੧੮ ਸਤੰਬਰ ਨੂੰ ਸਕਾਟਲੈਂਡ ਦੀ ਅਜ਼ਾਦੀ ਲਈ ਹੋਈ ਰਾਇਸ਼ੁਮਾਰੀ ਵਿੱਚ ਅਜ਼ਾਦੀ ਪੱਖੀ ਤਾਕਤਾਂ ਨੂੰ ਤਕਨੀਕੀ ਤੌਰ ਤੇ ਹਾਰ ਦਾ ਮੂੰਹ ਦੇਖਣਾਂ ਪਿਆ ਹੈ। ਅਜ਼ਾਦੀ ਦੇ ਹੱਕ ਵਿੱਚ ਜਿੱਥੇ ੪੫ ਫੀਸਦੀ ਵੋਟਾਂ ਪਈਆਂ ਉਥੇ ਵਲਾਇਤ ਦੇ ਸੰਘੀ ਢਾਂਚੇ ਨਾਲ ਰਹਿਣ ਦੇ ਹਮਾਇਤੀਆਂ ਨੂੰ ੫੫ ਫੀਸਦੀ ਵੋਟਾਂ ਪਈਆਂ। ਅਜ਼ਾਦੀ ਦੀ ਇਸ ਰਾਇਸ਼ੁਮਾਰੀ ਨੇ ਬੇਸ਼ੱਕ ਅਜ਼ਾਦੀ ਪਸੰਦੀ ਤਾਕਤਾਂ ਨੂੰ ਤਕਨੀਕੀ ਗਿਣਤੀਆਂ ਵਿੱਚ ਮਾਤ ਦੇ ਦਿੱਤੀ ਹੈ ਪਰ ਇਸ ਰਾਇਸ਼ੁਮਾਰੀ ਨੇ ਇੰਗਲੈਂਡ ਦੇ ਸੰਘੀ ਢਾਂਚੇ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਹਿਲਾਕੇ ਰੱਖ ਦਿੱਤਾ ਹੈ।

ਅਜ਼ਾਦੀ ਪੱਖੀਆਂ ਦਾ ਨੇਤਾ ਅਲੈਕਸ ਸੈਲਮੰਡ ਬਰਤਾਨੀਆ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਕੱਦਾਵਰ ਸ਼ਖਸ਼ੀਅਤ ਦੇ ਤੌਰ ਤੇ ਉਭਰਕੇ ਸਾਹਮਣੇ ਆਇਆ ਹੈ। ਵਰਤਮਾਨ ਸਮੇਂ ਜਿਸ ਵੇਲੇ ਸਟੇਟ ਅਤੇ ਉਸਦੀਆਂ ਏਜੰਸੀਆਂ ਮੀਡੀਆ ਦੀ ਸਹਾਇਤਾ ਨਾਲ ਸੱਚ ਨੂੰ ਝੂਠ ਬਣਾਕੇ ਪੇਸ਼ ਕਰਨ ਵਿੱਚ ਪੂਰੀ ਮੁਹਾਰਤ ਹਾਸਲ ਕਰ ਚੁੱਕੀਆਂ ਹਨ ਉਸ ਹਾਲਤ ਵਿੱਚ ਵੀ ਸੈਲਮੰਡ ਨੇ ਸਕਾਟਲੈਂਡ ਦੇ ੪੫ ਫੀਸਦੀ ਲੋਕਾਂ ਨੂੰ ਅਜ਼ਾਦੀ ਦੇ ਨਿੱਘ ਦਾ ਅਹਿਸਾਸ ਕਰਵਾ ਦਿੱਤਾ। ੧੫ ਸਾਲ ਪਹਿਲਾਂ ਜਦੋਂ ਸਕਾਟਲੈਂਡ ਦੀ ਵੱਖਰੀ ਪਾਰਲੀਮੈਂਟ ਬਣਾਈ ਗਈ ਸੀ ਉਸ ਵੇਲੇ ਅਜ਼ਾਦੀ ਚਾਹੁੰਣ ਵਾਲਿਆਂ ਦੀ ਗਿਣਤੀ ਮਹਿਜ਼ ੧੧ ਫੀਸਦੀ ਸੀ, ਪਰ ੧੫ ਸਾਲਾਂ ਦੌਰਾਨ ਹੀ ਇਸ ਸਥਿਤੀ ੪੫ ਫੀਸਦੀ ਤੱਕ ਪਹੁੰਚ ਗਈ। ਅਲੈਕਸ ਸੈਲਮੰਡ ਨੇ ਪਿਛਲੇ ੧੦ ਸਾਲਾਂ ਵਿੱਚ ਜਿਸ ਕਿਸਮ ਦੀ ਸਵੱਛ ਰਾਜਨੀਤੀ ਕੀਤੀ ਉਸ ਨਾਲ ਉਹ ਸਕਾਟਲੈਂਡ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਆਪਣੀ ਗੱਲ ਪਹੁੰਚਾਉਣ ਵਿੱਚ ਕਾਮਯਾਬ ਰਿਹਾ।

ਗਲਾਸਗੋ ਅਤੇ ਡੰਡੀਅ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀ ਸੀ ਪਰ ਅਲੈਕਸ ਸੈਲਮੰਡ ਨੇ ਜਿਵੇਂ ਮੋਰੇਅ, ਮਿੱਡਲੋਥਅਿਨ, ਸਕਾਟਿਸ਼ ਬਾਰਡਰ, ਸਟਰਲਿੰਗ ਅਤੇ ਆਰਕਨੇ ਦੀਪ ਵਿੱਚ ਅਜ਼ਾਦੀ ਦੀ ਜੋਤ ਜਗਾਈ ਉਹ ਉਸਦੀ ਰਾਜਸੀ ਉਤਮਤਾ ਦੀ ਨਿਸ਼ਾਨੀ ਹੈ। ਇਹ ਇਲਾਕੇ ਹਮੇਸ਼ਾ ਹੀ ਬਰਤਾਨਵੀ ਸੰਘ ਦੇ ਕੱਟੜ ਹਮਾਇਤੀ ਰਹੇ ਹਨ। ਮਹਾਰਾਣੀ ਨੂੰ ਉਹ ਰੱਬ ਵਾਂਗ ਪੂਜਦੇ ਹਨ। ਉਸ ਬਾਰੇ ਵੱਡੇ ਸਤਿਕਾਰ ਨਾਲ ਗੱਲ ਕਰਦੇ ਹਨ। ਬਰਤਾਨਵੀ ਜੀਵਨ-ਜਾਂਚ ਨਾਲ ਉਨ੍ਹਾਂ ਦਾ ਗੂੜ੍ਹਾ ਸਬੰਧ ਰਿਹਾ ਹੈ। ਇਸ ਕਿਸਮ ਦੇ ਭਗਤੀ ਭਾਵ ਵਾਲੇ ਇਲਾਕਿਆਂ ਵਿੱਚ ਅਜ਼ਾਦੀ ਦੀ ਜੋਤ ਜਗਾਉਣ ਦਾ ਸਿਹਰਾ ਸੈਲਮੰਡ ਸਿਰ ਹੀ ਬੰਨ੍ਹਿਆ ਜਾਵੇਗਾ।

੧੮ ਸਤੰਬਰ ਦੇ ਅਜ਼ਾਦੀ ਬਾਰੇ ਰਾਇਸ਼ੁਮਾਰੀ ਨੇ ਸਕਾਟਲੈਂਡ ਸਮੇਤ ਪੂਰੇ ਯੂ.ਕੇ. ਵਿੱਚ ਇੱਕ ਸੰਵਾਦ ਛੇੜ ਦਿੱਤਾ ਹੈ। ਰਾਜਨੀਤਿਕ ਤੌਰ ਤੇ ਏਨੀ ਭਖਵੀ ਅਤੇ ਤਿੱਖੀ ਬਹਿਸ ਅਸੀਂ ਬਹੁਤ ਲੰਬੇ ਸਮੇਂ ਤੋਂ ਨਹੀ ਸੀ ਦੇਖੀ। ਪਿਛਲੇ ੧੫ ਸਾਲਾਂ ਤੋਂ ਵਲਾਇਤ ਦੀਆਂ ਸਿਆਸੀ ਬਹਿਸਾਂ ਇਸਲਾਮ ਨਾਲ ਲੜਾਈ, ਯੂਰਪੀ ਅਬਾਦੀ ਦਾ ਪਰਵਾਸ ਅਤੇ ਘਰੇਲੂ ਮੁੱਦਿਆਂ ਤੇ ਹੀ ਆ ਕੇ ਟਿਕ ਜਾਂਦੀਆਂ ਸਨ। ਪਰ ਸਕਾਟਲੈਂਡ ਦੀ ਅਜ਼ਾਦੀ ਦੀ ਰਾਇਸ਼ੁਮਾਰੀ ਨੇ, ਤਾਕਤਾਂ ਦੀ ਵੰਡ, ਫੈਡਰਲ ਢਾਂਚੇ ਅਧੀਨ ਸੰਘੀ ਇਲਾਕਿਆਂ ਨੂੰ ਹੋਰ ਤਾਕਤਾਂ ਦੇਣ ਅਤੇ ਆਪਣੇ ਆਪਣੇ ਇਲਾਕੇ ਦੀ ਉਤਮਤਾ ਦੀ ਬਾਤ ਛੇੜ ਦਿੱਤੀ ਹੈ।

੨੧ ਸਤੰਬਰ ਐਤਵਾਰ ਦੀਆਂ ਅਖਬਾਰਾਂ ਇਸੇ ਡੀਬੇਟ ਨਾਲ ਭਰੀਆਂ ਪਈਆਂ ਹਨ। ਸੰਡੇ ਟਾਈਮਜ਼ ਨੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਰਿਪੋਰਟ ਛਾਪੀ ਹੈ ਜੋ ਸਕਾਟਲੈਂਡ ਨੂੰ ਵੱਧ ਤਾਕਤਾਂ ਦੇਣ ਦੇ ਇਵਜ਼ ਵਿੱਚ ਇੰਗਲੈਂਡ ਦੇ ਹੱਕਾਂ ਦੀ ਗੱਲ ਕਰ ਰਹੇ ਹਨ। ਇਹ ਸੰਸਦ ਮੈਂਬਰ ਆਖ ਰਹੇ ਹਨ ਕਿ ਜੇ ਸਕਾਟਲੈਂਡ ਦੇ ਸੰਸਦ ਮੈਂਬਰ ਆਪਣੇ ਲਈ ਬਣਨ ਵਾਲੇ ਕਨੂੰਨਾਂ ਵਿੱਚ ਇੰਗਲੈਂਡ ਦੇ ਸੰਸਦ ਮੈਂਬਰਾਂ ਦੀ ਭੂਮਿਕਾ ਨਹੀ ਚਾਹੁੰਦੇ ਤਾਂ ਇੰਗਲੈਂਡ ਲਈ ਬਣਨ ਵਾਲੇ ਕਨੂੰਨਾਂ ਵਿੱਚ ਵੀ ਸਕਾਟਿਸ਼ ਸੰਸਦ ਮੈਂਬਰਾਂ ਦੀ ਕੋਈ ਭੂਮਿਕਾ ਨਹੀ ਚਾਹੀਦੀ। ਇਸਦੇ ਨਾਲ ਹੀ ਸੰਘ ਦੇ ਦੂਜੇ ਇਲਾਕਿਆਂ ਵੇਲਜ਼ ਅਤੇ ਉਤਰੀ ਆਇਰਲੈਂਡ ਦੇ ਹੱਕਾਂ ਦੀ ਗੱਲ ਵੀ ਉਠ ਤੁਰੀ ਹੈ।

ਸੰਡੇ ਟਾਈਮਜ਼ ਨੇ ਆਪਣੇ ਸੰਪਾਦਕੀ ਵਿੱਚ ਵੀ ਇੰਗਲੈਂਡ ਦੇ ਭਵਿੱਖ ਲਈ ਦੋਵਾਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਕੀਤੇ ਵਾਅਦਿਆਂ ਦੀ ਗੱਲ ਛੁਹੀ ਹੈ, ਸੀਨੀਅਰ ਵਿਦਵਾਨ ਫਰਡੀਨੈਂਡ ਮਾਊਂਟ ਦਾ ਕਹਿਣਾਂ ਹੈ ਕਿ ਹੁਣ ਰਾਜਾਂ ਨੂੰ ਵੱਧ ਤਾਕਤਾਂ ਦੇਣ ਦਾ ਸਮਾਂ ਆ ਗਿਆ ਹੈ। ਸੀਨੀਅਰ ਟੋਰੀ ਐਮ.ਪੀ. ਡੇਵਿਸ ਡੇਵਿਸ ਨੇ ਹੁਣ ਇੰਗਲੈਂਡ ਦੀ ਗੱਲ ਸੁਣਨ ਦੀ ਤਾਕੀਦ ਕੀਤੀ ਹੈ। ਜੈਸਨ ਐਲਰਡਾਇਸ ਨੇ ਸੈਲਮੰਡ ਨੂੰ ਇੱਕ ਅਜਿਹੇ ਸੱਟੇਬਾਜ਼ ਦੇ ਤੌਰ ਤੇ ਪੇਸ਼ ਕੀਤਾ ਹੈ ਜੋ ਨਵਾਂ ਦੇਸ਼ ਲੈ ਹੀ ਗਿਆ ਸੀ।

ਨਿਰਸੰਦੇਹ ਸਕਾਟਲੈਂਡ ਦੀ ਰਾਇਸ਼ੁਮਾਰੀ ਨੇ ਪੱਛਮੀ ਜਗਤ ਵਿੱਚ ਪੈਦਾ ਹੋ ਰਹੀ ਕੌਮੀ ਰਾਸ਼ਟਰਵਾਦ ਦੀ ਭਾਵਨਾ ਨੂੰ ਪਹਿਲੀ ਵਾਰ ਉਜਾਗਰ ਕੀਤਾ ਹੈ। ਇਸਲਾਮੀ ਤਾਕਤਾਂ ਨਾਲ ਜੰਗ ਵਿੱਚ ਪਏ ਪੱਛਮ ਨੂੰ ਪਹਿਲੀ ਵਾਰ ਰਾਸ਼ਟਰਵਾਦ ਦੇ ਕੌਮੀ ਸਵਾਲ ਨੇ ਘੇਰਿਆ ਹੈ। ਜਿਹੜੇ ਘੇਰੇ ਉਹ ਬਹੁਤ ਦੇਰ ਪਹਿਲਾਂ ਤੋੜ ਆਏ ਸਮਝ ਰਹੇ ਸਨ ਉਨ੍ਹਾਂ ਘੇਰਿਆਂ ਨੇ ਹੀ ਪੱਛਮ ਨੂੰ ਮੁੜ ਘੇਰ ਲਿਆ ਹੈ। ਕੌਮੀ ਪਹਿਚਾਣ ਅਤੇ ਉਸ ਕੌਮੀ ਪਹਿਚਾਣ ਤੇ ਅਧਾਰਿਤ ਕੌਮੀ ਰਾਜ ਦੀ ਉਸਾਰੀ ਦਾ ਸਵਾਲ ਹੱਲ ਕਰੇ ਤੋਂ ਬਿਨਾ ਜਾਂ ਘੱਟੋ ਘੱਟ ਸ਼ਕਤੀਆਂ ਦੇ ਵਿਕੇਂਦਰੀਕਰਨ ਤੋਂ ਬਿਨਾ ਭਵਿੱਖ ਦੇ ਰਾਜਨੀਤਿਕ ਸਰੂਪ ਨੂੰ ਚਿਤਵਣਾਂ ਔਖਾ ਹੋ ਜਾਵੇਗਾ।

ਇਸੇ ਲਈ ਰਾਇਸ਼ੁਮਾਰੀ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਅਲੈਕਸ ਸੈਲਮੰਡ ਨੇ ਆਖਿਆ, ‘ਅਜ਼ਾਦੀ ਲਈ ਲਹਿਰ ਜਾਰੀ ਰਹੇਗੀ- ਇਹ ਸੁਪਨਾ ਕਦੇ ਮਰਨਾ ਨਹੀ ਚਾਹੀਦਾ’।