ਪਿਛਲੇ ਦਿਨੀ ਸੀਨੀਅਰ ਪੱਤਰਕਾਰ ਪਰਫੁੱਲ ਬਿਦਵਾਈ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ। ਉਨ੍ਹਾਂ ਦੀ ਮੌਤ ਨਾਲ ਕੁਝ ਚੰਗਾ ਸੋਚਣ ਵਾਲੀਆਂ ਰੂਹਾਂ ਨੂੰ ਜੋ ਘਾਟਾ ਪਿਆ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਪਰਫੁੱਲ ਬਿਦਵਾਈ ਸਿਰਫ ਇੱਕ ਪੱਤਰਕਾਰ ਹੀ ਨਹੀ ਸਨ ਬਲਕਿ ਇੱਕ ਵੱਡੀ ਸੰਸਥਾ ਸਨ। ਲੀਕ ਤੋਂ ਹਟਕੇ ਲਿਖਣ ਵਾਲੀ ਰੂਹ ਨੂੰ ਹਰ ਚਾਹੁੰਣ ਵਾਲਾ ਹਮੇਸ਼ਾ ਯਾਦ ਕਰਦਾ ਰਹੇਗਾ।

ਪਰਫੁੱਲ ਬਿਦਵਾਈ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਜੋ ਲੀਹਾਂ ਪਾਈਆਂ ਉਹ ਭਾਰਤ ਦੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਕੀਤੀਆਂ ਜਾਣਗੀਆਂ। ਬੇਸ਼ੱਕ ਭਾਰਤ ਵਿੱਚ ਹੋਰ ਵੀ ਲੱਖਾਂ ਪੱਤਰਕਾਰ ਅਤੇ ਕਾਲਮਨਵੀਸ ਹੋਣਗੇ ਜਿਨ੍ਹਾਂ ਦੇ ਲੇਖ ਸ਼ਾਇਦ ਪਰਫੁੱਲ ਬਿਦਵਾਈ ਨਾਲ਼ੋਂ ਵੀ ਜਿਆਦਾ ਪੜ੍ਹੇ ਜਾਂਦੇ ਹੋਣਗੇ ਪਰ ਪਰਫੁੱਲ ਬਿਦਵਾਈ ਭਾਰਤੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਇੱਕ ਸੂਰਜ ਵਾਂਗ ਚਮਕਦਾ ਰਹੇਗਾ। ਉਹ ਅਜਿਹੀ ਰੂਹ ਸੀ ਜਿਸਨੇ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀ ਕੀਤਾ, ਨਾ ਉਹ ਕਦੇ ਸਰਕਾਰਾਂ ਦੇ ਦਰਾਂ ਤੇ ਭੀਖ ਵਾਲਾ ਭੜੋਲਾ ਫੜਕੇ ਗਿੜਗਿੜਾਇਆ ਹੀ ਸੀ। ਉਸਦੀ ਜਾਗਦੀ ਜ਼ਮੀਰ ਨੇ ਉਸਨੂੰ ਅਜਿਹਾ ਕਰਨ ਹੀ ਨਾ ਦਿੱਤਾ। ਭਿਸ਼ਟਾਚਾਰ ਅਤੇ ਸਰਕਾਰ ਭਗਤੀ ਦੀ ਹਨੇਰੀ ਵਿੱਚ ਜਦੋਂ ਭਾਰਤੀ ਪੱਤਰਕਾਰਤਾ ਨਾਲ ਜੁੜੀ ਹੋਈ ਹਰ ਹਸਤੀ ਰੁੜ੍ਹ ਗਈ ਸੀ ਉਸ ਵੇਲੇ ਸਿਰਫ ਪਰਫੁੱਲ ਬਿਦਵਾਈ ਹੀ ਸੀ ਜਿਸਨੇ ਨਾ ਕੇਵਲ ਫਿਰਕੂ ਰਾਜਨੀਤੀ ਕਰ ਰਹੀਆਂ ਤਾਕਤਾਂ ਦੇ ਰਥ ਨੂੰ ਸਿੰਗਾਂ ਤੋਂ ਫੜਕੇ ਰੋਕਣ ਦਾ ਯਤਨ ਕੀਤਾ ਬਲਕਿ ਉਸਨੇ ਫਿਰਕੂ ਰਾਜਨੀਤੀ ਦੀ ਅੱਗ ਨਾਲ ਖੇਡ ਰਹੇ ਭਾਰਤੀ ਮੀਡੀਆ ਤੇ ਵੀ ਕਰਾਰੀਆਂ ਚੋਟਾਂ ਕੀਤੀਆਂ। ਪਰਫੁੱਲ ਬਿਦਵਾਈ ਅਜਿਹੀ ਸ਼ਖਸ਼ੀਅਤ ਸੀ ਜਿਸਨੇ ਭਾਰਤੀ ਪੱਤਰਕਾਰਾ ਵਿੱਚ ਪੈਦਾ ਹੋਈ ਸਰਕਾਰ ਪ੍ਰਸਤੀ ਦੀ ਕੈਸਰ ਵਰਗੀ ਬਿਮਾਰੀ ਨੂੰ ਨਾ ਸਿਰਫ ਪਹਿਚਾਣਿਆ ਹੀ ਬਲਕਿ ਉਸਦਾ ਡਟ ਕੇ ਵਿਰੋਧ ਵੀ ਕੀਤਾ।

ਭਾਵੇਂ ਉਹ ਲਾਲ ਕਿਸ਼ਨ ਅਡਵਾਨੀ ਦਾ ਰਥ ਹੋਵੇ, ਭਾਵੇਂ ੧੯੯੮ ਦੇ ਪ੍ਰਮਾਣੂੰ ਧਮਾਕੇ ਹੋਣ, ਭਾਵੇਂ ਕਾਰਗਿਲ ਦੀ ਜੰਗ ਹੋਵੇ ਤੇ ਭਾਵੇਂ ਪਾਕਿਸਤਾਨ ਦੇ ਖਿਲਾਫ ਪੈਦਾ ਕੀਤੇ ਜਾ ਰਹੇ ਜੰਗੀ ਮਹੌਲ ਦਾ ਮਸਲਾ ਹੋਵੇ, ਪਰਫੁੱਲ ਬਿਦਵਾਈ ਨੇ ਹਮੇਸ਼ਾ ਆਪਣੀ ਵਿਦਵਤਾ ਅਤੇ ਗਿਆਨ ਦੇ ਅਥਾਹ ਭੰਡਾਰ ਨਾਲ ਅਜਿਹੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਦਾ ਡਟਵਾਂ ਅਤੇ ਅਕਾਦਮਿਕ ਵਿਰੋਧ ਕੀਤਾ। ਉਸਦੀ ਲੇਖਣੀ ਨਾਅਰੇਬਾਜ਼ੀ ਵਾਲੀ ਨਹੀ ਸੀ ਉਸਦੀ ਸ਼ੈਲੀ ਵਿੱਚ ਕੋਈ ਸ਼ੋਰ ਨਹੀ ਸੀ, ਉਹ ਸ਼ਾਂਤ ਵਗਦੇ ਦਰਿਆ ਵਾਂਗ ਚਲਦਾ ਗਿਆ, ਜੋ ਨਾ ਖੌਰੂ ਪਾਉਂਦਾ ਸੀ ਅਤੇ ਨਾ ਕਿਸੇ ਡਰਾਵੇ ਤੋਂ ਡਰਦਾ ਮਾਰਾ ਚੁੱਪ ਬਹਿੰਦਾ ਸੀ।

ਭਾਜਪਾ ਅਤੇ ਸੰਘ ਪਰਿਵਾਰ ਦੀ ਫਿਰਕੂ ਰਾਜਨੀਤੀ ਦਾ ਉਹ ਕੱਟੜ ਵਿਰੋਧੀ ਸੀ ਇਸੇ ਲਈ ਜਦੋਂ ੧੯੯੮ ਵਿੱਚ ਪ੍ਰਮਾਣੂੰ ਧਮਾਕੇ ਕਰਨ ਤੋਂ ਬਾਅਦ ਭਾਰਤ ਦਾ ਹਰ ਪੱਤਰਕਾਰ ਅਟਲ ਬਿਹਾਰੀ ਵਾਜਪਾਈ ਦੇ ਸੋਹਲੇ ਗਾ ਰਿਹਾ ਸੀ ਉਸ ਵੇਲੇ ਸਿਰਫ ਇੱਕ ਰੂਹ ਸੀ ਜੋ ਭਵਿੱਖ ਦੀ ਭਿਆਨਕਤਾ ਨੂੰ ਦੇਖਦੀ ਹੋਈ ਉਸ ਵਿਚਾਰਧਾਰਕ ਸੁਨਾਮੀ ਦੇ ਸਾਹਮਣੇ ਡਟਕੇ ਖੜ੍ਹ ਗਈ ਸੀ।

ਮਨੁੱਖੀ ਅਧਿਕਾਰਾਂ ਦੀ ਰਾਖੀ ਉਨ੍ਹਾਂ ਦਾ ਪਹਿਲਾ ਸਟਰੋਕਾਰ ਸੀ ਇਸੇ ਲਈ ਝੂਠੇ ਪੁਲਿਸ ਮੁਕਾਬਲਿਆਂ ਅਤੇ ਸਰਕਾਰੀ ਹਿੰਸਾ ਨੂੰ ਉਨ੍ਹਾਂ ਨੇ ਆਪਣੀ ਵਿਦਵਤਾ ਨਾਲ ਨਕਾਰਿਆ। ਬੇਸ਼ੱਕ ਅਰੁਨਧੰਤੀ ਰਾਏ ਵੀ ਭਾਰਤ ਵਿੱਚ ਸਰਕਾਰੀ ਹਿੰਸਾ ਦੇ ਖਿਲਾਫ ਡਟਣ ਲਈ ਜਾਣੀ ਜਾਂਦੀ ਹੈ ਪਰ ਪਰਫੁੱਲ ਬਿਦਵਾਈ ਦੀ ਵਿਦਵਤਾ ਅਰੁਨਧੰਤੀ ਰਾਏ ਨਾਲ਼ੋਂ ਬਹੁਤ ਉ%ਚ ਪਾਏ ਦੀ ਸੀ। ਪਰਫੁੱਲ ਵਿੱਚ ਰਾਏ ਵਾਂਗ ਸੁਰਖੀਆਂ ਬਟੋਰਨ ਦੀ ਚਾਹਤ ਨਹੀ ਸੀ। ਉਹ ਸਾਰੀ ਉਮਰ ਸਹਿਜ ਵਿੱਚ ਰਿਹਾ ਅਤੇ ਸਹਿਜ ਨਾਲ ਹੀ ਵਿਚਰਦਾ ਰਿਹਾ। ਇਹ ਸਹਿਜ ਹੀ ਉਸਦੀ ਤਾਕਤ ਸੀ, ਉਹ ਤਾਕਤ ਜੋ ਵੱਡੀਆਂ ਸਲਤਨਤਾਂ ਅੱਗੇ ਵੀ ਡਟਕੇ ਖੜ੍ਹੀ ਰਹੀ।

ਜਿਸ ਵੇਲੇ ਕੁਲਦੀਪ ਨਈਅਰਾਂ ਅਤੇ ਸ਼ੁਸ਼ਾਂਤ ਸਰੀਨਾਂ ਦੇ ਖਬਰਾਂ ਨੁਮਾ ਲੇਖ ਸਾਰਾ ਹਫਤਾ ਤੁਹਾਡੀ ਰੂਹ ਨੂੰ ਪਿੰਜਦੇ ਰਹਿੰਦੇ ਸਨ ਉਸ ਧੁੰਦੂਕਾਰੇ ਵਿੱਚ ਸੋਮਵਾਰ ਨੂੰ ਛਪਣ ਵਾਲਾ ਪਰਫੁੱਲ ਬਿਦਵਾਈ ਦਾ ਲੇਖ ਸਾਰੇ ਹਫਤੇ ਦੇ ਮਾਨਸਿਕ ਤਸ਼ੱਦਦ ਨੂੰ ਖਤਮ ਕਰ ਦੇਂਦਾ ਸੀ ਅਤੇ ਰੂਹ ਤਰੋਤਾਜ਼ਾ ਹੋਕੇ ਅਗਲੇ ਹਫਤੇ ਦੇ ਤਸ਼ੱਦਦ ਲਈ ਤਿਆਰ ਹੋ ਜਾਂਦੀ ਸੀ।

ਪਰਫੁੱਲ ਬਿਦਵਾਈ ਮਹਿਜ਼ ਭਾਰਤੀ ਸਿਆਸਤ ਦੇ ਹੀ ਗਿਆਤਾ ਨਹੀ ਸਨ ਬਲਕਿ ਸੰਸਾਰ ਰਾਜਨੀਤੀ, ਸੰਸਾਰ ਆਰਥਿਕਤਾ ਅਤੇ ਸੰਸਾਰ ਮੀਡੀਆ ਬਾਰੇ ਉਨ੍ਹਾਂ ਦਾ ਗਿਆਨ ਅਤੇ ਅਧਿਐਨ ਉ%ਚ ਪਾਏ ਦਾ ਸੀ, ਉਹ ਕੁਲਦੀਪ ਨਈਅਰ ਵਾਂਗ ਸ਼ੋਰ ਸ਼ਰਾਬੇ ਭਰਿਆ ਨਹੀ ਸੀ ਬਲਕਿ ਬਹੁਤ ਸ਼ਾਂਤ ਅਤੇ ਅਕਾਦਮਿਕ ਸੀ। ਭਾਰਤ ਵਿੱਚ ਅਕਾਦਮਿਕ ਪੱਤਰਕਾਰਤਾ ਦੇ ਮੋਢੀ ਸਨ ਪਰਫੁੱਲ ਬਿਦਵਾਈ।

ਸੱਚਮੁੱਚ ਉਨ੍ਹਾਂ ਦੇ ਜਾਣ ਨਾਲ ਸਕਾਰਤਮਕ ਪੱਤਰਕਾਰਤਾ ਨੂੰ ਵੱਡੀ ਸੱਟ ਲੱਗੀ ਹੈ। ਉਮੀਦ ਕਰਦੇ ਹਾਂ ਕਿ ਪਰਫੁੱਲ ਬਿਦਵਾਈ ਦੇ ਹਾਣ ਦੀ ਵਿਦਵਤਾ ਵਾਲੀਆਂ ਹੋਰ ਰੂਹਾਂ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨਗੀਆਂ। ਅਜਿਹੀਆਂ ਰੂਹਾਂ ਜੋ ਸਰਕਾਰੀ ਪੱਤਲਾਂ ਚੱਟਣ ਦੀ ਲਾਲਸਾ ਤੋਂ ਮੁਕਤ ਹੋਣ। ਅਧਿਆਤਮਿਕਤਾ ਨਾਲ ਸਾਧੀਆਂ ਹੋਈਆਂ ਰੂਹਾਂ। ਵੱਡੀਆਂ ਰੂਹਾਂ ਦਾ ਹਮੇਸ਼ਾ ਇੰਤਜ਼ਾਰ ਰਹੇਗਾ।