ਵੈਸੇ ਤਾਂ ਸਿੱਖ ਪੰਥ ਲਈ ਹਮੇਸ਼ਾ ਹੀ ਜਾਗਣ ਦਾ ਵੇਲਾ ਰਿਹਾ ਹੈ। ਇਤਿਹਾਸ ਨੇ ਸ਼ਾਇਦ ਸਿੱਖਾਂ ਨੂੰ ਜਾਗਦੇ ਰਹਿਣਲਈ ਹੀ ਸਿਰਜਿਆ ਹੈ। ਗੁਰੂ ਨੇ ਸਾਨੂੰ ਜਾਗਦੀਆਂ ਰੂਹਾਂ ਵਾਲੇ ਇਨਸਾਨ ਬਣਾਇਆ ਸੀ। ਦਸਮ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸੇ ਨੂੰ ਆਤਮਿਕ ਤੌਰ ਤੇ ਜਾਗਦੇ ਰਹਿਣ ਦੀ ਪ੍ਰੇਰਨਾ ਅਤੇ ਸੂਝ ਬਖਸ਼ੀ। ਗੁਰੂ ਪਿਤਾ ਦੀਆਂ ਅਪਾਰ ਬਖਸ਼ਿਸ਼ਾਂ ਸਦਕਾ ਖਾਲਸਾ ਸਦਾ ਹੀ ਜਾਗਦਾ ਰਿਹਾ। ਕਦੇ ਘੋੜਿਆਂ ਦੀਆਂ ਕਾਠੀਆਂ ਤੇ, ਕਦੇ ਤਸ਼ੱਦਦ ਕੇਂਦਰਾਂ ਵਿੱਚ, ਕਦੇ ਕਾਲ ਕੋਠੜੀਆਂ ਵਿੱਚ ਅਤੇ ਕਦੇ ਸ਼ਹਾਦਤ ਦੇ ਅਨਮੋਲ ਪਲਾਂ ਵਿੱਚ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਜਿਨ੍ਹਾਂ ਦਾ ਸ਼ਹੀਦੀ ਪੁਰਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਅਸੀਂ ਮਨਾ ਰਹੇ ਹਾਂ- ਸਿੱਖੀ ਦੀਆਂ ਜਾਗਦੀਆਂ ਰੂਹਾਂ ਦੀ ਬਲਦੀ ਜੋਤ ਸਮਾਨ ਹੀ ਸਨ। ਉਨ੍ਹਾਂ ਮਹਾਨ ਸ਼ਹੀਦਾਂ ਨੇ ਆਪਣਾ ਜੀਵਨ ਗੁਰੂ ਦੇ ਸਨਮੁਖ ਅਰਪਿਤ ਕਰਕੇ ਸਿੱਖਾਂ ਨੂੰ ਹਰ ਜੁਲਮ ਸਬੰਧੀ ਜਾਗਦੇ ਰਹਿਣ ਦਾ ਸੰਦੇਸ਼ ਦਿੱਤਾ ਸੀ।

ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਨਾਲ ਮਨੁਖਤਾ ਦੀ ਅਜ਼ਮਤ ਦੀ ਰਾਖੀਲਈ ਸ਼ਹੀਦ ਹੋਏ ਗੁਰਮੁਖਾਂ ਦੀ ਯਾਦ ਮਨਾ ਰਹੇ ਹਾਂ ਉਸ ਵੇਲੇ ਇੱਕ ਨਵੀਂ ਕਿਸਮ ਦੇ ਜੁਲਮ ਦੀਆਂ ਕਾਲੀਆਂ ਘਟਾਵਾਂ ਸਿੱਖ ਪੰਥ ਦੇ ਦਿੱਸਹੱਦਿਆਂ ਤੇ ਚੜ੍ਹੀਆਂ ਮਹਿਸੂਸ ਹੋ ਰਹੀਆਂ ਹਨ। ਸਿੱਖੀ ਦੀ ਹਰੀ ਕਚੂਰ ਭਾਵਨਾ ਅਤੇ ਇਸਦੇ ਰੁਹਾਨੀ ਜਲੌਅ ਨੂੰ ਚੁਣੌਤੀ ਦੇਣਲਈ ਹਮੇਸ਼ਾ ਦੀ ਤਰ੍ਹਾਂ ਉਸੇ ਥਾਂ ਤੋਂਲਹਿਰਾਂ ਉੱਠ ਰਹੀਆਂ ਹਨ ਜਿਸ ਥਾਂ ਅਤੇ ਕੌਮ ਦੀ ਅਜ਼ਮਤ ਬਚਾਉਣਲਈ ਨੌਵੇਂ ਗੁਰਦੇਵ ਨੇ ਆਪਾ ਕੁਰਬਾਨ ਕਰ ਦਿੱਤਾ ਸੀ। ਸੱਤਾ ਦੇ ਘੋੜੇ ਤੇ ਸਵਾਰ ਹੋਏ ਕੁਝ ਭੁੱਲੜ ਸੱਜਣ ਰਾਜਭਾਗ ਦੇ ਨਸ਼ੇ ਵਿੱਚ ਇੱੱਕ ਵਾਰ ਫਿਰ ਸਿੱਖ ਪੰਥ ਦੀ ਅਜ਼ਾਦ ਹਸਤੀ ਅਤੇ ਮੌਲਿਕ ਸਰੂਪ ਨੂੰ ਚੁਣੌਤੀ ਦੇਣ ਦੇ ਯਤਨਾਂ ਵਿੱਚ ਹਨ।

ਪੰਜਾਬ ਦੇ ਕਈ ਭਾਗਾਂ ਵਿੱਚ ਜੰਗੀ ਮਸ਼ਕਾਂ ਕਰਨ ਤੋਂ ਬਾਅਦ ਹੁਣ ਉਨ੍ਹਾਂ ਸੱਜਣਾਂ ਨੇ ਸਰਕਾਰ ਦੇ ਜਬਰ ਨੂੰ ਆਪਣੀ ਢਾਲ ਬਣਾ ਕੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਸਿੱਖਾਂ ਦੀ ਨਿਆਰੀ ਹਸਤੀ ਨੂੰ ਖੋਰਾ ਲਾਉਣ ਦੇ ਯਤਨਾਂ ਵਿੱਚ ਸਰਗਰਮ ਗੁਰੂਡੰਮ ਦੀ ਖੁਲ਼੍ਹਮ-ਖੁੱਲ਼ੀ੍ਹ ਹਮਾਇਤ ਕਰਕੇ ਕੁਝ ਸੰਸਥਾਵਾਂ ਅਤੇ ਸੱਜਣਾਂ ਨੇ ਆਪਣੇ ਮਨ ਦੀਆਂ ਸਾਰੀਆਂ ਗੰਢਾਂ ਖੋਲ਼੍ਹ ਦਿੱਤੀਆਂ ਹਨ। ਬਹੁਤ ਹੀ ‘ਸਲੀਕੇ ਵਾਲੀ’ ਭਾਸ਼ਾ ਵਿੱਚ ਕਨੂੰਨ ਅਤੇ ਜਮਹੂਰੀਅਤ ਦਾ ਸਹਾਰਾ ਲੈ ਕੇ ਕੀਤੇ ਗਏ ਇਸ ਤਾਜ਼ਾ ਵਾਰ ਨੇ ਸਿੱਖੀ ਨਾਲ ਵਧਵਾਂਲਗਾਅ ਰੱਖਣ ਦਾ ਸਵਾਂਗ ਕਰ ਰਹੇ ਇਨ੍ਹਾਂ ਵੀਰਾਂ ਦੇ ਅਸਲ ਮਨਸ਼ੇ ਜੱਗ ਜਾਹਰ ਕਰ ਦਿੱਤੇ ਹਨ। ਡੇਰਾਵਾਦ ਦੀ ਹਮਾਇਤਲਗਾਤਾਰ ਡੇਰਿਆਂ ਦੇ ਗੇੜੇ ਅਤੇ ਸਿੱਖਾਂ ਨੂੰ ਵੱਡੇ ਹਿੰਦੂ ‘ਪਰਿਵਾਰ’ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸਾਂ ਦੇ ਤਾਜ਼ਾ ਯਤਨਾਂ ਨੇ ਆਉਣ ਵਾਲੇ ਸਾਲਾਂਲਈ ਇਨ੍ਹਾਂ ਸੱਤਾਧਾਰੀ ਵੀਰਾਂ ਦੇ ਮਨਸ਼ੇ ਜੱਗ ਜਾਹਰ ਕਰ ਦਿੱਤੇ ਹਨ।

ਇਨ੍ਹਾਂ ਤੇਜ਼ ਹੋਈਆਂ ਕੋਸ਼ਿਸ਼ਾਂ ਦੇ ਸਨਮੁੱਖ ਇਹ ਆਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਕਈ ਸਾਲ ਸਿੱਖ ਪੰਥਲਈ ਕਾਫੀ ਦੁਖਦਾਈ ਅਤੇ ਦਰਦਮੰਦ ਹੋ ਸਕਦੇ ਹਨ। ਜਿਸ ਕਿਸਮ ਦੀ ਇਨ੍ਹਾਂ ਸੱਜਣਾਂ ਦੀ ਪਹੁੰਚ ਅਤੇ ਕਾਬਲੀਅਤ ਹੈ ਉਸ ਦੇ ਮੱਦੇਨਜ਼ਰ ਸਾਨੂੰ ਅਗਲੀਆਂ ਸਿੱਖ ਪੀੜ੍ਹੀਆਂ ਦਾ ਭਵਿੱਖ ਕਾਫੀ ਦਰਦਾਂ ਭਰਿਆ ਨਜ਼ਰ ਆ ਰਿਹਾ ਹੈ। ਸਿੱਖਾਂ ਸਾਹਮਣੇ ਦੋ ਹੀ ਰਾਹ ਬਚਦੇ ਨਜ਼ਰ ਆ ਰਹੇ ਹਨ ਇੱਕ ਤਾਂ ਆਪਣੇ ਨਿਆਰੇਪਣ ਦਾ ਮਾਣ ਛੱਡਕੇ ਸਿਰ ਸੁਟੱਕੇ ਮਾਨਸਿਕ ਗੁਲਾਮੀ ਕਬੂਲ ਕਰਨ ਦਾ ਅਤੇ ਦੂਜਾ ਇੱਕ ਵਾਰ ਫਿਰ ਜੁਲਮ ਦੇ ਤੇਜ਼ ਝੱਖੜਾਂ ਦਾ ਸਾਹਮਣਾਂ ਕਰਨ ਦਾ। ਹੁਣ ਜਦੋਂ ਕੇਂਦਰ ਦੀ ਸਰਕਾਰ, ਫੌਜ, ਪੁਲਿਸ ਅਤੇ ਮਾਨਸਿਕ ਤੌਰ ਤੇ ਗੁਲਾਮ ਹੋਈ ਕਮਜ਼ੋਰ ਸਿੱਖ ਲੀਡਰਸ਼ਿੱਪ ਸਾਰੇ ਉਨ੍ਹਾਂ ਦੇ ਨਾਲ ਹਨ ਇਸ ਸਥਿਤੀ ਵਿੱਚ ਸਿੱਖ ਬੱਚੇ ਬੱਚੀਆਂ ਦੀ ਤਕਦੀਰ ਵਿੱਚ ਕਾਫੀ ਵੱਡੇ ਦਰਦ ਦੇ ਸਮੁੰਦਰ ਸਾਹਮਣੇ ਨਜ਼ਰ ਆ ਰਹੇ ਹਨ। ਉਹ ਕੀ ਕਰਨਗੇ, ਕਿਵੇ ਕਰਨਗੇ ਅਤੇ ਕਦੋਂ ਕਰਨਗੇ ਇਹ ਗੱਲਾਂ ਬਹੁਤ ਨਿਗੂਣੀਆਂ ਹਨ। ਸਿੱਖ ਪੰਥ ਦੇ ਦਰਦਮੰਦ ਹਿੱਸਿਆਂ ਸਾਹਮਣੇ ਆਪਣੀ ਭਵਿੱਖ ਦੀ ਪੀੜ੍ਹੀ ਅਤੇ ਆਪਣੇ ਰੁਹਾਨੀਅਤ ਨਾਲ ਭਰਪੂਰ ਸ਼ਾਨਾਮੱਤੇ ਇਤਿਹਾਸ ਨੂੰ ਬਚਾ ਕੇ ਰੱਖਣ ਦਾ ਸੁਆਲ ਬਹੁਤ ਮਹੱਤਵਪੂਰਨ ਹੋਵੇਗਾ।

ਜਦੋਂ ਇਲੀਟ ਉਚ ਜਾਤੀ ਵਰਗ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਦੇ ਝੰਡੇ ਚੁੱਕ ਕੇ ਸਾਰੀਆਂ ਭਿੰਨਤਾਵਾਂ ਦੇ ਖਿਲਾਫ ਬੌਧਿਕ ਮੋਰਚੇ ਮੱਲ ਰਿਹਾ ਹੈ। ਜਦੋਂ ਜਵਾਹਰ ਲਾਲ ਨਹਿਰੂ ਦੀ ‘ਧਰਮਨਿਰਪੱਖਤਾ’ ਖਿਲਾਫ ਵੀਰ ਸੰਘਵੀ ਵਰਗੇ ਸੱਜਣ ਮੈਦਾਨ ਵਿੱਚ ਨਿੱਤਰ ਰਹੇ ਹਨ ਉਸ ਸਥਿਤੀ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ, ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਵੀ ਬਹੁਤ ਵੱਡ ਹਮਲੇ ਦੀ ਜਲਦ ਉਮੀਦ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿੱਚ ਵੱਡਾ ਸੁਆਲ ਇਹ ਹੋਵੇਗਾ ਕਿ ਕੀ ਹਿੰਦੂ ਰਾਸ਼ਟਰਵਾਦੀਆਂ ਦੇ ਉਸ ਬਹੁ-ਦਿਸ਼ਾਵੀ ਹਮਲੇ ਦੇ ਟਾਕਰੇਲਈ ਸਿੱਖ ਬੌਧਿਕ ਤੌਰ ਤੇ ਤਿਆਰ ਹਨ। ਕੀ ਸਿੱਖ ਪੰਥ ਆਪਣੇ ਰੁਹਾਨੀ ਰਹਿਬਰਾਂ ਦੀ ਛਾਂ ਵਿੱਚ ਪਲਕੇ ਅਜਿਹਾ ਜੀਵਨ ਮਾਡਲ ਤਿਆਰ ਕਰ ਸਕਿਆ ਹੈ ਜੋ ਉਸ ਤੇ ਹੋਣ ਵਾਲੇ ਹਰ ਬੌਧਿਕ ਹਮਲੇ ਦਾ ਬਹੁਤ ਹੀ ਸਹਿਜ ਅਤੇ ਸਿਰਲੱਥਤਾ ਨਾਲ ਜੁਆਬ ਦੇ ਸਕੇ?

ਸਿੱਖਾਂ ਦੀ ਰਾਜਸੀ ਲੀਡਰਸ਼ਿੱਪ ਵੱਲ ਸਾਡੀ ਕੋਈ ਝਾਕ ਨਹੀ ਹੈ ਅਤੇ ਨਾ ਹੀ ਹੋਣੀ ਚਾਹੀਦੀ ਹੈ ਕਿਉਂਕ ਭਵਿੱਖ ਦੀ ਜੰਗ ਉੱਚੇ ਕਿਰਦਾਰ ਵਾਲੇ ਰੁਹਾਨੀ ਰਹਿਬਰਾਂ ਦੀ ਜਾਗਦੀ ਰੂਹ ਨੇਲੜਨੀ ਹੈ। ਅਜਿਹੀਆਂ ਰੂਹਾਂ ਨੇ ਹੀ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਨੂੰ ਆਪਣੀ ਅਧਿਆਤਮਕ ਛਾਂ ਨਾਲ ਬੌਧਿਕ ਅਤੇ ਨੈਤਿਕ ਖੇੜਾ ਬਖਸ਼ਣਾਂ ਹੈ।

ਸਿੱਖ ਪੰਥ ਦੇ ਸਾਰੇ ਦਰਦਮੰਦ ਹਿੱਸਿਆਂ ਨੂੰ ੨੧ਵੀਂ ਸਦੀ ਵਿੱਚ ਉਸ ਦੀ ਹੋਂਦ ਅਤੇ ਹਸਤੀ ਤੇ ਹੋਣ ਵਾਲੇ ਸਭ ਤੋਂ ਵੱਡੇ ਅਤੇ ਫੈਸਲਾਕੁੰਨ ਵਾਰਲਈ ਗੁਰੂ ਪਿਤਾ ਤੋਂ ਬਖਸ਼ਿਸ਼ ਹਾਸਲ ਕਰਕੇ ਤਿਆਰ ਰਹਿਣਾਂ ਚਾਹੀਦਾ ਹੈ। ਸਾਡਾ ਮੰਨਣਾਂ ਹੈ ਕਿ ਜੇ ਸਿੱਖ ਆਪਣੇ ਗੁਰੂ ਨਾਲ ਪ੍ਰੀਤ ਪੀਢੀ ਕਰਕੇ ਚੱਲਣਗੇ ਤਾਂ ਗੁਰੂ ਸਾਹਿਬ ਵੀ ਇਸ ਦਰਦਨਾਕ ਦੌਰ ਵਿੱਚ ਕੌਮ ਦਾ ਸਾਥ ਦੇਣਗੇ।

ਸਿੱਖਾਂ ਲਈ ਹੁਣ ਜਾਗਣ ਦਾ ਵੇਲਾ ਹੈ।