ਭਾਰਤ ਦੇਸ ਵਿੱਚ ਅਜ਼ਾਦੀ ਦੇ ਸੰਘਰਸ਼ ਪ੍ਰਤੀ ੬੬ ਸਾਲਾਂ ਬਾਅਦ ਵੀ ਇਹ ਦਾਅਵਾ ਕਰਨਾ ਕੋਈ ਬਹੁਤਾ ਔਖਾ ਨਹੀਂ ਕਿ ਅਜ਼ਾਦੀ ਦੇ ਸੰਘਰਸ਼ ਪ੍ਰਤੀ ਅੱਡ-ਅੱਡ ਸ਼ਖਸ਼ੀਅਤਾਂ ਅਤੇ ਰਾਜਨੀਤਿਕ ਸੰਘਰਸ਼ਸ਼ੀਲ ਪਾਰਟੀਆਂ ਵਿਚੋਂ ਕਿਸਦਾ ਵੱਡਮੁੱਲਾ ਅਤੇ ਜ਼ਿਆਦਾ ਚਰਚਿਤ ਭੂਮਿਕਾ ਹੈ। ਹੁਣ ਤੋਂ ਕੁਝ ਦਿਨ ਪਹਿਲਾਂ ਇਹਨਾਂ ਹੀ ਅਜ਼ਾਦੀ ਪੱਖੀ ਸਖਸ਼ੀਅਤਾਂ ਵਿਚੋਂ ਇੱਕ ਸ਼ਖਸ਼ੀਅਤ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੀ ੮੪ਵੀਂ ਵਰੇਗੰਡ ਸੱਤਾ ਪਾਰਟੀ ਵੱਲੋਂ ਮਨਾਈ ਗਈ ਹੈ। ਸਦਾ ਵਾਂਗ ਸੱਤਾ ਤੇ ਕਾਬਜ਼ ਭਾਰਤੀ ਰਾਜਨੀਤਿਕ ਲੀਡਰ ਉਨਾਂ ਦੀ ਸਸਕਾਰ ਵਾਲੀ ਭੂਮੀ ਤੇ ਫੁੱਲ ਚੜ੍ਹਾ ਕਿ ਸਦਾ ਇਹੀ ਸੰਕਲਪ ਜਨਤਾ ਨੂੰ ਦਰਸਾਉਂਦੇ ਹਨ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਸੁਪਨੇ ਭਾਰਤ ਦੀ ਅਜਾਦੀ ਦੇ ੬੬ ਸਾਲਾਂ ਬਾਅਦ ਵੀ ਅਜੇ ਅਧੂਰੇ ਹਨ ਅਤੇ ਉਹਨਾਂ ਨੂੰ ਪੂਰੇ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਕਦੇ ਇਹ ਨਹੀਂ ਦੱਸਿਆ ਗਿਆ ਕਿ ਭਗਤ ਸਿੰਘ ਦੀ ਸੋਚ ਇਨਕਲਾਬ ਜਿੰਦਾਬਾਦ ਤੱਕ ਹੀ ਸੀਮਤ ਨਹੀਂ ਸੀ। ਸਗੋਂ ਉਸਦਾ ਸੁਪਨਾ ਸਮਾਨਤਾ ਭਰਪੂਰ ਸਮਾਜਵਾਦੀ ਰਾਜਨੀਤਿਕ ਪ੍ਰਣਾਲੀ ਦਾ ਹੋਂਦ ਵਿੱਚ ਆਉਣਾ ਅੱਜ ਦੇ ਦਿਨ ਵਿੱਚ ਕੀ ਅਰਥ ਰੱਖਦਾ ਹੈ। ਜਦੋਂ ਕਿ ਅੱਜ ਦਾ ਭਾਰਤ ਅਜਿਹੀਆਂ ਨੀਹਾਂ ਤੇ ਖੜਾ ਹੈ ਜਿਸ ਵਿੱਚ ਸਿਰਫ ੧੫ ਪ੍ਰਤੀਸ਼ਤ ਲੋਕ ਹੀ ਭਾਰਤ ਦੀ ਆਰਥਿਕਤਾ ਤੇ ਕਾਬਜ਼ ਹਨ ਅਤੇ ਦਿਨ ਪ੍ਰਤੀ ਦਿਨ ਇਹ ਗੱਠਜੋੜ ਇੰਨਾਂ ਮਜਬੂਤ ਹੋ ਰਿਹਾ ਹੈ ਕਿ ਅੱਜ ਦੀ ਰਾਜਨੀਤਿਕ ਪ੍ਰਣਾਲੀ ਨਾਲ ਰਲ ਕੇ ਸ਼ਹੀਦ ਭਗਤ ਸਿੰਘ ਦੀ ਸੋਚ ਸਮਾਜਵਾਦੀ ਸਮਾਨਤਾ ਸੁੰਗੜ ਕੇ ਇਹ ਦਰਸਾ ਰਹੀ ਹੈ ਕਿ ਭਾਰਤ ਦੇ ੮੫ ਫੀਸਦੀ ਲੋਕ ਆਰਥਿਕ ਪੱਖੋਂ ਆਪਣੀ ਰੋਜ਼ਮਰਾ ਜਿੰਦਗੀ ਨੂੰ ਪੈਰਾਂ ਤੇ ਖੜੇ ਰੱਖਣ ਤੋਂ ਵੀ ਲਾਚਾਰ ਹਨ ਅਤੇ ਉਨਾਂ ਨੂੰ ਘੱਟ ਕੀਮਤਾਂ ਅਤੇ ਕਾਫੀ ਹੱਦ ਤੱਕ ਦਾਲਾਂ ਆਟੇ ਦੇ ਮੁਫਤ ਵੰਡੇ ਜਾਣ ਦੇ ਲਾਰਿਆ ਰਾਹੀਂ ਉਨਾਂ ਦੀ ਸੋਚ, ਸਮਝ ਸ਼ਕਤੀ ਤੋਂ ਸਿਵਾ ਦੋ ਵਕਤ ਦੀ ਰੋਟੀ ਹੀ ਮੁੱਖ ਉਦੇਸ਼ ਹੈ। ੧੫ ਅਗਸਤ ੨੦੧੦ ਨੂੰ ਭਾਰਤ ਦੇ ਇੱਕ ਨਾਮੀਂ ਅਖਬਾਰ ‘ਟਾਂਈਮਜ’ ਨੇ ਅਜ਼ਾਦੀ ਦੇ ੬੩ ਸਾਲ ਪੂਰੇ ਹੋਣ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਭਾਰਤ ਦੀ ਅਜ਼ਾਦੀ ਦੇ ਆਦਰਸ਼ ਦੇ ਸੰਦਰਭ ਵਿੱਚ ਅਜੋਕੇ ਭਾਰਤ ਦੇ ਹਾਲਾਤ ਬਾਰੇ ਪ੍ਰਤੀਕਿਰਿਆਵਾਂ ਹਾਸਲ ਕੀਤੀਆਂ ਸਨ। ਇਸ ਵਿੱਚ ਇਹ ਵੀ ਸਵਾਲ ਸੀ ਕਿ ਉਹ ਦੇਸ਼ ਅਜ਼ਾਦੀ ਦੇ ਕਿਸ ਨਾਇਕ ਨੂੰ ਦੁਬਾਰਾ ਮਿਲਣਾ ਚਾਹੁਣਗੇ?

ਇਸ ਸਰਵੇਖਣ ਨੇ ਇਹ ਸਿੱਧ ਕੀਤਾ ਕਿ ਸਭ ਤੋਂ ਵੱਧ ਲੋਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸੇ ਤਰਾਂ ਕੁਝ ਸਮਾਂ ਪਹਿਲਾਂ ਭਾਰਤ ਦੇ ਮੁੱਖ ਸਰਕਾਰੀ ਬੈਂਕ ਜਿਸਨੂੰ ‘ਰਿਜ਼ਰਵ ਬੈਂਕ ਆਫ ਇੰਡੀਆ’ ਵੀ ਕਿਹਾ ਜਾਂਦਾ ਹੈ, ਨੇ ਲੋਕਾਂ ਪਾਸੋ ਜਾਣਨ ਲਈ ਇਹ ਸਵਾਲ ਕੀਤਾ ਸੀ ਕਿ ਭਾਰਤ ਦੀ ਰਾਸ਼ੀ ਦੇ ਨੋਟਾਂ ਤੇ ਗਾਂਧੀ ਤੋਂ ਇਲਾਵਾ ਦਸ ਹੋਰ ਕਿਹੜੀਆਂ ਕੌਮੀ ਸ਼ਖਸ਼ੀਅਤਾਂ ਦੀਆਂ ਤਸਵੀਰਾਂ ਛਾਪੀਆਂ ਜਾ ਸਕਦੀਆਂ ਹਨ, ਬਾਰੇ ਸੁਝਾਅ ਮੰਗੇ ਸਨ। ਇਸ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਕਿ ਅੱਜ ਵੀ ੭੧% ਲੋਕ ਗਾਂਧੀ ਦੀ ਫੋਟੋ ਦੀ ਬਜਾਇ ਸ਼ਹੀਦ ਭਗਤ ਸਿੰਘ ਦੀ ਫੋਟੋ ਭਾਰਤੀ ਰਾਸ਼ੀ ਦੇ ਨੋਟਾਂ ਤੇ ਦੇਖਣਾ ਲੋਚਦੇ ਹਨ। ਭਗਤ ਸਿੰਘ ਭਾਵੇਂ ਮੁਢਲੇ ਤੌਰ ਤੇ ਸਿੱਖ ਪਰਿਵਾਰ ਵਿੱਚ ਜਨਮਿਆ ਸੀ ਪਰ ਉਸ ਪਰਿਵਾਰ ਦਾ ਪਿਛੋਕੜ ਉਸ ਸਮੇਂ ਦੀ ਮੁੱਖ ਸਮਾਜ ਸੇਵੀ ਸੰਸਥਾ ਆਰੀਆ ਸਮਾਜ ਨਾਲ ਨੇੜਤਾ ਰੱਖਦਾ ਸੀ ਜਿਸਦਾ ਪ੍ਰਭਾਵ ਕੁਦਰਤੀ ਤੌਰ ਤੇ ਭਗਤ ਸਿੰਘ ਤੇ ਪੈਣਾ ਸੁਭਾਵਕ ਸੀ। ਉਸਦੀ ਸ਼ਹੀਦੀ ਤੋਂ ਬਾਅਦ ਇਹ ਵੀ ਗੱਲ ਪ੍ਰਚਲਤ ਹੋਈ ਹੈ ਕਿ ਭਗਤ ਸਿੰਘ ਨਾਸਤਿਕ ਵਿਰਤੀ ਦਾ ਮਾਲਕ ਸੀ। ਜਦਕਿ ਉਸਦੀਆਂ ਲਿਖਤਾਂ ਜੋ ਉਸਨੇ ਦੋ ਸਾਲਾਂ ਦੀ ਜੇਲ ਜਿੰਦਗੀ ਦੌਰਾਨ ਲੋਕਾਂ ਦੇ ਸਾਹਮਣੇ ਲਿਆਂਦੀਆਂ ਉਸ ਵਿਚ ਉਸਨੇ ਗਦਰੀ ਬਾਬਿਆਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਮੰਨਿਆ ਸੀ। ਇਹ ਸਾਰੀਆਂ ਸ਼ਖਸ਼ੀਅਤਾਂ ਸਿੱਖੀ ਦੇ ਵਿੱਚ ਪੂਰੀ ਤਰ੍ਹਾਂ ਵਿਸਵਾਸ਼ ਰੱਖਣ ਵਾਲੀਆ ਮਜਬੂਤ ਧਿਰਾਂ ਸਨ। ਸ਼ਹੀਦ ਭਗਤ ਸਿੰਘ ਦਾ ਅਜਾਦੀ ਦੇ ਸੰਘਰਸ਼ ਵਿੱਚ ਇਸ ਤਰਾਂ ਦਾ ਪ੍ਰਮੁੱਖ ਮਹਾਂਨਾਇਕ ਵਜੋਂ ਸਥਾਨ ਕਿਸੇ ਕਰਮਾ ਵਾਲੇ ਇਨਸਾਨ ਨੂੰ ਹੀ ਮਿਲਦਾ ਹੈ। ਭਾਵੇਂ ਕਿ ਇਸ ਅਜਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਊਧਮ ਸਿੰਘ ਵਰਗੇ ਵੀ ਮਹਾਨ ਅਤੇ ਕਾਬਿਲੇ ਤਾਰੀਫ ਸ਼ਖਸ਼ੀਅਤ ਹੋਏ ਹਨ। ਇਸ ਤਰਾਂ ਦੇ ਨਾਇਕ ਇੱਕ ਅਜਿਹੇ ਸਮਾਜ ਦਾ ਅੰਗ ਬਣ ਜਾਂਦੇ ਹਨ ਜਿਨਾਂ ਦੇ ਦਰਸਾਏ ਹੋਏ ਮਾਰਗ ਅਤੇ ਦ੍ਰਿੜਤਾ ਇੱਕ ਨਰੋਏ ਸਮਾਜ ਦੀਆਂ ਨੀਹਾਂ ਵਿੱਚ ਰੱਖੇ ਵੱਡੇ ਪੱਥਰਾਂ ਵਾਂਗ ਸਿੱਧ ਹੁੰਦੇ ਹਨ। ਜਿਨਾਂ ਦੇ ਸਹਾਰੇ ਕੱਚੀਆਂ ਕੰਧਾਂ ਭਾਵ ਅੱਜ ਦੇ ਰਾਜੀਨੀਤੀਵਾਨ ਵੀ ਇਹਨਾਂ ਨਾਇਕਾਂ ਦੇ ਸੁਪਨਿਆਂ ਅਤੇ ਸੋਚਾਂ ਦਾ ਸ਼ਬਦਾਵਲੀ ਸਹਾਰਾ ਲੈ ਕੇ ਵੱਖ-ਵੱਖ ਰੂਪਾਂ ਵਿੱਚ ਰਾਜ ਪ੍ਰਣਾਲੀ ਤੇ ਕਾਬਜ਼ ਹੁੰਦੇ ਹਨ। ਭਾਵੇਂ ਕਿ ਉਨਾਂ ਦੇ ਨਿੱਜੀ ਆਦਰਸ਼ ਸੋਚ ਤੇ ਆਸਾਵਾਂ ਇਹਨਾਂ ਨਾਇਕਾਂ ਦੇ ਬਣੇ ਯਾਦਗਾਰੀ ਚਿੰਨਾਂ ਤੇ ਸਾਲ ਬਾਅਦ ਬਰਸੀ ਦੇ ਰੂਪ ਵਿੱਚ ਫੁੱਲ ਪਾਉਣ ਤੱਕ ਹੀ ਸੀਮਤ ਹਨ ਅਤੇ ੮੫ ਫੀਸਦੀ ਭਾਰਤੀ ਜਨਸੰਖਿਆ ਨੂੰ ਇਨਾਂ ਨਾਇਕਾਂ ਦੀ ਸਮਾਨੰਤਰ ਰਾਜ ਪ੍ਰਣਾਲੀ ਅਤੇ ਰਾਜ-ਵਿਵਸਥਾ ਨੂੰ ਇਹ ਦਰਸਾ ਕੇ ਕਿ ਅੱਜ ਦੇ ਰਾਜੇ ਜੋ ਆਪਣੇ ਆਪ ਨੂੰ ਕੌਮੀ ਰਾਜਨੀਤਿਕ ਮਲਾਹ ਦੱਸਦੇ ਹਨ, ਉਹ ਇਸ ਵੱਡੀ ਜਨਸੰਖਿਆ ਨੂੰ ਸਿਰਫ ਰੋਟੀ ਪਾਣੀ ਅਤੇ ਇੱਕ ਛੱਤ ਦਾ ਆਸਰਾ ਦੇਣ ਦਾ ਲਾਰਾ ਲਾ ਕੇ ਲਾਚਾਰ ਅਤੇ ਵਿਚਾਰਹੀਣ ਹੀ ਰੱਖਣਾ ਚਾਹੁੰਦੇ ਹਨ। ਭਗਤ ਸਿੰਘ ਹੋਰਾਂ ਵਰਗੇ ਨਾਇਕ ਸਿੱਖਾਂ ਦੇ ਭਾਵੇਂ ਸ਼ਹਾਦਤ ਸ਼ਬਦ ਵਿੱਚ ਨਹੀਂ ਮੰਨੇ ਜਾਂਦੇ। ਕਿਉਂਕਿ ਇਹ ਸਿੱਖ ਸ਼ਹਾਦਤਾਂ ਨੂੰ ਰੁਤਬੇ ਵੰਡਣ ਵਾਲੇ ਆਪ ਵੀ ਉਹ ਸਖਸ਼ ਹਨ ਜੋ ਵਕਤ ਪਏ ਤੇ ਪੰਥ ਦੇ ਮੌਜੂਦਾ ਸਮੇਂ ਦੇ ਮਹਾਨ ਨਾਇਕ ਸੰਤ ਬਾਬਾ ਸ਼ਹੀਦ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਵੀ ਅੰਗਰੇਜ਼ਾਂ ਵਾਂਗ ਭਗਤ ਸਿੰਘ ਵਾਂਗੂੰ ਹਿੰਸਾਵਾਦੀ ਹੀ ਦਰਸਾਉਂਦੇ ਰਹੇ ਹਨ। ਪਰ ਕਿਉਂਕਿ ਮੈਂ ਆਪ ਖੁਦ ਜਦੋਂ ਹੁਣ ਮੌਜੂਦਾ ਸਿੱਖ ਸੰਘਰਸ਼ ਦਾ ਇੱਕ ਮਾਮੂਲੀ ਸਿਪਾਹੀ ਬਣਿਆ ਅਤੇ ਬਿੱਖਰੇ ਰਾਹਾਂ ਤੇ ਤੁਰਿਆ ਤਾਂ ਮੇਰੇ ਲਈ ਵੀ ਭਗਤ ਸਿੰਘ ਵਰਗੇ ਸ਼ਹੀਦ ਹੀ ਪ੍ਰੇਰਨਾ ਦਾ ਵੱਡਾ ਕਾਰਨ ਸਨ। ਇਸ ਤਰਾਂ ਦੇ ਨਾਇਕ ਹੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਅੱਡ-ਅੱਡ ਅਜ਼ਾਦੀ ਸੰਘਰਸ਼ਾਂ ਅਤੇ ਸਮਾਜਕ ਬਰਾਬਰੀ ਦੀ ਵਿਵਸਥਾ ਨੂੰ ਸਮਾਜ ਅੰਦਰ ਪ੍ਰਫੁੱਲਤ ਕਰਨ ਲਈ ਸਮਾਜ ਸਾਹਮਣੇ ਆਏ ਹਨ। ਇਨਾਂ ਦੀਆਂ ਭੂਮਿਕਾਵਾਂ ਨੇ ਹੀ ਸੰਸਾਰ ਅੰਦਰ ਅਜਿਹੀਆਂ ਪੈੜਾਂ ਛੱਡੀਆਂ ਹਨ ਕਿ ਅੱਜ ਦੁਨੀਆਂ ਭਾਵੇਂ ਧਰਮਾਂ ਦੇ ਨਾਮ ਹੇਠ ਅਤੇ ਆਪਣੀਆਂ ਬਹੁਕੌਮੀ ਕੰਪਨੀਆਂ ਦੇ ਸਰਮਾਏ ਨੂੰ ਵਧਾਉਣ ਦੇ ਦਬਾਅ ਹੇਠ ਆਪਸ ਵਿੱਚ ਲੋਕਾਂ ਨੂੰ ਬੁਰੀ ਤਰਾਂ ਜੰਗੀ ਰੂਪ ਵਿੱਚ ਉਲਝਾਈ ਬੈਠੀਆਂ ਹਨ ਅਤੇ ਅੱਜ ਦੁਨੀਆਂ ਮੁੜ ਤੋਂ ਕਿਸੇ ਸੰਸਾਰ ਰੂਪੀ ਬਹੁ-ਪੱਖੀ ਨਾਇਕ ਦੀ ਤਲਾਸ਼ ਵਿੱਚ ਹੈ ਜੋ ਸੰਸਾਰ ਨੂੰ ਨੈਲਸ਼ਨ ਮੰਡੇਲਾ ਜਾਂ ਸ਼ੇ ਗੁਬੇਰਾ ਵਰਗੇ ਰੂਪ ਵਿੱਚ ਸਾਹਮਣੇ ਆ ਕੇ ਦੁਨੀਆਂ ਨੂੰ ਬਿਖਰੇਵਿਆਂ ਵਿਚੋਂ ਕੱਢ ਸਕੇ ਅਤੇ ਭਗਤ ਸਿੰਘ ਵਰਗਿਆਂ ਦੇ ਸਮਾਜ ਰਾਜ ਪ੍ਰਣਾਲੀ ਵਾਲੇ ਨਿਜ਼ਾਮ ਨੂੰ ਦੁਨੀਆਂ ਦਾ ਆਦਰਸ਼ ਬਣਾ ਸਕੇ।