ਮੌਜੂਦਾ ਸਮੇਂ ਵਿੱਚ ਦੁਨੀਆਂ ਦੂਸਰੀ ਵੱਡੀ ਸੰਸਾਰਕ ਜੰਗ ਤੋਂ ਬਾਅਦ ਵੱਡੀ ਮਨੁੱਖੀ ਤਰਾਸਦੀ ਦਾ ਸਾਹਮਣਾ ਕਰ ਰਹੀ ਹੈ। ਅੱਡ-ਅੱਡ ਮੁਲਕਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਹਕੂਮਤਾਂ ਅਤੇ ਤਖਤ ਤਾਂ ਪਲਟ ਗਏ ਹਨ ਅਤੇ ਲੋਕਾਂ ਦੀ ਇੱਕ ਜੁੱਟਤਾ ਦਾ ਦਿਖਾਵਾ ਵੀ ਸਾਹਮਣੇ ਆਇਆ ਹੈ ਪਰ ਇਹ ਤਖਤਾਂ ਅਤੇ ਰਾਜਾਂ ਦੇ ਪਲਟਣ ਨਾਲ ਲੋਕ ਰੋਹ ਦੀ ਕਾਮਯਾਬੀ ਕੁਝ ਅਰਸੇ ਤੇ ਪਲਾਂ ਵਿੱਚ ਹੀ ਸਮੇਂ ਨਾਲ ਬੁਰੀ ਤਰਾਂ ਝੰਬੀ ਗਈ ਹੈ। ਇਸਦੇ ਸਿੱਟੇ ਵਜੋਂ ਅੱਜ ਖਾੜੀ ਦੇ ਅਰਬ ਮੁਲਕਾਂ ਵਿੱਚ ਯੂਰਪ ਦੇ ਕੰਢੇ ਤੇ ਪੰਜਾਹ ਲੱਖ ਤੋਂ ਵੱਧ ਲੋਕੀਂ ਸ਼ਰਨਾਰਥੀ ਬਣ ਆਪਣੇ ਮੁਲਕਾਂ ਦੀਆਂ ਹੱਦਾਂ ਤੋਂ ਬਾਹਰ ਟੈਟਾਂ ਵਿੱਚ ਜ਼ਿੰਦਗੀ ਦਾ ਆਸਰਾ ਲੱਭ ਰਹੇ ਹਨ। ਇਸੇ ਤਰਾਂ ਲੱਖਾਂ ਹੀ ਲੋਕ ਸੀਰੀਆ, ਜ਼ੇਮਨ, ਫੂਲਸਤੀਨ, ਇਰਾਕ, ਅਫਗਾਨਿਸਤਾਨ ਵਰਗੇ ਮੁਲਕਾਂ ਵਿੱਚ ਅੰਦਰੂਨੀ, ਜੰਗ ਦਾ ਸ਼ਿਕਾਰ ਹੋਏ ਆਪਣੇ ਘਰ ਘਾਟ ਗਵਾ ਕੇ ਸੜਕਾਂ ਤੇ ਤੁਰੇ ਫਿਰਦੇ ਹਨ। ਮਨੁੱਖਤਾ ਦਾ ਆਹ ਹਾਲ ਹੈ ਕਿ ਦੁਨੀਆਂ ਕੋਲ ਅੱਜ ਭਾਵੇਂ ਅਰਬਪਤੀਆਂ ਦੀ ਸੰਖਿਆਂ ਵਿੱਚ ਤਾ ਚੋਖਾ ਵਾਧਾ ਹੋਇਆ ਹੈ ਪਰ ਪੂੰਜੀਵਾਦੀ ਸਮਾਜ ਤੇ ਧਰਮ ਦੇ ਵਖਰੇਵਿਆਂ ਕਰਕੇ ਇਹਨਾਂ ਲੱਖਾਂ ਸ਼ਰਨਾਰਥੀਆਂ ਨੂੰ ਦੋ ਵਕਤ ਦੀ ਰੋਟੀ ਇੱਕ ਛੱਤ ਦਾ ਆਸਰਾ ਤੇ ਮੁਢਲੀਆਂ ਸਹੂਲਤਾਂ ਲਈ ਵੀ ਦੁਨੀਆਂ ਦੇ ਵੱਡੀ ਸਹਾਇਤਾ ਵਾਲੀਆਂ ਸੰਸਥਾਵਾਂ ਕੋਲ ਪੈਸੇ ਦੀ ਥੁੜ ਆਉਣ ਕਾਰਨ ਇਹ ਸ਼ਰਨਾਰਥੀ ਲੋਕ ਵਾਂਝੇ ਹਨ।

ਕੁਝ ਸਮਾਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਵਰਲਡ ਬੈਂਕ ਦੇ ਨਾਲ ਜੁੜੀ ਇੱਕ ਸੰਸਥਾ ਵੱਲੋਂ ਇਹ ਤੱਥ ਕੱਢਿਆ ਗਿਆ ਸੀ ਕਿ ਦੂਜੀ ਵੱਡੀ ਸੰਸਾਰਕ ਜੰਗ ਤੋਂ ਬਾਅਦ ਜਦੋਂ ੫੦ ਅਰਥ ਡਾਲਰ ਦੀ ਵਿਵਸਥਾ ਤੋਂ ਬਾਅਦ ਦੁਨੀਆਂ ਨੇ ਜਰਮਨੀ ਤੇ ਹੋਰ ਟੁੱਟੇ ਦੇਸ਼ਾ ਨੂੰ ਮੁੜ ਪੈਰਾਂ ਤੇ ਖੜਾ ਕੀਤਾ ਸੀ। ਅੱਜ ਇਸ ਵੱਡੀ ਮਨੁੱਖੀ ਤਰਾਸਦੀ ਨੂੰ ਸਾਂਭਣ ਲਈ ਇਸ ਸੰਸਥਾ ਦੀ ਸਰਵੇਖਣ ਅਨੁਸਾਰ ੧੭੫ ਅਰਬ ਡਾਲਰ ਦੀ ਲੋੜ ਹੈ ਜਿਸ ਰਾਹੀਂ ਖਿੱਲਰ ਰਹੀ ਮਨੁੱਖਤਾ ਤੇ ਵੱਧ ਰਹੀ ਮਨੁੱਖੀ ਤਰਾਸਦੀ ਨੂੰ ਕਿਸੇ ਹੱਦ ਤੱਕ ਸਾਂਭਿਆ ਜਾ ਸਕੇ। ਇਹ ਅੱਡੀ ਵੱਡੀ ਰਕਮ ਸਿਰਫ ਤਿੰਨ ਮੁਢਲੀ ਸਿੱਖਿਆ, ਲੋੜੀਂਦੀਆਂ ਸਿਹਤ ਸੇਵਾਵਾਂ ਤੇ ਜਿਉਂਣ ਲਈ ਮੁਢਲੀਆਂ ਜਰੂਰਤ ਜਿਵੇਂ ਮੁਢਲੀ ਜਿਸ ਰਾਹੀਂ ਉਹ ਦੋ ਵਕਤ ਦੀ ਰੋਟੀ ਤੇ ਛੱਤ ਦਾ ਆਸਰਾ ਮਾਣ ਸਕਣ। ਪਰ ਦੁਨੀਆਂ ਦੀਆਂ ਵੱਡੀਆ ਸਰਕਾਰਾਂ ਜਾਂ ਸੰਸਥਾਵਾਂ ਕੋਲੋਂ ਇਹ ਐਨੀ ਵੱਡੀ ਰਕਮ ਇੱਕਠੀ ਨਹੀਂ ਕੀਤੀ ਜਾ ਰਹੀ ਅਤੇ ਅੱਜ ਇਸ ਘਾਟ ਕਰਕੇ ਤੇ ਅੰਦਰੂਨੀ ਲੜਾਈਆਂ ਤੋਂ ਝੰਬੇ ਲੋਕ ਇੱਕ ਗਠੜੀ ਤੇ ਤਨ ਦੇ ਕੱਪੜਿਆਂ ਨਾਲ ਘਰੋਂ ਬੇਘਰ ਹੋ ਟੁੱਟੀਆਂ ਕਿਸ਼ਤੀਆਂ ਰਾਹੀਂ ਚੰਗੇ ਭਵਿੱਖ ਦੀ ਤਲਾਸ਼ ਲਈ ਠੰਡੇ ਸਮੁੰਦਰਾਂ ਵਿੱਚ ਠੱਲ ਕੇ ਯੂਰਪ ਦੇ ਦਰਵਾਜੇ ਤੇ ਹੱਥ ਅੱਡੀ ਖੜੇ ਹਨ। ਇਸ ਤਰਾਸਦੀ ਵਿੱਚ ਹਜ਼ਾਰਾਂ ਲੋਕ ਸਮੁੰਦਰ ਦੀ ਭੇਂਟ ਚੜ ਚੁੱਕੇ ਹਨ। ਬਾਕੀ ਹਜ਼ਾਰਾਂ ਲੱਖਾਂ ਨੂੰ ਯੂਰਪ ਵਰਗੇ ਪੂੰਜੀਵਾਦੀ ਸਮਾਜ ਕੋਲ ਸ਼ਰਨ ਦੇਣ ਦੀ ਸਮਰੱਥਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸੇ ਤਰ੍ਹਾਂ ਪਿਛਲੇ ਪੰਦਰਾਂ ਦਿਨਾਂ ਵਿੱਚ ਨੇਪਾਲ ਵਰਗਾ ਗਰੀਬ ਮੁਲਕ ਕੁਦਰਤ ਦੀ ਕਰੋਪੀ ਭੁਚਾਲ ਨਾਲ ਅੱਧੇ ਤੋਂ ਵੱਧ ਢਹਿ ਢੇਰੀ ਹੋ ਚੁੱਕਿਆਂ ਹੈ ਅਤੇ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਕੁਝ ਹਿੱਲ ਤੇ ਦੁਨੀਆਂ ਦੀ ਸਭ ਤੋਂ ਵੱਡੀ ਬਰਫੀਲੀ ਚੋਟੀ ਮਾਊਂਟ ਐਵਰੈਸ਼ਟ ਹੀ ਹਿੱਸ ਚੁੱਕੀ ਹੈ। ਇਸ ਤਰਾਸਦੀ ਨਾਲ ੮੦ ਲੱਖ ਬੰਦਾ ਨਿਪਾਲ ਵਿੱਚ ਪ੍ਰਭਾਵਤ ਹੋਇਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਜਾ ਚੁੱਕੇ ਹਨ। ਇਸ ਕੁਦਰਤੀ ਆਫਤ ਨੂੰ ਸਾਂਭਣ ਲਈ ਦੁਨੀਆਂ ਦੀ ਸਿਰਮੌਰ ਸੰਸਥਾ ਯੂ.ਐਨ ਨੇ ਦੁਨੀਆਂ ਤੋਂ ਸਹਾਇਤਾ ਲਈ ੪੦੦ ਮਿਲੀਅਨ ਡਾਲਰ ਦੀ ਮੰਗ ਰੱਖੀ ਸੀ ਤਾਂ ਜੋ ਇਹਨਾਂ ਉੱਜੜੇ ਲੋਕਾਂ ਨੂੰ ਕੁਝ ਰਾਹਤ ਸਮੱਗਰੀ ਪ੍ਰਦਾਨ ਕੀਤੀ ਜਾ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਸਿਰਫ ਯੂ.ਐਨ ਦੀ ਅਪੀਲ ਦੇ ਬਾਵਜੂਦ ੨੨ ਮਿਲੀਅਨ ਡਾਲਰ ਦੀ ਰਕਮ ਹੀ ਇੱਕਠੀ ਹੋਈ ਹੈ। ਦੂਜੇ ਪਾਸੇ ਜੇ ਨਜ਼ਰ ਮਾਰੀਏ ਤਾਂ ਦੁਨੀਆਂ ਦਾ ਭਾਰਤੀ ਮੂਲ ਦਾ ਅਰਬਪਤੀ ਆਪਣੀ ਪਤਨੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤੀਹ ਕਰੋੜ ਦੀ ਕੀਮਤ ਦੀ ਹੀਰਿਆਂ ਨਾਲ ਸਜੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਭੇਂਟ ਕਰ ਰਿਹਾ ਹੈ। ਜਦਕਿ ਇਸੇ ਭਾਰਤ ਦੇ ਕੰਢੇ ਨਿਪਾਲ ਵਰਗੇ ਦੇਸ਼ ਕੋਲ ਮੁੜ ਪੈਰਾਂ ਤੇ ਖੜਨ ਲਈ ਲੋੜੀਂਦੀ ਰਾਸ਼ੀ ਵੀ ਇੱਕਠੀ ਕਰਨੀ ਪਹੁੰਚ ਤੋਂ ਬਾਹਰ ਹੋਈ ਪਈ ਹੈ। ਇਸੇ ਸਮਾਜ ਦੇ ਅੰਤਰ ਕਰਕੇ ਪਿਛਲੇ ਪੰਜਾਹ ਸਾਲਾਂ ਤੋਂ ਭਾਰਤ ਦੇ ਪੁਰਾਤਨ ਕਬੀਲਾ ਨਿਵਾਸੀ ਜਿਨਾਂ ਨੂੰ ਮਾਓਵਾਦੀ ਵੀ ਕਿਹਾ ਜਾਂਦਾ ਹੈ ਉਹ ਆਪਣੀ ਜਾਨਮਾਲ ਤੇ ਪੂੰਜੀ ਦੀ ਰੱਖਿਆ ਲਈ ਇਹਨਾਂ ਪੂੰਜੀਵਾਦੀਆਂ ਵਿਰੁੱਧ ਭਾਰਤ ਅੰਦਰ ਹਥਿਆਰਬੰਦ ਲੜਾਈ ਲੜ ਰਹੇ ਹਨ। ਇਹ ਕਬੀਲੇ ਨਿਵਾਸੀ ਜਿਹੜੀਆਂ ਥਾਵਾਂ ਤੇ ਰਹਿ ਰਹੇ ਹਨ ਉਥੇ ਦਹਾਕਿਆਂ ਤੋਂ ਕਦੀ ਸਰਕਾਰ ਦਾ ਕੋਈ ਪ੍ਰਤੀਨਿਧ ਇਹਨਾਂ ਦੀਆਂ ਮੁਢਲੀਆਂ ਜਰੂਰਤਾ ਬਾਰੇ ਪਤਾ ਲਾਉਣ ਅਤੇ ਜਨਸੰਖਿਆ ਦਾ ਪਤਾ ਲਾਉਣ ਲਈ ਵੀ ਨਹੀਂ ਪਹੁੰਚਿਆ ਇਸੇ ਲਈ ਇਹਨਾਂ ਨੇ ਆਪਣੇ ਆਪ ਨੂੰ ਭਾਰਤ ਦੀ ਸ਼ਾਸਨ ਪ੍ਰਣਾਲੀ ਵਿੱਚ ਸ਼ਾਮਲ ਹੀ ਨਹੀਂ ਕੀਤਾ। ਇਹਨਾਂ ਲੋਕਾਂ ਨੇ ਕਦੀ ਬਿਜਲੀ ਤੇ ਟੀ.ਵੀ ਵਰਗੀਆਂ ਸਹੂਲਤਾਂ ਦੇ ਦਰਸ਼ਨ ਵੀ ਨਹੀਂ ਕੀਤੇ। ਇਹਨਾਂ ਕੋਲ ਭਾਰਤ ਦੀ ਅਜਿਹੀ ਜ਼ਮੀਨ ਹੈ ਜੋ ਕੁਦਰਤੀ ਸੋਮਿਆਂ ਨਾਲ ਭਰੀ ਹੋਈ ਹੈ ਪਰ ਇਹਨਾਂ ਦੀ ਝੋਲੀ ਖਾਲੀ ਹੈ। ਇਸੇ ਤਰ੍ਹਾਂ ਅੱਜ ਭਾਰਤ ਵਿੱਚ ਅੰਨਦਾਤਾ ਕਿਸਾਨ ਅਤੇ ਕਿਸਾਨੀ ਮਜ਼ਦੂਰ ਦੀ ਇਹ ਦਿਸ਼ਾ ਹੈ ਕਿ ਹਰ ਇੱਕ ਘੱਟੇ ਵਿੱਚ ਭਾਰਤ ਅੰਦਰ ਦੋ ਕਿਸਾਨ ਜਾਂ ਮਜ਼ਦੂਰ ਖੁਦਕਸ਼ੀ ਕਰਨ ਲਈ ਮਜ਼ਬੂਰ ਹਨ। ਇਹ ਘਟਨਾਵਾਂ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਵਾਪਰ ਰਹੀਆਂ ਹਨ। ਪੰਜਾਬ ਵਿੱਚ ਵੀ ਕਿਸਾਨ ਦੀ ਦੁਰਦਸ਼ਾ ਬਾਰੇ ਪੰਜਾਬੀ ਦੇ ਮੁੱਖ ਅਖਬਾਰ ਨੇ ਪੰਜਾਬ ਦੀ ਕਿਸਾਨੀ ਦਾ ਸਰਵੇਖਣ ਕਰਨ ਤੋਂ ਬਾਅਦ ਆਪਣੇ ਮੁੱਖ ਪੰਨੇ ਤੇ ਇਹ ਸੁਰਖੀ ਲਾਈ ਹੈ ਕਿ “ਕਿਸਾਨ ਖੁਦਕਸ਼ਨੀਆਂ ਨੇ ਰੋਲ ਕੇ ਰੱਖ ਦਿੱਤੇ ਪੰਜਾਬ ਦੇ ਪਿੰਡ”। ਫਸਲਾਂ ਦੀ ਬਰਬਾਦੀ ਤੇ ਕਰਜੇ ਦੀ ਵੱਧ ਰਹੀਂ ਪੰਡ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਿਵਿਆਂ ਵਿੱਚ ਧੱਕ ਚੁੱਕੀ ਹੈ। ਇਹ ਸਿਰਫ ਕੁਝ ਮਹੀਨਿਆਂ ਦੀ ਪੰਜਾਬ ਦੀ ਕਿਸਾਨੀ ਦੀ ਇੱਕ ਝਲਕ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਆਪ ਇੱਕ ਕਿਸਾਨ ਹੋਣ ਦੇ ਨਾਤੇ ਆਪਣੀ ਫਿਕਰਮੰਦੀ ਕਿਸਾਨੀ ਦੀ ਦੁਰਦਸ਼ਾ ਬਾਰੇ ਜਤਾ ਰਹੇ ਹਨ ਅਤੇ ਇਹ ਦਾਅਵਾ ਵੀ ਕਰ ਰਹੇ ਹਨ ਕਿ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਸਿਵਿਆਂ ਦੀ ਭੇਂਟ ਚੜੇ ਕਿਸਾਨਾਂ ਤੇ ਮਜਦੂਰਾਂ ਲਈ ੯੦ ਕਰੋੜ ਰੁਪਏ ਦੀ ਰਕਮ ਸਹਾਇਤਾ ਵਜੋਂ ਵੰਡੀ ਹੈ। ਦੂਜੇ ਪਾਸੇ ਸਿਵਿਆਂ ਦੀ ਭੇਂਟ ਚੜੇ ਇਹਨਾਂ ਪਰਿਵਾਰਾਂ ਦੇ ਜੀਅ ਇਸ ਸਹਾਇਤਾ ਦੀ ਉਮੀਦ ਤੇ ਬੈਠੇ ਹਨ ਅਤੇ ਮਜਬੂਰੀ ਵੱਸ ਜਿੰਦਗੀ ਨੂੰ ਅਲਵਿਦਾ ਕਹਿ ਰਹੇ ਹਨ। ਪੰਜਾਬ ਦੀ ਕਿਸਾਨੀ ਦਾ ਇਕੋ ਇੱਕ ਹੱਲ ਤੇ ਦੁਨੀਆਂ ਵਿੱਚ ਵੱਖ-ਵੱਖ ਥਾਵਾਂ ਤੇ ਵੱਧ ਰਹੀ ਮਨੁੱਖੀ ਤਰਾਸਦੀ ਨੂੰ ਸੁਲਝਾਉਣ ਲਈ ਅੱਜ ਦੁਨੀਆਂ ਦੀ ਰਾਜ ਕਰ ਰਹੀ ਪ੍ਰਤੀਨਿਧ ਜਮਾਤ ਨੂੰ ਪੂੰਜੀਵਾਦ ਤੇ ਸਮਾਜਕ ਬਰਾਬਰੀ ਦੇ ਵਿਚਾਲੇ ਨਵੀਂ ਸਮਝ ਤੇ ਸੰਕਲਪ ਅਪਨਾਉਣ ਦੀ ਜਰੂਰਤ ਹੈ।