦੇ ਫੈਲਾਓ ਦੇ ਅਨੰਤ ਚਮਤਕਾਰਾਂ ਨੂੰ ਅਕਾਲ ਦਾ ਇਹ ਤਖਤ ਆਪਣੇ ਇਤਿਹਾਸ ਦੀ ਬੁੱਕਲ ਵਿੱਚ ਸਮੋਈ ਬੈਠਾ ਹੈ। ਇਸਨੇ ਇਤਿਹਾਸ ਦੇ ਅਨੰਤ ਰੰਗ ਦੇਖੇ ਅਤੇ ਹੰਢਾਏ ਹਨ। ਖ਼ਾਲਸਾ ਜੀ ਦੇ ਜੀਵਨ ਦੀਆਂ ਧੁੱਪਾਂ ਅਤੇ ਛਾਵਾਂ ਨੂੰ ਮਾਣਿਆਂ ਹੈ। ਤਖਤ ਨੇ ਸਿੱਖ ਪੰਥ ਦੇ ਨਿਰਭੈਅ ਸਿਦਕ ਨੂੰ ਵੀ ਦੇਖਿਆ ਹੈ ਅਤੇ ਵਕਤ ਪੈਣ ਤੇ ਖਾਲਸਾ ਪੰਥ ਦੀ ਰੂਹ ਵਿੱਚੋਂ ਜਿੰਦਾ ਸੰਸਕਾਰਾਂ ਦੇ ਮੁੱਕ ਜਾਣ ਕਾਰਨ ਪੈਦਾ ਹੋਏ ਬਲਵਾਨ ਉਜਾੜ ਦੇ ਖਾਲੀਪਣ ਨੂੰ ਵੀ ਬਹੁਤ ਨੇੜਿਓਂ ਤੱਕਿਆ ਹੈ। ਇਸਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਸਿਮਰਨ ਸੁਰ ਦੀ ਮਿਠਾਸ ਨਾਲ ਭਰੇ ਹੋਏ ਖਾਲਸੇ ਨੂੰ ਵੀ ਦੇਖਿਆ ਹੈ ਅਤੇ ਇਸਦੀ ਲਿਵ ਨੂੰ ਰੱਬੀ ਹੁਕਮ ਦੀ ਵਿਸ਼ਾਲਤਾ ਨਾਲ਼ੋਂ ਟੁੱਟਦਿਆਂ ਵੀ ਦੇਖਿਆ ਹੈ।

ਤਖਤ ਨੇ ਖਾਲਸਾਈ ਜੀਵਨ ਦੇ ਅਨੇਕ ਰੰਗਾਂ ਨੂੰ ਮਾਣਿਆਂ ਤੇ ਮਹਿਸੂਸ ਕੀਤਾ ਹੈ, ਪਰ ਆਪਣੇ ਜਲੌਅ ਨੂੰ ਮੱਧਮ ਨਹੀ ਪੈਣ ਦਿੱਤਾ। ਇਹ ਖਾਲਸਾਈ ਜੀਵਨ ਦੇ ਹਰ ਰੰਗ ਵਿੱਚ ਆਪਣੀ ਵਿਸਮਾਦੀ ਅਤੇ ਬਬੇਕੀ ਸ਼ਾਨ ਨਾਲ ਚਮਕਦਾ ਰਿਹਾ ਹੈ। ਕਿਉਂਕਿ ਇਹ ਅਕਾਲ ਦਾ ਤਖਤ ਹੈ। ਇਤਿਹਾਸ ਦੇ ਕਾਲੇ ਦੌਰ ਇਸਦੀ ਸ਼ਾਨ ਨੂੰ ਖਤਮ ਨਹੀ ਕਰ ਸਕੇ।

ਚਮਕ ਇਹ ਉਦੋਂ ਵੀ ਰਿਹਾ ਸੀ ਜਦੋਂ ੧ ਜੁਲਾਈ ੧੯੮੪ ਨੂੰ ਇੱਕ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ਼੍ਹਿਆ ਗਿਆ ਸੀ। ਉਸ ਦਿਨ ਵੀ ਇਸਦੀ ਚਮਕ ਅਤੇ ਜਲੌਅ ਵਿੱਚ ਕੋਈ ਮਿਲਾਵਟ ਨਹੀ ਸੀ। ਉਸ ਦਿਨ ਇਸਦੀ ਚਮਕ ਵਿੱਚ ਇੱਕ ਮਿੱਠੀ ਜਿਹੀ ਉਦਾਸੀ ਨਜ਼ਰ ਆ ਰਹੀ ਸੀ। ਆਪਣੇ ਪੰਥ ਦੇ ਭਵਿੱਖ ਦੀ ਉਦਾਸੀ। ਆਪਣੇ ਪਿੰਡੇ ਉਤੇ ਤਾਂ ਇਸ ਤਖਤ ਨੇ ਅਨੇਕਾਂ ਵਾਰ ਤੋਪਾਂ ਦੇ ਗੋਲੇ ਸਹੇ ਸਨ ਪਰ ਆਪਣੇ ਪੰਥ ਦੀ ਰੂਹ ਤੇ ਪੈਣ ਵਾਲੇ ਬਿਪਰ ਸੰਸਕਾਰਾਂ ਦੇ ਭਵਿੱਖੀ ਗੋਲਿਆਂ ਨੂੰ ਚਿਤਵ ਕੇ ਇਹ ਤਖਤ ਉਸ ਦਿਨ ਉਦਾਸ ਸੀ। ਆਪਣੀ ਉਦਾਸੀ ਇਸ ਤਖਤ ਨੇ ਉਸ ਦਿਨ ਵੀ ਕਿਸੇ ਨੂੰ ਨਜ਼ਰੀਂ ਨਹੀ ਸੀ ਪੈਣ ਦਿੱਤੀ। ਸਿਰ ਤੋਂ ਪੈਰਾਂ ਤੱਕ ਲਹੂ-ਲੁਹਾਣ ਹੋਣ ਦੇ ਬਾਵਜੂਦ ਵੀ ਇਹ ਤਖਤ ਉਸ ਦਿਨ ਸ਼ਾਨ ਨਾਲ ਖੜ੍ਹਾ ਸੀ ਆਪਣੇ ਦੁਸ਼ਮਣਾਂ ਸਾਹਮਣੇ, ਜੋ ਇਸਨੂੰ ਸਰ ਕਰਨ ਆਏ ਸਨ।

ਹੰਝੂਆਂ ਨਾਲ ਲਥਪਥ ਹੋਏ ਖਾਲਸਾ ਜੀ ਨੂੰ ਇਹ ਤਖਤ ਉਸ ਦਿਨ ਵੀ ਅਸੀਸ ਦੇ ਰਿਹਾ ਸੀ, ਕਿ ਹੌਸਲਾ ਰੱਖਿਓ, ਕਹਿਰਵਾਨ ਬਾਹੂਬਲ ਅਤੇ ਵਿਗਿਆਨ ਦੇ ਸੌਦਾਗਰਾਂ ਦੀ ਅਉਧ ਬਹੁਤ ਲੰਮੇਰੀ ਨਹੀ ਹੈ। ਬੇਸ਼ੱਕ ਕਹਿਰਵਾਨ ਬਾਹੂਬਲ ਨੇ ਵੱਡਾ ਹਮਲਾ ਬੋਲਿਆ ਹੈ, ਬੇਸ਼ੱਕ ਬਿਪਰ ਸੰਸਕਾਰ ਸੰਸਾਰਕ ਹਉਮੈ ਦਾ ਸ਼ਿਕਾਰ ਹੋਕੇ ਧਰਮ ਦੀ ਹਰਿਆਲੀ ਚਿਰੰਜੀਵਤਾ ਤੋਂ ਅੱਖਾਂ ਮੀਟ ਬੈਠਾ ਹੈ, ਪਰ ਖਾਲਸਾਈ ਰੰਗ ਨਾਲ ਰੰਗੀਆਂ ਹੋਈਆਂ ਰੂਹਾਂ ਲਈ ਇਹ ਦੌਰ ਬਹੁਤ ਲੰਬਾ ਸਮਾ ਚੱਲਣ ਵਾਲਾ ਨਹੀ ਹੈ।

੧ ਜੁਲਾਈ ੧੯੮੪ ਨੂੰ ਵੀ ਤਖਤ ਕੁਝ ਉਦਾਸ ਸੀ ਅਤੇ ਅੱਜਕੱਲ਼੍ਹ ਵੀ ਤਖਤ ਕੁਝ ਉਦਾਸ ਹੈ। ਇਸਦਾ ਰੁਹਾਨੀ ਜਲੌਅ ਉਸ ਕਹਿਰਵਾਨ ਸਮੇਂ ਵੀ ਚਮਕ ਰਿਹਾ ਸੀ ਅਤੇ ਅੱਜ ਵੀ ਚਮਕ ਰਿਹਾ ਹੈ।

ਅੱਜ ਤਖਤ ਇਸ ਲਈ ਉਦਾਸ ਹੈ ਕਿਉਂਕਿ ਖਾਲਸਾ ਪੰਥ ਦਾ ਇੱਕ ਹਿੱਸਾ ਦਸਾਂ ਗੁਰੂਆਂ ਦੀ ਅਪਣੱਤ ਨੂੰ ਅਭੇਦਤਾ ਦੀ ਹੱਦ ਤੱਕ ਪ੍ਰਾਪਤ ਨਹੀ ਕਰ ਸਕਿਆ। ਇਸਦੇ ਇੱਕ ਹਿੱਸੇ ਨੂੰ ਲਾਲਚ ਅਤੇ ਦੰਭ ਦੇ ਵਾਰਾਂ ਨੇ ਵਿੰਨ੍ਹ ਛੱਡਿਆ ਹੈ। ਬਿਪਰ ਸੰਸਕਾਰਾਂ ਦੀ ਬੇਰਸੀ ਨੇ ਇਸਨੂੰ ਬੇਆਸਰਾ ਕਰ ਦਿੱਤਾ ਹੈ ਅਤੇ ਇਹ ਭੇਦ ਦੇ ਬਲਹੀਣ ਦਾਇਰਿਆਂ ਵਿੱਚ ਘੁੰਮ ਰਿਹਾ ਹੈ। ਇਸ ਅਸਹਿ ਵਾਰ ਨੇ ਖਾਲਸਾ ਜੀ ਦੇ ਇੱਕ ਹਿੱਸੇ ਦੀ ਮਨੁੱਖੀ ਸਾਦਗੀ ਅਤੇ ਕੋਮਲਤਾ ਨੂੰ ਤਾਰ-ਤਾਰ ਕਰ ਦਿੱਤਾ ਹੈ। ਖਾਲਸਾ ਪੰਥ ਦੇ ਇੱਕ ਹਿੱਸੇ ਦੀ ਉਚੀ ਸੁਰਤ ਨੂੰ ਕਿਸੇ ਤੀਬਰ ਦੁੱਖ ਅਤੇ ਬੇਪਛਾਣ ਹੌਲ ਨੇ ਵਿੰਨ੍ਹ ਦਿੱਤਾ ਹੈ। ਖਾਲਸਾ ਪੰਥ ਦਾ ਇੱਕ ਹਿੱਸਾ ਰੁਹਾਨੀ ਤੌਰ ਤੇ ਅਨਾਥ ਹੋ ਰਿਹਾ ਹੈ। ਖਾਲਸ ਵਜਦ ਦਾ ਸਿਦਕ ਅਤੇ ਇਸਦੀ ਸਾਦਗੀ, ਬੇਰਸੀ ਅਤੇ ਅੰਨ੍ਹੀ ਭਟਕਣ ਦਾ ਸ਼ਿਕਾਰ ਹੋ ਰਹੀ ਹੈ।

ਤਖਤ ਸੱਚਮੁੱਚ ਉਦਾਸ ਹੈ। ਭਾਵੇਂ ਇਸਦੇ ਜਲੌਅ ਅਤੇ ਸ਼ਾਨ ਵਿੱਚ ਕੋਈ ਤਬਦੀਲੀ ਨਹੀ ਹੈ ਪਰ ਉਦਾਸੀ ਦੇ ਰੰਗ ਗੂੜ੍ਹੇ ਹਨ। ਤਖਤ ਆਪਣੇ ਬੱਚਿਆਂ ਦੇ ਭਟਕ ਜਾਣ ਕਰਕੇ ਉਦਾਸ ਹੈ।

ਅਕਾਲ ਤਖਤ ਸਾਹਿਬ ਦੀ ਇਸ ਉਦਾਸੀ ਨਾਲ ਖਾਲਸਾ ਪੰਥ ਦਾ ਇੱਕ ਵੱਡਾ ਹਿੱਸਾ ਵੀ ਉਦਾਸ ਹੈ। ਉਹ ਪੰਥ ਜੋ ੧੯੮੪ ਵਿੱਚ ਉਦਾਸ ਸੀ ਉਹ ਅੱਜ ਵੀ ਉਦਾਸ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਰੁਹਾਨੀ ਉਦਾਸੀ ਖਾਲਸਾ ਜੀ ਦੇ ਇਸ ਹਿੱਸੇ ਨਾਲ ਇੱਕਮਿੱਕ ਹੋ ਗਈ ਹੈ। ਕਿਉਂਕਿ ਕਲਗੀਆਂ ਵਾਲੇ ਦੀ ਮਿਹਰ ਸਦੀਵੀ ਕਾਲ ਤੱਕ ਖਾਲਸਾ ਜੀ ਦੇ ਜੀਵਨ ਵਿੱਚ ਥਰਥਰਾਉਂਦੀ ਰਹੇਗੀ। ਪੈਗੰਬਰੀ ਬਜ਼ੁਰਗੀ ਵਿੱਚ ਲਿਪਟੀ ਹੋਈ ਇਹ ਮਿਹਰ ਖਾਲਸਾ ਜੀ ਦੇ ਮਨ ਦੇ ਵਿਹੜੇ ਵਿੱਚ ਰੁਹਾਨੀ ਮੁਹੱਬਤਾਂ ਦੀ ਬਖਸ਼ਿਸ ਲੈ ਆਈ ਹੈ। ਇਸੇ ਲਈ ਖਾਲਸਾ ਜੀ ਦੇ ਇੱਕ ਵੱਡੇ ਹਿੱਸੇ ਨੇ ਉਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਗੁਰੂ ਲਿਵ ਨਾਲ ਜੁੜੇ ਹੋਏ ਨਹੀ ਹਨ। ਖ਼ਾਲਸਾ ਪੰਥ ਲਈ ਇਹ ਦਿਨ ਕਾਫੀ ਵੱਡੀ ਵੰਗਾਰ ਦੇ ਦਿਨ ਹਨ, ਕਿਉਂਕਿ ਅਕਾਲ ਦੇ ਤਖਤ ਤੋਂ ਹੀ ਅਜਿਹੇ ਫੈਸਲੇ ਆ ਰਹੇ ਹਨ ਜੋ ਗੁਰੂ ਦੀ ਪੈਗੰਬਰੀ ਮੁਹੱਬਤ ਤੋਂ ਸੱਖਣੇ ਹਨ। ਸਿੱਖਾਂ ਦੁਆਲੇ ਅਜਿਹੇ ਲੋਕਾਂ ਨੇ ਘੇਰਾ ਪਾ ਲਿਆ ਹੈ ਜਿਨ੍ਹਾਂ ਵਿੱਚੋਂ ਗੁਰੂ ਦੇ ਸ਼ੁਕਰ ਦੇ ਸੋਮੇ ਮੁੱਕ ਗਏ ਹਨ, ਜੋ ਅਚਿਹਨਤਾ ਵਿੱਚ ਗੁਆਚੇ ਹੋਏ ਹਨ ਅਤੇ ਜੋ ਨਿਆਂ ਨੂੰ ਭੁੱਲ ਗਏ ਹਨ।

ਖ਼ਾਲਸਾਈ ਉਦਾਸੀ ਦੇ ਇਹ ਦਿਨ ਬਹੁਤ ਲੰਬਾ ਸਮਾਂ ਰਹਿਣ ਵਾਲੇ ਨਹੀ ਹਨ।

ਬਤੌਰ ਹਰਿੰਦਰ ਸਿੰਘ ਮਹਿਬੂਬ, “ਜਦੋਂ ਗਿਆਨ ਦੀਆਂ ਗਿਣਤੀਆਂ, ਧਿਆਨ ਦੀਆਂ ਬਾਰੀਕ ਇਕਾਈਆਂ ਦਾ ਬਹੁਮਤ, ਰਾਜਾਂ ਅਤੇ ਸਮਾਜਾਂ ਦੇ ਪਰਿਵਰਤਨ, ਵਿਗਿਆਨ ਦੇ ਮੁੱਢਲੇ ਤਰਕਾਂ ਦੇ ਵਾਰਾਂ ਨੂੰ ਤੱਕ ਤੱਕ ਖਾਲਸਾ ਪੰਥ ਦੇ ਸਿਦਕ ਨੂੰ ਢਾਹ ਲੱਗੇਗੀ, ਦਿਲ ਡੋਲੇਗਾ, ਆਦਰਸ਼ ਟੁੱਟਣਗੇ ਅਤੇ ਇਕੱਲ ਵਿੱਚ ਖੜ੍ਹੇ ਬੇਧਰਵਾਸੇ ਦੀਆਂ ਅੱਖਾਂ ਭਰਨਗੀਆਂ ਤਾਂ ਗੁਰੂ ਗਰੰਥ ਸਾਹਿਬ ਦੀ ਗੁਰੂ ਲਿਵ ਉਸਦੇ ਗੁਆਚੇ ਆਤਮਕ ਸਿੰਘਾਸਣ ਨੂੰ ਮੁੜ ਨਿਹਚਲ ਆਸਣ ਵਿੱਚ ਬਦਲ ਦੇਵੇਗੀ, ਪਿਤਾ ਧਰਵਾਸ ਪਰਤੇਗਾ ਅਤੇ ਚੜ੍ਹਦੀ ਕਲਾ ਦਾ ਡੰਕਾ ਵੱਜੇਗਾ।